ਸ੍ਰੀ ਮੁਕਤਸਰ: 25-25 ਪੰਜਾਹ, ਕੋਈ ਸੱਥੋ ਤਾਂ ਦਿਖਾ ਅਰਜਨ ਢਿੱਲੋਂ ਦੇ ਇਸ ਗੀਤ ਨੂੰ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਪਰ ਕੀ ਤੁਸੀਂ ਕਦੇ ਸੁਣਿਆ 25-25 ਪੰਜਾਹ, ਸੜਕ ਤੋਂ ਪੈਦਲ ਲੰਘ ਕੇ ਦਿਖਾ? ਜੀ ਹਾਂ ਤੁਸੀਂ ਬਿਲਕੁਲ ਠੀਕ ਪੜ੍ਹ ਅਤੇ ਸੁਣ ਰਹੇ ਹੋ ਇਹ ਤਸਵੀਰਾਂ ਸ੍ਰੀ ਮੁਕਤਸਰ ਦੇ ਸਰਕਾਰੀ ਹਸਪਤਾਲ ਨੂੰ ਜਾਂਦੀ ਸੜਕ ਦੀਆਂ ਹਨ। ਜਿੱਥੇ ਲੱਗੇ ਪੋਸਟਰ ਹਰ ਇੱਕ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ।
ਹਸਪਤਾਲ ਖੁਦ ਬਿਮਾਰ
ਸਰਕਾਰੀ ਹਸਪਤਾਲ 'ਚ ਲੋਕ ਆਪਣਾ ਇਲਾਜ ਕਰਵਾਉਣ ਆਉਂਦੇ ਨੇ ਪਰ ਜੇਕਰ ਹਸਪਤਾਲ ਨੂੰ ਜਾਣ ਵਾਲੀ ਸੜਕ 'ਤੇ ਜਾਣ ਤੋਂ ਹੀ ਲੋਕ ਡਰਣ ਅਤੇ ਹਸਪਤਾਲ ਨੂੰ ਜਾਂਦੀ ਸੜਕ ਖੁਦ ਹੀ ਬਿਮਾਰ ਹੋਵੇ ਤਾਂ ਕੀ ਲੋਕ ਹਸਪਤਾਲ ਜਾਣਗੇ? ਲੋਕਾਂ ਦੀ ਪ੍ਰੇਸ਼ਾਨੀ ਨੂੰ ਵੇਖਦੇ ਹੋਏ ਸ਼੍ਰੀ ਮੁਕਤਸਰ ਸਾਹਿਬ ਦੇ ਨੌਜਵਾਨਾਂ ਵੱਲੋਂ ਇੱਕ ਨਵੇਕਲੇ ਤਰੀਕੇ ਨਾਲ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ।
ਸੜਕ 'ਤੇ ਲਗਾਏ ਪੋਸਟਰ
ਨੌਜਵਾਨਾਂ ਨੇ ਸੜਕ 'ਤੇ ਪੋਸਟਰ ਲਗਾਏ ਅਤੇ ਲਿਿਖਆ ਕਿ 25-25 ਪੰਜਾਹ, ਸੜਕ ਤੋਂ ਪੈਦਲ ਲੰਘ ਕੇ ਦਿਖਾ, ਕਿਉਂਕਿ ਨੌਜਾਵਨਾਂ ਦਾ ਕਹਿਣਾ ਕਿ ਇਹ ਇਹ ਪੋਸਟਰ ਅਸੀਂ ਤਾਂ ਲਗਾਏ ਨੇ ਕਿਉਂਕਿ ਇਹ ਸੜਕ ਸਰਕਾਰੀ ਹਸਪਤਾਲ ਨੂੰ ਜਾਂਦੀ ਹੈ ਜਿੱਥੇ ਕਾਫੀ ਮਰੀਜ਼ ਆਉਂਦੇ ਨੇ ਪਰ ਇਹ ਸੜਕ ਕਾਫੀ ਖਰਾਬ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਬਾਹਰ ਆ ਚੁੱਕਿਆ ਅਤੇ ਮਰੀਜ਼ਾਂ ਦਾ ਇਸ ਸੜਕ ਤੋਂ ਲੰਘਣਾ ਵੀ ਕਾਫੀ ਮੁਸ਼ਕਿਲ ਹੋਇਆ ਪਿਆ ।
ਨਹੀਂ ਲੈ ਰਿਹਾ ਕੋਈ ਸਾਰ
ਅਨੁਰਾਗ ਸ਼ਰਮਾ ਨੇ ਆਖਿਆ ਕਿ ਕਈ ਵਾਰੀ ਤਾਂ ਐਮਬੂਲੈਂਸ ਨੂੰ ਵੀ ਲ਼ੰਘਣ 'ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਪ੍ਰਸ਼ਾਸਨ ਨੂੰ ਕਈ ਵਾਰ ਗੁਹਾਰ ਵੀ ਲਗਾ ਚੁੱਕੇ ਹਾਂ ਪਰ ਪ੍ਰਸ਼ਾਸਨ ਦੇ ਸਿਰ 'ਤੇ ਜੂੰ ਤੱਕ ਨਹੀਂ ਸਰਕ ਰਹੀ। ਉਨ੍ਹਾਂ ਆਖਿਆ ਕਿ ਤਕਰੀਬਨ ਤਿੰਨ ਸਾਲ ਤੋਂ ਸੜਕ ਖਰਾਬ ਹੈ। ਉਥੇ ਹੀ ਸਰਕਾਰੀ ਹਸਪਤਾਲ ਦੇ ਐਸਐਮਓ ਰਾਹੁਲ ਜਿੰਦਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਪ੍ਰਸ਼ਾਸਨ ਨੂੰ ਲਿਖ ਕੇ ਦੇ ਦਿੱਤਾ ਹੈ ਅਤੇ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿੱਤਾ ਕਿ ਇਸ ਨੂੰ ਜਲਦ ਠੀਕ ਕੀਤਾ ਜਾਵੇਗਾ। ਹੁਣ ਵੇਖਣਾ ਹੋਵੇਗਾ ਕਿ 25-25 ਪੰਜਾਹ ਵਾਲੀ ਇਸ ਸੜਕ ਦੇ ਹਾਲਾਤ ਕਦੋਂ ਠੀਕ ਹੋਣਗੇ।