ਲੁਧਿਆਣਾ :ਅੱਜ ਪੰਜਾਬ ਭਰ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਲੁਧਿਆਣਾ ਦੇ ਵੀ ਦਿਹਾਤੀ ਇਲਾਕੇ ਦੇ ਵਿੱਚ ਕਿਸਾਨਾਂ ਵੱਲੋਂ ਰੇਲਵੇ ਲਾਈਨਾਂ ਜਾਮ ਕਰ ਦਿੱਤੀਆਂ ਗਈਆਂ ਹਨ। ਸੰਕੇਤਿਕ ਤੌਰ 'ਤੇ ਕਿਸਾਨਾਂ ਵੱਲੋਂ 2 ਵਜੇ ਤੱਕ ਇਹ ਰੇਲ ਰੋਕੋ ਅੰਦੋਲਨ ਉਲੀਕਿਆ ਗਿਆ ਸੀ। ਜਿਸ ਵਿੱਚ ਕਿਸਾਨਾਂ ਦੀ ਮੁੱਖ ਮੰਗ ਲਖੀਮਪੁਰ ਲਖੀਰੀ ਦੇ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕਰਨਾ ਸੀ। ਉੱਥੇ ਹੀ ਜੇਕਰ ਗੱਲ ਰੇਲਵੇ ਸਟੇਸ਼ਨ ਦੀ ਕੀਤੀ ਜਾਵੇ ਤਾਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਸ਼ਾਨੇ ਪੰਜਾਬ ਦੇ ਨਾਲ ਜੰਮੂ ਤਵੀ ਟਰੇਨ ਵੀ ਅੱਜ ਲੇਟ ਹੋ ਗਈ ਹੈ।
ਲੋਕਾਂ ਦੀ ਸਹੁਲਤ ਲਈ ਬਣਾਏ ਹੈਲਪ ਡੈਸਕ
ਕਈ ਟ੍ਰੇਨਾਂ ਸਮੇਂ ਤੋਂ ਦੋ ਦੋ ਤਿੰਨ ਤਿੰਨ ਘੰਟੇ ਲੇਟ ਹੋ ਗਈਆਂ ਹਨ। ਰੇਲਵੇ ਸਟੇਸ਼ਨ 'ਤੇ ਵਿਸ਼ੇਸ਼ ਤੌਰ 'ਤੇ ਹੈਲਪ ਡੈਸਕ ਵੀ ਬਣਾਇਆ ਗਿਆ ਹੈ। ਜਿੱਥੋਂ ਜਾਣਕਾਰੀ ਲਈ ਜਾ ਸਕਦੀ ਹੈ ਉੱਥੇ ਹੀ ਯਾਤਰੀਆਂ ਨੇ ਵੀ ਕਿਹਾ ਕਿ ਕਿਸਾਨਾਂ ਦੀ ਜੇਕਰ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਕੋਈ ਲੜਾਈ ਹੈ ਤਾਂ ਇਸ ਲਈ ਆਮ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਕਿਸਾਨਾਂ ਵੱਲੋਂ ਪਹਿਲਾਂ ਹੀ ਇਸ ਦਾ ਅੰਦੇਸ਼ਾ ਦਿੱਤਾ ਗਿਆ ਸੀ। ਹਾਲਾਂਕਿ ਇਹ ਟ੍ਰੇਨਾਂ ਦੋ ਵਜੇ ਤੱਕ ਰੋਕੀਆਂ ਗਈਆਂ ਹਨ ਉਸ ਤੋਂ ਬਾਅਦ ਟ੍ਰੇਨਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਪਰ ਇਸ ਦੌਰਾਨ ਸਟੇਸ਼ਨ ਤੇ ਯਾਤਰੀ ਜਰੂਰ ਖੱਜਲ ਖੁਆਰ ਹੁੰਦੇ ਵਿਖਾਈ ਦਿੱਤੇ।