ਮਾਨਸਾ: ਸਿੱਧੂ ਮੂਸੇਵਾਲਾ ਦੇ ਕਰੀਬੀ ਦੇ ਘਰ 'ਤੇ ਫਾਇਰਿੰਗ ਅਤੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਮਾਨਸਾ ਪੁਲਿਸ ਨੇ ਚਾਰ ਹੋਰ ਨੌਜਵਾਨਾਂ ਨੂੰ ਡਲਹੌਜੀ ਤੋਂ ਗ੍ਰਿਫਤਾਰ ਕਰਕੇ ਮਾਨਸਾ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ। ਮਾਨਯੋਗ ਅਦਾਲਤ ਨੇ ਮੁਲਜ਼ਮਾਂ ਨੂੰ 4 ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ।
ਸਿੱਧੂ ਮੂਸੇਵਾਲਾ ਦੇ ਕਰੀਬੀ ਦੇ ਘਰ 'ਤੇ ਫਾਇਰਿੰਗ ਕਰਨ ਦੇ ਮਾਮਲੇ ਵਿੱਚ 4 ਹੋਰ ਨੌਜਵਾਨ ਗ੍ਰਿਫ਼ਤਾਰ (ETV Bharat) ਜੱਸੀ ਪੈਨਚਰ ਨੂੰ ਪ੍ਰੋਟੈਕਸ਼ਨ ਵਰੰਟ 'ਤੇ ਲਿਆ ਕੇ ਮਾਨਸਾ ਦੀ ਅਦਾਲਤ 'ਚੋਂ ਲਿਆ ਰਿਮਾਂਡ
ਪਿਛਲੇ ਦਿਨੀਂ ਸਿੱਧੂ ਮੂਸੇਵਾਲਾ ਦੇ ਕਰੀਬੀ ਟਰਾਂਸਪੋਰਟ ਦੇ ਘਰ ਰਾਤ ਸਮੇਂ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਅਤੇ ਬਾਅਦ ਵਿੱਚ ਇੰਗਲੈਂਡ ਦੇ ਨੰਬਰ ਤੋਂ ਕਾਲ ਕਰਕੇ 30 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਜਿਸ ਤੋਂ ਬਾਅਦ ਮਾਨਸਾ ਪੁਲਿਸ ਨੇ ਫਿਰੋਜ਼ਪੁਰ ਜੇਲ੍ਹ ਤੋਂ ਜੱਸੀ ਪੈਨਚਰ ਨੂੰ ਪ੍ਰੋਟੈਕਸ਼ਨ ਵਰੰਟ 'ਤੇ ਲਿਆ ਕੇ ਮਾਨਸਾ ਦੀ ਅਦਾਲਤ 'ਚੋਂ ਰਿਮਾਂਡ ਲਿਆ। ਮੁਲਜ਼ਮ ਤੋਂ ਪੁੱਛਗਿੱਛ ਦੇ ਦੌਰਾਨ ਉਸ ਨੇ 2 ਮੁਲਜ਼ਮਾਂ ਬਾਰੇ ਖੁਲਾਸਾ ਕੀਤਾ, ਜਿਸ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ 2 ਦਿਨ ਪਹਿਲਾਂ ਹੀ ਮੱਦੀ ਅਤੇ ਪ੍ਰਭਜੋਤ ਨੂੰ ਗ੍ਰਿਫਤਾਰ ਕਰ ਲਿਆ ਸੀ। ਮੱਦੀ ਅਤੇ ਪ੍ਰਭਜੋਤ ਤੋਂ ਪੁੱਛਗਿੱਛ ਕਰਨ ਤੋਂ ਬਾਅਦ 4 ਹੋਰ ਮੁਲਜ਼ਮਾਂ ਬਾਰੇ ਖੁਲਾਸਾ ਹੋਇਆ ਜਿਨ੍ਹਾਂ ਨੂੰ ਪੁਲਿਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ ਹੈ।
ਚਾਰ ਦਿਨ ਦਾ ਰਿਮਾਂਡ
ਪੁਲਿਸ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਗੁਰਦਾਸਪੁਰ ਦੇ ਇੱਕ ਸ਼ੂਟਰ ਅਤੇ ਤਿੰਨ ਹੋਰ ਨੂੰ ਡਲਹੌਜੀ ਤੋਂ ਗ੍ਰਿਫਤਾਰ ਕਰਕੇ ਮਾਨਸਾ ਵਿਖੇ ਲਿਆਂਦਾ ਗਿਆ ਹੈ। ਪੁਲਿਸ ਨੇ ਇਨ੍ਹਾਂ ਚਾਰਾਂ ਨੂੰ ਮਾਨਸਾ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ। ਜਿੱਥੇ ਮਾਨਯੋਗ ਅਦਾਲਤ ਨੇ ਇਨ੍ਹਾਂ ਨੂੰ 4 ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਪੁਲਿਸ ਨੂੰ ਇਨ੍ਹਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਵਾਰਦਾਤ ਦੇ ਵਿੱਚ ਵਰਤੇ ਗਏ ਹਥਿਆਰ ਪਾਕਿਸਤਾਨ ਤੋਂ ਡਰੋਨ ਦੇ ਜਰੀਏ ਭਾਰਤ ਮੰਗਵਾਏ ਗਏ
ਦੱਸਣ ਯੋਗ ਹੈ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਸ਼ੂਟਰ ਅੰਮ੍ਰਿਤਪਾਲ ਸਿੰਘ ਸਾਬਕਾ ਸੈਨਿਕ ਹਨ ਸੁਖਬੀਰ ਸਿੰਘ ਉਰਫ ਸਨੀ ਮਾਨਸਾ ਦੇ ਸਾਬਕਾ ਕੌਂਸਲਰ ਦਾ ਪੁੱਤਰ ਹੈ। ਜਸ਼ਨਪ੍ਰੀਤ ਸਿੰਘ ਅਤੇ ਨੂਰਪ੍ਰੀਤ ਸਿੰਘ ਨੂੰ ਵੀ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਤੋਂ ਜਾਣਕਾਰੀ ਇਹ ਵੀ ਮਿਲੀ ਹੈ ਕਿ ਇਨ੍ਹਾਂ ਵੱਲੋਂ ਵਾਰਦਾਤ ਦੇ ਵਿੱਚ ਵਰਤੇ ਗਏ ਹਥਿਆਰ ਪਾਕਿਸਤਾਨ ਤੋਂ ਡਰੋਨ ਦੇ ਜਰੀਏ ਭਾਰਤ ਮੰਗਵਾਏ ਗਏ ਸਨ ਅਤੇ ਪੁਲਿਸ ਹੁਣ ਇਸ ਮਾਮਲੇ ਨੂੰ ਲੈ ਕੇ ਵੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ।