ਬਰਨਾਲਾ:ਜ਼ਿਲ੍ਹਾ ਬਰਨਾਲਾ ਦੇ ਕਸਬਾ ਧਨੌਲਾ ਨਾਲ ਸਬੰਧਿਤ ਬਦਨਾਮ ਗੈਂਗਸਟਰ ਗੁਰਮੀਤ ਸਿੰਘ ਕਾਲਾ ਧਨੌਲਾ ਦਾ ਬੀਤੀ ਸ਼ਾਮ ਜ਼ਿਲ੍ਹੇ ਦੇ ਪਿੰਡ ਬਡਬਰ ਵਿੱਚ ਇੱਕ ਫਾਰਮ ਹਾਊਸ ਅੰਦਰ ਐਂਟੀ ਗੈਂਗਸਟਰ ਟਾਸਕ ਫੋਰਸ ਨਾਲ ਮੁਕਾਬਲਾ ਹੋਇਆ। ਜਿਸ ਵਿੱਚ ਗੈਂਗਸਟਰ ਕਾਲਾ ਧਨੌਲਾ ਹਲਾਕ ਹੋ ਗਿਆ। ਉਸਦੀ ਲਾਸ਼ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿੱਚ ਰੱਖਿਆ ਗਿਆ ਸੀ।
ਅੱਜ ਬਰਨਾਲਾ ਪੁਲਿਸ ਪ੍ਰਸ਼ਾਸ਼ਨ ਵੱਲੋਂ ਭਾਰੀ ਪੁਲਿਸ ਫ਼ੋਰਸ ਦੀ ਹਾਜ਼ਰੀ ਵਿੱਚ ਉਸਦਾ ਪੋਸਟਮਾਰਟਮ ਕਰਵਾਇਆ ਗਿਆ। ਦੁਪਹਿਰ 2 ਵਜੇ ਤੋਂ ਲੈਕੇ ਲਗਾਤਾਰ ਡਾਕਟਰਾਂ ਦੀਆਂ ਟੀਮਾਂ ਗੈਂਗਸਟਰ ਦੀ ਲਾਸ਼ ਦਾ ਪੋਸਟਮਾਰਟਮ ਕਰ ਰਹੀਆਂ ਸਨ। ਡਾਕਟਰਾਂ ਦੀ ਤਿੰਨ ਮੈਂਬਰੀ ਟੀਮ ਕਾਲਾ ਧਨੌਲਾ ਦੀ ਦੇਹ ਦਾ ਪੋਸਟਮਾਰਟਮ ਕਰ ਰਹੀ ਸੀ। ਪੋਸਟਮਾਰਟਮ ਕਰਵਾਉਣ ਲਈ ਮ੍ਰਿਤਕ ਗੈਂਗਸਟਰ ਦਾ ਪਰਿਵਾਰ ਰਿਸ਼ਤੇਦਾਰ ਅਤੇ ਹੋਰ ਹਮਾਇਤੀ ਵੀ ਹਸਪਤਾਲ ਵਿੱਚ ਹਾਜ਼ਰ ਸਨ।
ਮ੍ਰਿਤਕ ਦੇ ਪਿਤਾ ਗੁਰਜੰਟ ਸਿੰਘ ਮਾਤਾ ਬਲਜੀਤ ਕੌਰ ਅਤੇ ਪਤਨੀ ਪਰਵਿੰਦਰ ਕੌਰ ਹਸਪਤਾਲ ਵਿੱਚ ਸਨ ਪ੍ਰੰਤੂ ਕੋਈ ਵੀ ਪਰਿਵਾਰਕ ਮੈਂਬਰ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਉਸਦੀ ਪਤਨੀ ਦਾ ਰੋ-ਰੋ ਬੁਰਾ ਹਾਲ ਹੈ। ਪੋਸਟਮਾਰਟਮ ਉਪਰੰਤ ਉਸਦੀ ਦੇਹ ਪਰਿਵਾਰ ਨੂੰ ਸੌਂਪੀ ਜਾਵੇਗੀ ਜਿਸ ਉਪਰੰਤ ਉਸਦਾ ਅੰਤਿਮ ਸਸਕਾਰ ਜ਼ੱਦੀ ਪਿੰਡ ਧਨੌਲਾ ਵਿਖੇ ਕੀਤਾ ਜਾਵੇਗਾ। ਗੈਂਗਸਟਰ ਕਾਲਾ ਧਨੌਲਾ ਆਪਣੇ ਪਿੱਛੇ ਮਾਤਾ-ਪਿਤਾ ਅਤੇ ਪਤਨੀ ਤੋਂ ਇਲਾਵਾ ਇੱਕ 24 ਸਾਲ ਦੀ ਲੜਕੀ ਛੱਡ ਗਿਆ ਜੋ ਵਿਦੇਸ਼ ਵਿੱਚ ਪੜ੍ਹ ਰਹੀ ਹੈ।
ਇਸ ਮੌਕੇ ਡੀ.ਐਸ.ਪੀ ਬਰਨਾਲਾ ਸਤਵੀਰ ਸਿੰਘ ਨੇ ਕਿਹਾ ਕਿ ਇਸ ਨਾਮੀ ਗੈਂਗਸਟਰ ਖਿਲਾਫ 67 ਦੇ ਕਰੀਬ ਗੰਭੀਰ ਅਪਰਾਧ ਦੇ ਕੇਸ ਦਰਜ਼ ਹਨ ਅਤੇ ਗੈਂਗਸਟਰ ਦੇ ਕੁਝ ਸਾਥੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਜਿਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾ ਰਿਹਾ ਹੈ ਅਤੇ ਇਸ ਗੈਂਗਸਟਰ ਐਨਕਾਊਂਟਰ ’ਚ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਦੀ ਹਾਲਤ ਹੁਣ ਸਥਿਰ ਹੈ ਅਤੇ ਉਨ੍ਹਾਂ ਦਾ ਸਰਕਾਰੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਉਹਨਾ ਕਿਹਾ ਕਿ ਗੈਂਗਸਟਰ ਦੀ ਲਾਸ਼ ਦਾ ਪੋਸਟਮਾਰਟਮ ਡਾਕਟਰਾਂ ਦੀਆਂ ਟੀਮਾਂ ਨੇ ਕੀਤਾ ਹੈ। ਪੋਸਟਮਾਰਟਮ ਉਪਰੰਤ ਉਸਦੀ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪੀ ਜਾਵੇਗੀ। ਉਹਨਾਂ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਹਸਪਤਾਲ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ।