ਪ੍ਰਧਾਨ ਮੰਤਰੀ ਦੀ ਰੈਲੀ ਦਾ ਵਿਰੋਧ ਕਰਨਗੇ ਕਿਸਾਨ (ETV BHARAT Barnala) ਬਰਨਾਲਾ:ਪਟਿਆਲਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਮਈ ਨੂੰ ਪੰਜਾਬ ਵਿੱਚ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਰੈਲੀ ਕਰਨ ਆ ਰਹੇ ਹਨ। ਜਿਨ੍ਹਾਂ ਦਾ ਕਿਸਾਨਾਂ ਵੱਲੋਂ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਚੋਣ ਪ੍ਰਚਾਰ ਦੇ ਵਿਰੋਧ ਦਾ ਐਲਾਨ ਕੀਤਾ ਹੈ। ਬਰਨਾਲਾ ਵਿਖੇ ਸੂਬਾ ਕਮੇਟੀ ਨੇ ਮੀਟਿੰਗ ਉਪਰੰਤ ਫ਼ੈਸਲਾ ਲਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ 23 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਵਿਖੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਚੋਣ ਰੈਲੀ ਕਰਨ ਆ ਰਹੇ ਹਨ।
ਮੋਦੀ ਦਾ ਪਟਿਆਲਾ ਵਿਖੇ ਡੱਟ ਕੇ ਵਿਰੋਧ: ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਹੋਇਆ ਹੈ ਕਿ ਭਾਜਪਾ ਦੇ ਵਿਰੋਧ ਦਾ ਐਲਾਨ ਕੀਤਾ ਹੋਇਆ ਹੈ। ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਲਟਕਦੀਆਂ ਮੰਗਾਂ ਲਮਕ ਰਹੀਆਂ ਹਨ ਅਤੇ ਭਾਜਪਾ ਸਰਕਾਰ ਦੇ ਰਾਜ ਦੌਰਾਨ 10 ਸਾਲਾਂ ਵਿੱਚ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਰਹੀਆਂ ਹਨ। ਜਿਸ ਕਰਕੇ ਪ੍ਰਧਾਨ ਮੰਤਰੀ ਮੋਦੀ ਦਾ ਪਟਿਆਲਾ ਵਿਖੇ ਡੱਟ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੱਥੇਬੰਦੀ ਇਸ ਵਿਰੋਧ ਵਿਚ ਜ਼ੋਰ ਸ਼ੋਰ ਨਾਲ ਭਾਗ ਲਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਵਿਰੋਧ ਦਾ ਐਲਾਨ ਸੰਯੁਕਤ ਕਿਸਾਨ ਮੋਰਚੇ ਦੀਆਂ ਜੱਥੇਬੰਦੀਆਂ ਵੀ ਪ੍ਰਧਾਨ ਮੰਤਰੀ ਦਾ ਵਿਰੋਧ ਕਰ ਸਕਦੀਆਂ ਹਨ, ਪਰ ਅਜੇ ਤੱਕ ਉਨ੍ਹਾਂ ਦਾ ਕੀ ਪਲਾਇਨ ਹੈ ਇਸ ਬਾਰੇ ਉਹ ਕੁੱਝ ਨਹੀਂ ਕਹਿ ਸਕਦੇ। ਪਰ ਸਾਡੀ ਜੱਥੇਬੰਦੀ ਪੂਰੀ ਤਿਆਰੀ ਨਾਲ ਪ੍ਰਧਾਨ ਮੰਤਰੀ ਦਾ ਵਿਰੋਧ ਕਰੇਗੀ।
