ਮੋਗਾ: ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਪਿਛਲੇ ਛੇ ਮਹੀਨਿਆਂ ਤੋਂ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਆਜ਼ਾਦੀ ਦਿਵਸ ਮੌਕੇ ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਟਰੈਕਟਰ ਮਾਰਚ ਕੱਢੇ ਜਾ ਰਹੇ ਹਨ। ਉੱਥੇ ਹੀ ਅੱਜ ਮੋਗਾ ਜਿਲ੍ਹੇ ਦੇ ਵਿੱਚ ਸਿੰਘਾਵਾਲਾ ਤੋਂ ਵੱਖ-ਵੱਖ ਪਿੰਡਾਂ ਲਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਲਵਜੀਤ ਸਿੰਘ ਦੱਦਾਹੂਰ ਦੀ ਅਗਵਾਈ ਵਿੱਚ ਟਰੈਕਟਰ ਮਾਰਚ ਵੱਖ-ਵੱਖ ਪਿੰਡਾਂ ਲਈ ਰਵਾਨਾ ਹੋਇਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ ਹਰ ਸੰਭਵ ਕੋਸ਼ਿਸ਼ ਕੀਤੀ ਕਿ ਆਮ ਜਨਤਾ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
'ਸਾਨੂੰ ਸਾਰਿਆਂ ਨੂੰ ਇੱਕ ਜੁੱਟ ਹੋਣ ਦੀ ਅਹਿਮ ਲੋੜ ਹੈ':ਇਸ ਮੌਕੇ ਲਵਜੀਤ ਸਿੰਘ ਦੱਦਾਹੂਰ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਤਬਾਹ ਕਰਨ 'ਤੇ ਤੁਲੀ ਹੋਈ ਹੈ ਜੋ ਹੁਣ ਦੋ ਨਵੇਂ ਕਾਨੂੰਨ ਲੈ ਕੇ ਆ ਰਹੀ ਹੈ। ਉਹ ਕਾਨੂੰਨ ਸਾਡੇ ਸਾਰਿਆਂ ਲਈ ਬਹੁਤ ਹੀ ਖਤਰਨਾਕ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਇੱਕ ਜੁੱਟ ਹੋ ਕੇ ਕੇਂਦਰ ਦੀ ਸਰਕਾਰ ਖਿਲਾਫ਼ ਡੱਟ ਕੇ ਲੜਾਈ ਲੜਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਸਾਡੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ ਪਰ ਇਹ ਸਰਕਾਰ ਵੱਲੋਂ ਕਿਸਾਨਾਂ ਦੀ ਇੱਕ ਵੀ ਨਹੀਂ ਸੁਣੀ ਗਈ ਅਤੇ ਕਿਸਾਨਾਂ ਉੱਪਰ ਗੋਲੀਆਂ ਵਰਸਾਈਆਂ ਗਈਆਂ। ਸਾਡੇ ਕਈ ਕਿਸਾਨ ਜਖ਼ਮੀ ਕੀਤੇ ਗਏ, ਅੱਖਾਂ ਤੋਂ ਅੰਨੇ ਕੀਤੇ ਗਏ ਅਤੇ ਇੱਕ ਸਾਡੇ ਸ਼ੁਭ ਕਰਨ ਸਿੰਘ ਕਿਸਾਨ ਦੀ ਸੰਘਰਸ਼ ਦਰਮਿਆਨ ਮੌਤ ਹੋ ਗਈ। ਉਹਨਾਂ ਕਿਹਾ ਕਿ ਇਸ ਮੌਤ ਦੇ ਜਿੰਮੇਵਾਰ ਕੇਂਦਰ ਦੀ ਮੋਦੀ ਸਰਕਾਰ ਹੈ।
ਬਹੁਤ ਸਾਰੇ ਕਿਸਾਨ ਸ਼ੰਭੂ ਬਾਰਡਰ 'ਤੇ ਇਕੱਠੇ ਹੋਏ: 13 ਫਰਵਰੀ ਨੂੰ ਕਿਸਾਨ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਦਿੱਲੀ ਲਈ ਰਵਾਨਾ ਹੋਏ ਸਨ, ਪਰ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਸ਼ੰਭੂ ਸਰਹੱਦ 'ਤੇ ਰੋਕ ਦਿੱਤਾ। ਕਿਸਾਨ ਉਦੋਂ ਤੋਂ ਉਥੇ ਹੀ ਬੈਠੇ ਹਨ। ਸੁਤੰਤਰਤਾ ਦਿਵਸ ਮੌਕੇ ਸ਼ੰਭੂ ਬਾਰਡਰ 'ਤੇ ਕਿਸਾਨਾਂ ਨੇ ਟਰੈਕਟਰ ਮਾਰਚ ਕੱਢਿਆ। ਇਸ ਦੌਰਾਨ ਕਈ ਜ਼ਿਲ੍ਹਿਆਂ ਤੋਂ ਕਿਸਾਨ ਵੀ ਆਪਣੇ ਟਰੈਕਟਰਾਂ ਨਾਲ ਪੁੱਜੇ ਹੋਏ ਸਨ। ਇਹ ਮਾਰਚ ਊਚਾ ਦਰ ਬਾਬਾ ਨਾਨਕ ਦਾ ਤੋਂ ਵਾਪਸ ਸ਼ੰਭੂ ਧਰਨੇ ਵਾਲੀ ਥਾਂ ’ਤੇ ਸਮਾਪਤ ਹੋਇਆ। ਇਸ ਤੋਂ ਬਾਅਦ ਕਿਸਾਨਾਂ ਵੱਲੋਂ ਤਿੰਨ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ।