ਹੈਦਰਾਬਾਦ ਡੈਸਕ: ਇਸ ਸਾਲ ਵੀ ਲੋਹੜੀ ਦੇ ਤਿਉਹਾਰ ਦਾ ਬੱਚਿਆਂ ਤੋਂ ਲੈ ਕੇ ਹਰ ਵਰਗ ਨੂੰ ਬੇਹਦ ਉਤਸ਼ਾਹ ਹੈ। ਬਜ਼ਾਰ ਮੂੰਗਫਲੀ, ਰੇਓੜੀਆਂ, ਤਿਲ ਅਤੇ ਮੂੰਗਫਲੀ ਆਦਿ ਨਾਲ ਸੱਜੇ ਹੋਏ ਹਨ। ਇਸ ਤੋਂ ਇਲਾਵਾ ਲੋਕਾਂ ਨੇ ਭਲਕੇ (14 ਜਨਵਰੀ) ਨੂੰ ਸੰਕ੍ਰਾਂਤੀ ਮਨਾਉਣ ਦੀ ਵੀ ਤਿਆਰੀ ਖਿੱਚ ਲਈ ਹੈ ਜਿਸ ਲਈ ਬਜ਼ਾਰਾਂ ਵਿੱਚ ਕਈ-ਕਈ ਫੁੱਟ ਲੰਮੇ-ਉੱਚੇ ਅਤੇ ਵੱਡੇ ਆਕਾਰ ਦੇ ਪਤੰਗ ਦੇਖੇ ਜਾ ਰਹੇ ਹਨ। ਅੱਜ ਲੋਹੜੀ ਦਾ ਤਿਉਹਾਰ ਹੈ, ਜਿਸ ਨੂੰ ਲੈ ਕੇ ਪੰਜਾਬ ਸਣੇ ਨਾਲ ਲੱਗਦੇ ਸੂਬਿਆਂ ਵਿੱਚ ਵੀ ਇਸ ਨੂੰ ਮਨਾਇਆ ਜਾਵੇਗਾ। ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਵੀ ਲੋਹੜੀ ਨੂੰ ਉੱਥੇ ਪੂਰੀ ਪਰੰਪਰਾ ਨਾਲ ਮਨਾਉਂਦੇ ਹਨ।
ਹੁਣ ਜੇਕਰ ਗੱਲ ਪਰੰਪਰਾ ਦੀ ਹੋਈ, ਤਾਂ ਤੁਸੀ ਵੀ ਬਚਪਨ ਤੋਂ ਹੀ ਇੱਕ ਗੀਤ ਗਾਉਂਦੇ ਤੇ ਸੁਣਦੇ ਆਏ ਹੋਵੋਗੇ- ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ, ਦੁੱਲਾ ਭੱਟੀ ਵਾਲਾ, ਦੁੱਲੇ ਦੀ ਧੀ ਵਿਆਹੀ, ਸੇਰ ਸੱਕਰ ਪਾਈ ... ਇਸ ਗੀਤ ਤੋਂ ਬਿਨਾਂ ਲੋਹੜੀ ਦਾ ਤਿਉਹਾਰ ਅਧੂਰਾ ਹੈ, ਪਰ ਇਹ ਸਵਾਲ ਜ਼ਰੂਰ ਮਨਾਂ ਵਿੱਚ ਆਉਂਦਾ ਆਖਿਰ ਦੁੱਲਾ ਭੱਟੀ ਵਾਲਾ ਕੌਣ ਹੈ। ਆਓ ਜਾਣਦੇ ਹਾਂ ਇਸ ਪਿੱਛੇ ਦਾ ਇਤਿਹਾਸ।
ਕੌਣ ਹੈ ਦੁੱਲਾ ਭੱਟੀ ਵਾਲਾ ?
ਲੋਹੜੀ ਦਾ ਇਤਿਹਾਸ ਦੁੱਲਾ ਭੱਟੀ ਦੀ ਕਹਾਣੀ ਨਾਲ ਵੀ ਜੁੜਿਆ ਹੋਇਆ ਹੈ। ਦੁੱਲਾ ਭੱਟੀ ਅਕਬਰ ਦੇ ਸ਼ਾਸ਼ਨਕਾਲ ਦੌਰਾਨ ਇੱਕ ਅਜਿਹਾ ਬਾਗ਼ੀ ਸੀ, ਜੋ ਕਿ ਅਮੀਰ ਲੋਕਾਂ ਦਾ ਮਾਲ ਲੁੱਟ ਕੇ ਗਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ। ਉਸ ਇਲਾਕੇ ਦੇ ਗਰੀਬ ਲੋਕ ਉਸ ਦੀ ਇਸ ਦਰਿਆ-ਦਿਲੀ ਦੇ ਕਾਇਲ ਸਨ। ਇਸ ਕਰ ਕੇ ਉਹ ਲੋਕ ਉਸ ਦਾ ਆਦਰ-ਸਤਿਕਾਰ ਤੇ ਉਸ ਨੂੰ ਪਿਆਰ ਵੀ ਕਰਦੇ ਸਨ। ਇੱਕ ਵਾਰ ਉਸ ਨੇ ਅਗਵਾਕਾਰਾਂ ਤੋਂ ਇੱਕ ਲੜਕੀ ਨੂੰ ਛੁਡਾਇਆ ਤੇ ਉਸ ਲੜਕੀ ਨੂੰ ਆਪਣੀ ਧਰਮ ਦੀ ਧੀ ਬਣਾ ਲਿਆ। ਜਦ ਦੁੱਲਾ-ਭੱਟੀ ਨੇ ਉਸ ਲੜਕੀ ਦਾ ਵਿਆਹ ਕੀਤਾ, ਤਾਂ ਉਸ ਨੇ ਉਸ ਦੇ ਵਿਆਹ ਵਿੱਚ ਤੋਹਫ਼ੇ ਦੇ ਤੌਰ ਉੱਤੇ ਸ਼ੱਕਰ ਪਾ ਦਿੱਤੀ ਸੀ।
ਲੋਕਧਾਰਾ ਮੁਤਾਬਕ, ਦੁੱਲੇ ਦੇ ਵੱਡ-ਵਡੇਰੇ ਮੂਲ ਰੂਪ ਵਿੱਚ ਰਾਜਸਥਾਨ ਦੇ ਜੈਸਲਮੇਰ ਖੇਤਰ ਦੇ ਵਸਨੀਕ ਸਨ। ਸੋਲਵੀਂ ਸਦੀ ਵਿਚ ਇਨ੍ਹਾਂ ਭੱਟੀ ਰਾਜਪੂਤਾਂ ਨੇ ਇਸਲਾਮ ਧਾਰਨ ਕਰ ਲਿਆ ਸੀ। ਇਸੇ ਕਰਕੇ ਉਨ੍ਹਾਂ ਨੂੰ ਰੇਗਿਸਤਾਨ ਤੋਂ ਪਲਾਇਨ ਕਰ ਕੇ ਪੰਜਾਬ ਵੱਲ ਕੂਚ ਕਰਨਾ ਪਿਆ ਸੀ।
ਇੱਕ ਹੋਰ ਲੋਕਧਾਰਾ ਮੁਤਾਬਕ, ਦੁੱਲਾ ਭੱਟੀ ਦਾ ਜਨਮ 16ਵੀਂ ਸ਼ਤਾਬਦੀ ਵਿੱਚ ਜ਼ਿਲ੍ਹਾ ਹਾਫਿਜ਼ਾਬਾਦ (ਹੁਣ ਪਾਕਿਸਤਾਨ ਵਿੱਚ) ਦੀ ਤਹਿਸੀਲ ਪਿੰਡੀ ਭੱਟੀਆ ਤੋਂ ਕੁਝ ਕੁ ਦੂਰੀ ’ਤੇ ਦਰਿਆ ਚਨਾਬ ਦੇ ਕਿਨਾਰੇ ਵੱਸੇ ਪਿੰਡ ਚੂਚਕ ਦੇ ਨੇੜੇ ਬਦਰ ਦੇ ਮੁਕਾਮ ’ਤੇ ਹੋਇਆ। ਦੁੱਲੇ ਭੱਟੀ ਦਾ ਪੂਰਾ ਨਾਂ ਰਾਏ ਅਬਦੁੱਲਾ ਭੱਟੀ ਸੀ, ਪਰ ਦੁੱਲੇ ਭੱਟੀ ਦੀ ਮਾਂ ਲੱਧੀ ਅਤੇ ਉਸ ਦੇ ਕਬੀਲੇ ਵਾਲੇ ਉਸ ਨੂੰ ਪਿਆਰ ਨਾਲ ਦੁੱਲਾ ਕਹਿ ਕੇ ਬੁਲਾਉਂਦੇ ਸਨ।
ਲੋਹੜੀ ਦੀ ਮਹੱਤਤਾ
ਲੋਹੜੀ ਦਾ ਤਿਉਹਾਰ ਪੋਹ ਮਹੀਨੇ ਦੇ ਆਖ਼ਰੀ ਦਿਨ ਵਾਲੀ ਰਾਤ ਨੂੰ ਮਨਾਇਆ ਜਾਂਦਾ ਹੈ। ਇਸ ਲਈ ਦੁੱਲਾ ਭੱਟੀ ਨੂੰ ਲੋਹੜੀ ਵਾਲੇ ਦਿਨ ਯਾਦ ਕੀਤਾ ਜਾਂਦਾ ਹੈ। ਪੰਜਾਬ ਵਿੱਚ ਜਿਨ੍ਹਾਂ ਦੇ ਘਰ ਨਵੇਂ ਵਿਆਹੀਆਂ ਜੋੜੀਆਂ ਹੋਣ ਜਾਂ ਜਿਨ੍ਹਾਂ ਦੇ ਘਰ ਪੁੱਤਰ ਜੰਮਿਆ ਹੋਵੇ, ਹਾਲਾਂਕਿ ਅੱਜ ਕੱਲ੍ਹ ਉਨੀ ਹੀ ਧੂਮਧਾਮ ਨਾਲ ਧੀਆਂ ਦੀ ਲੋਹੜੀ ਵੀ ਪਾਈ ਜਾਂਦੀ ਹੈ।
ਬੱਚੇ ਜਦ ਲੋਹੜੀ ਮੰਗਣ ਦੂਜਿਆਂ ਦੇ ਘਰਾਂ ’ਚ ਜਾਂਦੇ ਹਨ, ਤਾਂ ਉਹ ਇਹ ਗੀਤ ਗਾਉਂਦੇ ਹੋਏ ਨਜ਼ਰ ਆਉਂਦੇ ਹਨ।
ਕਿਵੇਂ ਹਨ ਗੀਤ ਦੀਆਂ ਸਤਰਾਂ -
ਸੁੰਦਰ ਮੁੰਦਰੀਏ ਹੋ!
ਤੇਰਾ ਕੌਣ ਵਿੱਚਾਰ ਹੋ!
ਦੁੱਲਾ ਭੱਟੀ ਵਾਲਾ ਹੋ!
ਦੁੱਲੇ ਧੀ ਵਿਆਹੀ ਹੋ!