23 ਮਈ ਨੂੰ ਹੀ ਪ੍ਰਧਾਨ ਮੰਤਰੀ ਦਾ ਵਿਰੋਧ :ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚੋਂ ਜੱਥੇਬੰਦੀ ਅਲੱਗ-ਅਲੱਗ ਜਿਲ੍ਹਿਆਂ ਵਿੱਚੋਂ ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡੇ ਵਿਰੋਧ ਨੂੰ ਰੋਕਣ ਲਈ ਹੋ ਸਕਦਾ ਹੈ ਕਿ ਪ੍ਰਸ਼ਾਸ਼ਨ ਅਤੇ ਪੁਲਿਸ ਮਿਲ ਕੇ ਸਾਡੇ ਘਰਾਂ ਵਿੱਚ ਛਾਪੇਮਾਰੀ ਵੀ ਕਰੇ ਅਤੇ ਸਾਨੂੰ ਰੋਕਣ ਦੀ ਕੋਸਿ਼ਸ ਵੀ ਕਰੇ। ਪਰ ਅਸੀਂ ਆਪਣਾ ਪ੍ਰਦਰਸ਼ਨ ਕਰਨ ਲਈ ਪੂਰੀ ਤਰ੍ਹਾ ਨਾਲ ਚੌਕੰਨੇ ਰਹਾਂਗੇ। ਉਨ੍ਹਾਂ ਕਿਹਾ ਕਿ ਫਿਲਹਾਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਸਿਰਫ਼ 23 ਮਈ ਨੂੰ ਹੀ ਪ੍ਰਧਾਨ ਮੰਤਰੀ ਦਾ ਵਿਰੋਧ ਕੀਤਾ ਜਾਵੇਗਾ। ਜਦੋਂ ਕਿ ਜਲੰਧਰ ਜਾਂ ਹੋਰ ਰੈਲੀ ਦਾ ਵਿਰੋਧ ਕਰਨ ਦਾ ਉਨ੍ਹਾਂ ਦਾ ਕੋਈ ਪਲਾਇਨ ਨਹੀਂ ਹੈ।
ਰਾਜਸੀ ਧਿਰ ਨੂੰ ਵੋਟਾਂ ਵਿੱਚ ਹਮਾਇਤ ਨਹੀਂ:ਉਨ੍ਹਾਂ ਕਿਹਾ ਕਿ ਦੋ ਸਾਲ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਪੰਜਾਬ ਵਿੱਚ ਰੈਲੀ ਕਰਨ ਆਏ ਸਨ ਤਾਂ ਉਸ ਸਮੇਂ ਰੈਲੀ ਵਿੱਚ ਇਕੱਠ ਨਹੀਂ ਹੋਇਆ ਸੀ, ਜਿਸ ਕਰਕੇ ਉਨ੍ਹਾਂ ਕਿਸਾਨਾਂ ਦੇ ਵਿਰੋਧ ਦਾ ਬਹਾਨਾ ਬਣਾਇਆ ਸੀ। ਹੁਣ ਉਹ ਚੋਣ ਪ੍ਰਚਾਰ ਕਰ ਆ ਰਹੇ ਹਨ। ਪਰ ਅਸੀਂ ਲੋਕਾਂ ਨੂੰ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਜਾਗਰੂਕ ਕਰਾਂਗੇ। 10 ਸਾਲ ਇਨ੍ਹਾਂ ਨੇ ਕਿਸਾਨ, ਮਜ਼ਦੂਰ ਅਤੇ ਵਪਾਰੀ ਵਿਰੋਧੀ ਨੀਤੀਆਂ ਹੀ ਬਣਾਈਆਂ ਹਨ। ਇਨ੍ਹਾਂ ਵੱਲੋਂ ਆਪਣੇ ਰਾਜ ਦੌਰਾਨ ਸਿਰਫ਼ ਕਾਰਪੋਰੇਟ ਲੋਕਾਂ ਨੂੰ ਹੀ ਲਾਭ ਦਿੱਤੇ ਹਨ। ਇਸ ਮੌਕੇ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਉਨ੍ਹਾਂ ਦੀ ਕਿਸਾਨ ਜੱਥੇਬੰਦੀ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਲਾਗਾ-ਦੇਗਾ ਨਹੀਂ ਹੈ। ਅੱਜ ਤੱਕ ਉਨ੍ਹਾਂ ਨੇ ਕਿਸੇ ਵੀ ਰਾਜਸੀ ਧਿਰ ਨੂੰ ਵੋਟਾਂ ਵਿੱਚ ਹਮਾਇਤ ਨਹੀਂ ਕੀਤੀ ਹੈ ਅਤੇ ਨਾ ਹੀ ਕਰਨਗੇ।