ਹਰਸਿਮਰਤ ਕੌਰ ਬਾਦਲ, ਸੀਨੀਅਰ ਅਕਾਲੀ ਆਗੂ ਮਾਨਸਾ: ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਆਪਣੇ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਸਰਦੂਲਗੜ੍ਹ ਦੇ ਪਿੰਡ ਝੰਡਾ ਕਲਾਂ, ਝੰਡਾ ਖੁਰਦ, ਮੀਰਪੁਰ ਖੁਰਦ ਸਮੇਤ ਅੱਧੇ ਦਰਜਨ ਦੇ ਕਰੀਬ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਕੇਂਦਰ ਦੀ ਬੀਜੇਪੀ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਉੱਤੇ ਤੰਜ ਕਸਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹਨਾਂ ਪਾਰਟੀਆਂ ਨੇ ਸਦਾ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ।
ਪੰਜਾਬ ਦੀ ਬੇਈਮਾਨ ਸਰਕਾਰ: ਹਰ ਵਾਰ ਪੰਜਾਬ ਦੇ ਹੱਕਾਂ ਨੂੰ ਅਣਦੇਖਿਆ ਕੀਤਾ ਹੈ। ਉਹਨਾਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਮੇਤ ਦੇਸ਼ ਦੇ ਅੰਨਦਾਤਾ ਨੇ ਜਿਹੜੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦੋ ਸਾਲ ਸੰਘਰਸ਼ ਕੀਤਾ ਅਤੇ 700 ਦੇ ਕਰੀਬ ਕਿਸਾਨਾਂ ਨੇ ਸ਼ਹਾਦਤ ਦਿੱਤੀ। ਅੱਜ ਉਹਨਾਂ ਕਾਲੇ ਕਾਨੂੰਨਾਂ ਨੂੰ ਪੰਜਾਬ ਦੀ ਬੇਈਮਾਨ ਸਰਕਾਰ ਨੇ 15 ਮਾਰਚ ਤੋਂ ਪੰਜਾਬ ਦੇ ਨੌ ਜ਼ਿਲ੍ਹਿਆਂ ਵਿੱਚ ਲਾਗੂ ਕਰ ਦਿੱਤਾ ਹੈ।
ਮਾਰੂ ਕਾਨੂੰਨ ਲਾਗੂ: ਕਣਕ ਦੀ ਫਸਲ ਖਰੀਦਣ ਦੇ ਲਈ ਕੇਂਦਰ ਬਣਾ ਦਿੱਤੇ ਗਏ ਹਨ। ਹੁਣ ਮੁੱਖ ਮੰਤਰੀ ਭਗਵੰਤ ਮਾਨ ਦੱਸਣ ਕਿ ਪੂੰਜੀਪਤੀਆਂ ਤੋਂ ਕਿਸ ਦਾ ਫਾਇਦਾ ਹੋਇਆ ਹੈ 'ਆਪ' ਨੇ ਇਹਨਾਂ ਪੂੰਜੀਪਤੀਆਂ ਤੋਂ ਕੀ ਪੈਸਾ ਲਿਆ ਹੈ। ਦੇਸ਼ ਦਾ ਅੰਨਦਾਤਾ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਸੰਘਰਸ਼ ਕਰਦਾ ਰਿਹਾ ਅਤੇ ਪੈਸੇ ਦੇ ਲਾਲਚ ਵਿੱਚ ਇਸ ਕਾਨੂੰਨ ਨੂੰ ਸਰਕਾਰ ਨੇ ਲਾਗੂ ਕਰ ਦਿੱਤਾ ਹੈ।
ਭ੍ਰਿਸ਼ਟਾਚਾਰੀ ਨੂੰ ਬਚਾਉਣ ਲਈ ਇਕੱਠੀਆਂ ਹੋਈਆਂ ਪਾਰਟੀਆਂ: ਹਰਸਿਮਰਤ ਕੌਰ ਬਾਦਲ ਨੇ ਅੱਗੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਹਰ ਰੋਜ਼ ਦਲ ਬਦਲਣ ਵਾਲੇ ਹੁਣ ਇੱਕਜੁੱਟ ਹਨ। ਦਿੱਲੀ ਦੀਆਂ ਸਾਰੀਆਂ ਹੀ ਪਾਰਟੀਆਂ ਇੱਕ ਦੂਸਰੇ ਨਾਲ ਮਿਲੀਆਂ ਹੋਈਆਂ ਹਨ ਅਤੇ ਇਹ ਲੋਕ ਪੰਜਾਬ ਵਿੱਚ ਵੋਟ ਬਟੋਰਨ ਦੇ ਲਈ ਮਖੌਟੇ ਪਹਿਨ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਇਹ ਲੋਕ ਪੰਜਾਬ ਨੂੰ ਲੁੱਟ ਰਹੇ ਹਨ। ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਭ੍ਰਿਸ਼ਟਾਚਾਰ ਵਿੱਚ ਅੰਦਰ ਹੋਏ ਕੇਜਰੀਵਾਲ ਨੂੰ ਛੱਡਣ ਦੇ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨਾਲ ਵੱਖ-ਵੱਖ ਪਾਰਟੀਆਂ ਨੇ ਦਿੱਲੀ ਵਿੱਚ ਧਰਨਾ ਦਿੱਤਾ ਹੈ।