ਕਿਸਾਨ ਅੰਦੋਨਲ: ਕਿਸਾਨ ਦੀ ਪਿੰਡ ਪੁੱਜਣ 'ਤੇ ਮੌਤ ਬਠਿੰਡਾ: ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਦਾ ਕਿਸਾਨ ਸਿਕੰਦਰ ਸਿੰਘ (55 ਸਾਲ) ਕਿਸਾਨੀ ਸੰਘਰਸ਼ ਲਈ 11 ਫ਼ਰਵਰੀ ਨੂੰ ਖਨੌਰੀ ਗਿਆ ਸੀ, ਪਰ ਖਨੌਰੀ ਬਾਰਡਰ ਉੱਤੇ 25 ਫ਼ਰਵਰੀ ਨੂੰ ਧੂੰਏ ਕਾਰਨ ਉਸ ਦੀ ਹਾਲਤ ਵਿਗੜ ਗਈ ਸੀ ਜਿਸ ਕਰਕੇ ਉਹ ਪਿੰਡ ਨਥੇਹਾ ਵਿਖੇ ਵਾਪਸ ਆ ਗਿਆ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਕਿਸਾਨੀ ਸੰਘਰਸ਼ ਨੂੰ ਲੈ ਕੇ ਚਿੰਤਾ ਵਿੱਚ ਸੀ। ਉਹ ਰੋਟੀ ਖਾ ਕੇ ਘਰੋਂ ਗਿਆ ਹੈ, ਪਰ ਉਸ ਦੀ ਲਾਸ਼ ਨਹਿਰ ਦੇ ਕਿਨਾਰੇ ਤੋਂ ਮਿਲੀ।
ਪਿੰਡ ਵਾਸੀਆਂ ਅਤੇ ਕਿਸਾਨ ਆਗੂਆਂ ਨੇ ਹੁਣ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ, ਜਦਕਿ ਤਲਵੰਡੀ ਸਾਬੋ ਪੁਲਿਸ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਕਿਸਾਨ ਆਗੂ ਨੇ ਦੱਸਿਆ ਕਿ ਜੇਕਰ ਕੇਂਦਰ ਸਰਕਾਰ ਸਾਡੀਆਂ ਮੰਗਾਂ ਮੰਨ ਲਵੇ, ਤਾਂ ਅਸੀ ਉੱਥੇ ਜਾਈਏ ਹੀ ਕਿਉ। ਜਿਸ ਕਿਸਾਨ ਦੀ ਮੌਤ ਹੋਈ ਹੈ, ਉਸ ਦੇ ਸਿਰ ਕਰਜ਼ਾ ਵੀ ਹੈ। ਪਰਿਵਾਰ ਦੇ ਆਰਥਿਕ ਹਾਲਾਤ ਵੀ ਕੁਝ ਚੰਗੇ ਨਹੀਂ ਹਨ।
ਮੰਗਲਵਾਰ ਨੂੰ ਇੱਕ ਹੋਰ ਕਿਸਾਨ ਦੀ ਹੋਈ ਮੌਤ:ਖਨੌਰੀ ਬਾਰਡਰ 'ਤੇ ਅੰਦੋਲਨ ਦੇ 15ਵੇਂ ਦਿਨ ਇੱਕ ਹੋਰ 50 ਸਾਲ ਦੇ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦੀ ਪਛਾਣ ਕਰਨੈਲ ਸਿੰਘ ਵਜੋਂ ਹੋਈ, ਜੋ ਕਿ ਪਟਿਆਲਾ ਦੇ ਪਿੰਡ ਰਨੋ ਦਾ ਰਹਿਣ ਵਾਲਾ ਸੀ। ਕਿਸਾਨਾਂ ਮੁਤਾਬਕ, ਖਨੌਰੀ ਸਰਹੱਦ ’ਤੇ ਹੜਤਾਲ ’ਤੇ ਬੈਠੇ 50 ਸਾਲਾਂ ਕਿਸਾਨ ਕਰਨੈਲ ਸਿੰਘ ਦੀ ਅਚਾਨਕ ਸਿਹਤ ਵਿਗੜ ਗਈ ਸੀ ਜਿਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ। ਇੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਹੁਣ ਤੱਕ ਕਿਸਾਨ ਅੰਦੋਲਨ ਦੌਰਾਨ ਕੁੱਲ 9 ਮੌਤਾਂ:ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਹਰਿਆਣਾ ਸਰਹੱਦ ਉੱਤੇ ਡਟੇ ਹੋਏ ਕਿਸਾਨਾਂ ਉੱਤੇ ਹਰਿਆਣਾ ਪੁਲਿਸ ਵਲੋਂ ਅੱਥਰੂ ਗੈਸ ਸੁੱਟੇ ਗਏ। ਹੁਣ ਤੱਕ, ਕਿਸਾਨ ਆਗੂਆਂ, ਪੁਲਿਸ ਕਰਮਚਾਰੀਆਂ ਸਣੇ ਕੁੱਲ 9 ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚ 65 ਸਾਲ ਦਾ ਗਿਆਨ ਸਿੰਘ, 72 ਸਾਲ ਦੇ ਮਨਜੀਤ ਸਿੰਘ, 21 ਸਾਲ ਸ਼ੁਭਕਰਨ ਸਿੰਘ, 62 ਸਾਲ ਦੇ ਦਰਸ਼ਨ ਸਿੰਘ, 55 ਸਾਲ ਦੇ ਸਿਕੰਦਰ ਸਿੰਘ ਅਤੇ 50 ਸਾਲ ਦੇ ਕਰਨੈਲ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ, 58 ਸਾਲ ਦੇ ਐਸਆਈ ਹੀਰਾਲਾਲ, 56 ਸਾਲ ਦੇ ਐਸਆਈ ਕੌਸ਼ਲ ਕੁਮਾਰ ਅਤੇ 40 ਸਾਲ ਦੇ ਐਸਆਈ ਵਿਜੈ ਕੁਮਾਰ ਸ਼ਾਮਲ ਹਨ।