ਚੰਡੀਗੜ੍ਹ: ਪੰਜਾਬ ਦੇ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਉਕਤ ਹਲਕੇ ਤੋਂ ਕਾਂਗਰਸ ਨੂੰ ਦੋ ਵੱਡੇ ਝਟਕੇ ਦਿੱਤੇ ਹਨ। ਜਿਥੇ ਕਾਂਗਰਸ ਦੇ ਦੋ ਵੱਡੇ ਲੀਡਰ ਕਾਂਗਰਸ ਛੱਡ ਕੇ 'ਆਪ' 'ਚ ਸ਼ਾਮਲ ਹੋ ਗਏ।
ਸਾਬਕਾ ਵਿਧਾਇਕ ਦਾ ਪੋਤਾ 'ਆਪ' 'ਚ ਸ਼ਾਮਲ
ਅੱਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਬਕਾ ਕਾਂਗਰਸੀ ਵਿਧਾਇਕ ਚੌਧਰੀ ਰਾਮ ਰਤਨ ਦੇ ਪੋਤਰੇ ਚੌਧਰੀ ਗੁਰਪ੍ਰੀਤ ਸਿੰਘ ਅਤੇ ਚੱਬੇਵਾਲ ਕਾਂਗਰਸ ਹਲਕਾ ਇੰਚਾਰਜ ਕੁਲਵਿੰਦਰ ਸਿੰਘ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ। ਇਸ ਮੌਕੇ ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ ਵੀ ਮੌਕੇ 'ਤੇ ਮੌਜੂਦ ਸਨ, ਜਿੰਨ੍ਹਾਂ ਨੇ ਉਕਤ ਲੀਡਰਾਂ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ ਹੈ।
ਕਾਂਗਰਸ ਹਲਕਾ ਇੰਚਾਰਜ ਨੇ ਵੀ ਫੜਿਆ ਝਾੜੂ
ਇੰਨ੍ਹਾਂ ਦੋਵਾਂ ਆਗੂਆਂ ਦੀ ਸ਼ਮੂਲੀਅਤ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ 'ਤੇ ਹੋਈ ਹੈ। ਇਸ ਮੌਕੇ ਐਕਸ 'ਤੇ ਪੋਸਟ ਕਰਦਿਆਂ ਸੀਐਮ ਮਾਨ ਨੇ ਕਿਹਾ- ਸਾਬਕਾ ਕਾਂਗਰਸੀ ਵਿਧਾਇਕ ਚੌਧਰੀ ਰਾਮ ਰਤਨ ਦੇ ਪੋਤਰੇ ਚੌਧਰੀ ਗੁਰਪ੍ਰੀਤ ਸਿੰਘ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸ ਨਾਲ ਉਕਤ ਹਲਕੇ ਵਿੱਚ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਨੂੰ ਭਾਰੀ ਬਲ ਮਿਲੇਗਾ। ਯੂਥ ਕਾਂਗਰਸ ਚੱਬੇਵਾਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਨ। ਉਨ੍ਹਾਂ ਦੀ ਜੁਆਇਨਿੰਗ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਦੀ ਹਾਜ਼ਰੀ ਵਿੱਚ ਹੋਈ।
ਦੋਵਾਂ ਲੀਡਰਾਂ ਦੇ ਪਾਰਟੀ 'ਚ ਆਉਣ ਨਾਲ ਮਿਲੇਗੀ ਤਾਕਤ
ਇਸ ਦੇ ਨਾਲ ਹੀ ਚੱਬੇਵਾਲ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਨੂੰ ਪਾਰਟੀ 'ਚ ਸ਼ਾਮਲ ਕਰਵਾਉਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਲਕਾ ਚੱਬੇਵਾਲ 'ਚ ਆਮ ਆਦਮੀ ਪਾਰਟੀ ਨੂੰ ਇੰਨਾਂ ਦੋਵਾਂ ਲੀਡਰਾਂ ਦੇ ਪਾਰਟੀ 'ਚ ਸ਼ਾਮਲ ਕਰਵਾ ਕੇ ਭਾਰੀ ਬਲ ਮਿਲੇਗਾ। ਉਨ੍ਹਾਂ ਕਿਹਾ ਕਿ ਕੁਲਵਿੰਦਰ ਸਿੰਘ ਰਸੂਲਪੁਰੀ ਨੂੰ ਵੀ ‘ਆਪ’ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੱਬੇਵਾਲ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਕੁਲਵਿੰਦਰ ਸਿੰਘ 35 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਹੋਏ ਸਨ।
ਲੋਕਾਂ ਦੀ ਭਲਾਈ ਲਈ ਸਮਰਪਿਤ ਕੀਤੇ ਕਈ ਸਾਲ
ਸੀਐਮ ਮਾਨ ਨੇ ਕਿਹਾ ਕਿ ਕੁਲਵਿੰਦਰ ਜੀ ਨੇ ਚੱਬੇਵਾਲ ਵਿੱਚ ਕਾਂਗਰਸ ਹਲਕਾ ਇੰਚਾਰਜ ਵਜੋਂ ਲੋਕ ਸੇਵਾ ਨੂੰ ਕਈ ਸਾਲ ਸਮਰਪਿਤ ਕੀਤੇ ਹਨ ਅਤੇ ਸਰਪੰਚ ਯੂਨੀਅਨ (ਚੱਬੇਵਾਲ/ਮਾਹਿਲਪੁਰ) ਦੇ ਦੋ ਦਹਾਕੇ ਪ੍ਰਧਾਨ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਵਜੋਂ ਉਨ੍ਹਾਂ ਦਾ ਸ਼ਾਨਦਾਰ ਇਤਿਹਾਸ ਹੈ। ਉਨ੍ਹਾਂ ਨੇ ਕਮਜ਼ੋਰ ਵਰਗਾਂ ਦੇ ਉਥਾਨ ਲਈ ਅਣਥੱਕ ਕੰਮ ਕੀਤਾ ਹੈ, ਕਈ ਵਿਕਾਸ ਪ੍ਰੋਜੈਕਟਾਂ ਦਾ ਪ੍ਰਬੰਧਨ ਕੀਤਾ ਹੈ। ਤਰੱਕੀ ਲਈ ਉਨ੍ਹਾਂ ਦਾ ਜਨੂੰਨ ਇੱਕ ਖੁਸ਼ਹਾਲ ਪੰਜਾਬ ਲਈ ਸਾਡੇ ਵਿਜ਼ਨ ਨਾਲ ਮੇਲ ਖਾਂਦਾ ਹੈ।