ਫਿਰੋਜ਼ਪੁਰ: ਜ਼ਿਲ੍ਹਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਦੋ ਗਿਰੋਹਾਂ ਦੇ ਛੇ ਮੈਂਬਰ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ਕੋਲੋਂ 7 ਨਜਾਇਜ਼ ਹਥਿਆਰ ਅਤੇ ਕਰੀਬ ਢਾਈ ਕਰੋੜ ਰੁਪਏ ਮੁੱਲ ਦੀ 512 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸ਼ਰਾ ਨੇ ਦੱਸਿਆ ਕਿ ਪੁਲਿਸ ਦੀ ਸੀਆਈਏ ਟੀਮ ਨੂੰ ਇਨਪੁੱਟ ਮਿਲੀ ਸੀ ਕਿ ਕੁਝ ਲੋਕ ਬਾਹਰ ਤੋਂ ਹਥਿਆਰ ਅਤੇ ਹੈਰੋਇਨ ਲਿਆ ਕੇ ਫਿਰੋਜ਼ਪੁਰ ਅਤੇ ਉਸ ਦੇ ਆਸ-ਪਾਸ ਦੇ ਇਲਾਕੇ ਵਿੱਚ ਵੇਚਣ ਦਾ ਕੰਮ ਕਰਦੇ ਹਨ।
ਸੋਮਿਆ ਮਿਸ਼ਰਾ,ਐਸਐਸਪੀ (ETV Bharat) ਹੈਰੋਇਨ ਸਮੇਤ ਇੱਕ ਗਲੋਕ ਪਿਸਟਲ ਬਰਾਮਦ
ਇਸ ਤੋਂ ਬਾਅਦ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾਈਆਂ ਅਤੇ ਜਾਂਚ ਦੌਰਾਨ ਦੋ ਗੈਂਗਾਂ ਦੇ 6 ਮੈਂਬਰਾਂ ਨੂੰ ਫੜਨ ਵਿੱਚ ਸਫਲਤਾ ਹਾਸਿਲ ਹੋਈ। ਮੁਲਜ਼ਮਾਂ ਕੋਲੋਂ ਹੈਰੋਇਨ ਸਮੇਤ ਇੱਕ ਗਲੋਕ ਪਿਸਟਲ ਬਰਾਮਦ ਕੀਤਾ ਗਿਆ ਹੈ। ਮੁਲਜ਼ਮ ਦਿਲਪ੍ਰੀਤ ਸਿੰਘ ਨੂੰ ਫਿਰੋਜ਼ਪੁਰ ਪੁਲਿਸ ਨੇ ਹੈਰੋਇਨ ਅਤੇ ਹਥਿਆਰ ਸਮੇਤ ਗ੍ਰਿਫਤਾਰ ਕੀਤਾ ਸੀ ਅਤੇ ਜਦੋਂ ਬੈਕਵਰਡ ਅਤੇ ਫਾਰਵਰਡ ਲਿੰਕ ਖੰਗਾਲੇ ਗਏ ਤਾਂ ਇਸ ਵਿੱਚ ਉਸ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਦਿਲਪ੍ਰੀਤ ਨਾਲ ਮਿਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਸਨ ਅਤੇ ਨਜਾਇਜ਼ ਹਥਿਆਰ ਦਿਖਾ ਕੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਵੀ ਦਿੰਦੇ ਸਨ। ਦੱਸ ਦੇਈਏ ਕਿ ਇਨ੍ਹਾਂ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ।
6 ਨਜਾਇਜ਼ ਹਥਿਆਰ ਬਰਾਮਦ
ਦੂਜੀ ਰਿਕਵਰੀ ਵਿੱਚ ਵੀ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਕੋਲੋਂ 6 ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਗਏ ਹਨ। ਐਸਐਸਪੀ ਫਿਰੋਜ਼ਪੁਰ ਨੇ ਦੱਸਿਆ ਕਿ ਇਹ ਲੋਕ ਪੰਜਾਬ ਤੋਂ ਬਾਹਰੋਂ ਨਜਾਇਜ਼ ਹਥਿਆਰ ਲਿਆ ਕੇ ਵੇਚਣ ਦਾ ਧੰਦਾ ਕਰਦੇ ਸਨ ਅਤੇ ਇਹ ਆਪਣਾ ਗੈਂਗ ਬਣਾਉਣ ਦੀ ਤਾਕ ਵਿੱਚ ਸਨ ਤਾਂ ਕਿ ਇਹ ਪੰਜਾਬ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਸਕਣ। ਇਨ੍ਹਾਂ ਤਿੰਨਾਂ ਮੁਲਜ਼ਮਾਂ 'ਤੇ ਪਹਿਲਾਂ ਵੀ ਲੁੱਟ ਖੋਹ ਦੇ ਮੁਕੱਦਮੇ ਦਰਜ ਹਨ।
ਜ਼ਿਕਰਯੋਗ ਹੈ ਕਿ ਫੜੇ ਗਏ ਹਥਿਆਰਾਂ ਵਿੱਚ ਇੱਕ ਯੂਐਸ ਮੇਡ ਗਲੋਕ ਪਿਸਟਲ ਵੀ ਹੈ ਜੋ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ ਬਰਾਮਦ ਕੀਤਾ ਹੈ। ਪੁਲਿਸ ਹੁਣ ਅੱਗੇ ਹੋਰ ਛਾਪੇਮਾਰੀ ਕਰ ਰਹੀ ਹੈ ਕਿ ਆਖਿਰਕਾਰ ਬਾਹਰ ਤੋਂ ਜੋ ਨਜਾਇਜ਼ ਹਥਿਆਰ ਪੰਜਾਬ ਵਿੱਚ ਲਿਆਂਏ ਜਾ ਰਹੇ ਹਨ। ਉਹ ਕਿੱਥੋਂ ਲਿਆਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਪਲਾਈ ਕਰਨ ਵਾਲਾ ਮੁੱਖ ਕਿਰਦਾਰ ਕੌਣ ਹੈ।