ਅੰਮ੍ਰਿਤਸਰ:ਜ਼ਿਲ੍ਹਾ ਅੰਮ੍ਰਿਤਸਰ ਦੇ ਥਾਣਾ ਮਹਿਤਾ ਵਿੱਚ ਅੰਬਾਲਾ ਦੀ ਇੱਕ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਪੰਜਾਬ ਦਾ ਇੱਕ ਲੜਕਾ ਕੈਨੇਡਾ ਵਿੱਚ ਪਿਛਲੇ 3 ਸਾਲ ਤੋਂ ਉਸ ਨਾਲ ਲਿਵ ਇਨ ਰਿਲੇਸ਼ਨ ਵਿੱਚ ਰਹਿ ਰਿਹਾ ਸੀ। ਮੁੰਡੇ ਨੇ ਉਸ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ, ਪਰ ਕੁਝ ਸਮੇਂ ਬਾਅਦ ਲੜਕਾ ਆਪਣੇ ਵਾਅਦੇ ਤੋਂ ਮੁਕਰ ਗਿਆ ਅਤੇ ਉਸ ਨੇ ਲੜਕੀ ਨਾਲ ਗੱਲ ਕਰਨੀ ਵੀ ਬੰਦ ਕਰ ਦਿੱਤੀ। ਪੀੜਤਾ ਨੇ ਇਲਜ਼ਾਮ ਲਗਾਇਆ ਹੈ ਕਿ ਉਕਤ ਲੜਕਾ 25 ਫਰਵਰੀ ਨੂੰ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾ ਰਿਹਾ ਹੈ। ਪੀੜਤਾ ਉਕਤ ਲੜਕੇ ਦੀ ਭਾਲ ਵਿੱਚ ਕੈਨੇਡਾ ਤੋਂ ਪੰਜਾਬ ਆਈ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
‘ਕੈਨੇਡਾ ਵਿੱਚ ਰਹਿੰਦੇ ਸਨ ਇਕੱਠੇ’
ਕੈਨੇਡਾ ਦੇ ਵਿਨੀਪੈਗ ਵਿੱਚ ਰਹਿੰਦੀ ਲੜਕੀ ਨੇ ਦੱਸਿਆ ਕਿ "ਉਹ ਪਿਛਲੇ ਕਰੀਬ ਸਾਢੇ ਤਿੰਨ ਸਾਲ ਤੋਂ ਕੈਨੇਡਾ ਵਿੱਚ ਹੀ ਰਹਿੰਦੀ ਹੈ ਅਤੇ ਥਾਣਾ ਮਹਿਤਾ ਨਾਲ ਸਬੰਧਿਤ ਇੱਕ ਪਿੰਡ ਦਾ ਲੜਕਾ ਕੈਨੇਡਾ ਵਿੱਚ ਉਸ ਦੇ ਨਾਲ ਹੀ ਰਹਿੰਦਾ ਸੀ। ਉਕਤ ਨੌਜਵਾਨ ਨੇ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਸਬੰਧ ਬਣਾਏ ਅਤੇ ਮੈਂ ਕੈਨੇਡਾ ਵਿੱਚ ਆਪਣਾ ਵਪਾਰ ਵੀ ਉਸ ਨਾਲ ਸਾਂਝਾ ਕੀਤਾ। 2023 ਤੋਂ ਅਸੀਂ ਇਕੱਠੇ ਹੀ ਰਹਿ ਰਹੇ ਹਾਂ ਅਤੇ ਲੜਕੇ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਮੇਰੇ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ। ਉਹ ਕਹਿੰਦਾ ਸੀ ਕਿ ਮੇਰੀ ਪੀਆਰ ਹੋਣ ਉਪਰੰਤ ਵਿਆਹ ਕਰਵਾ ਲਵਾਂਗੇ।"