ਬਠਿੰਡਾ: ਬੀਤੇ ਦਿਨੀਂ ਸੀ ਆਈ ਏ ਸਟਾਫ ਮੋਹਾਲੀ ਵੱਲੋਂ ਪ੍ਰਸਿੱਧ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਉਸ ਦੇ ਵਿਚਾਰ ਪ੍ਰਗਟਾਵੇ ਦੇ ਆਧਾਰ 'ਤੇ ਕੇਸ ਦਰਜ ਕਰਕੇ ਜੇਲ੍ਹ ਭੇਜਣ ਦੀ ਕਾਰਵਾਈ ਵਿਰੁੱਧ ਧਰਨਾ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਜਿਲ੍ਹਾ ਬਠਿੰਡਾ ਵੱਲੋਂ ਮਿੰਨੀ ਸਕੱਤਰੇਤ ਕੋਲ ਧਰਨਾ ਦੇ ਕੇ ਮੰਗ ਪੱਤਰ ਦਿੱਤਾ ਅਤੇ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕਰ ਕੇ ਮਾਲੀ ਵਿਰੁੱਧ ਦਰਜ ਕੇਸ ਰੱਦ ਕਰਕੇ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ ।
ਤੁਰੰਤ ਰਿਹਾਅ ਕਰਨ ਦੀ ਕੀਤੀ ਮੰਗ (ETV BHARAT PUNJAB (ਰਿਪੋਟਰ,ਬਠਿੰਡਾ)) ਬਦਲਾਖੋਰੀ ਦੀ ਭਾਵਨਾ ਤਹਿਤ ਕਾਰਵਾਈ
ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਔਰਤ ਜਥੇਬੰਦੀ ਦੇ ਆਗੂ ਹਰਿੰਦਰ ਬਿੰਦੂ ਨੇ ਕਿਹਾ ਕਿ ਪੁਲਿਸ ਕੇਸ ਵਿੱਚ ਦਰਜ ਮਾਲਵਿੰਦਰ ਸਿੰਘ ਮਾਲੀ ਵਿਰੁੱਧ ਬਿਲਕੁਲ ਝੂਠਾ ਕੇਸ ਦਰਜ ਕਰਕੇ ਉਸ ਨੂੰ ਜੇਲ੍ਹ ਭੇਜਿਆ ਗਿਆ ਹੈ। ਇਸ ਮਾਮਲੇ ਵਿੱਚ ਸ਼ਿਕਾਇਤ ਕਰਤਾ ਵੀ ਆਪ ਦੀ ਪਾਰਟੀ ਦਾ ਉੱਘਾ ਕਾਰਕੁੰਨ ਹੈ। ਇਹ ਨਜਾਇਜ਼ ਕਾਰਵਾਈ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਾਰਨ ਬਦਲਾਖੋਰੀ ਦੀ ਭਾਵਨਾ ਤਹਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਜਥੇਬੰਦੀ ਦੀ ਵਿਚਾਰਧਾਰਾ/ਨੀਤੀ ਮਾਲੀ ਦੀਆਂ ਕੁੱਝ ਵਿਚਾਰਧਾਰਾਵਾਂ ਨਾਲ ਡੂੰਘੇ ਮੱਤਭੇਦ ਹਨ ਪਰ ਕਿਸੇ ਵੀ ਵਿਅਕਤੀ ਵਿਰੁੱਧ ਉਸ ਦੇ ਵਿਚਾਰਾਂ ਨੂੰ ਆਧਾਰ ਬਣਾ ਕੇ ਜੇਲ੍ਹ ਡੱਕਣਾ ਜ਼ਮਹੂਰੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ, ਜਿਸ ਦੀ ਅੱਜ ਦੀ ਐਕਸ਼ਨ ਵਿੱਚ ਸ਼ਾਮਿਲ ਜਥੇਬੰਦੀਆਂ ਵੱਲੋਂ ਜ਼ੋਰਦਾਰ ਨਿਖੇਧੀ ਕੀਤੀ ਗਈ।
ਦੱਸ ਦਈਏ ਬੀਤੇ ਦਿਨੀ ਨਵਜੋਤ ਸਿੱਧੂ ਦੇ ਸਿਆਸੀ ਸਲਾਹਕਾਰ ਰਹਿ ਚੁੱਕੇ ਮਾਲਵਿੰਦਰ ਮਾਲੀ ਨੂੰ ਮੁਹਾਲੀ ਦੇ ਸੀਆਈਏ ਸਟਾਫ ਨੇ ਗ੍ਰਿਫ਼ਤਾਰ ਕੀਤਾ ਸੀ। ਮੋਹਾਲੀ ਪੁਲਿਸ ਨੇ ਪਟਿਆਲਾ ਰਹਿੰਦੇ ਮਾਲਵਿੰਦਰ ਦੇ ਭਰਾ ਰਣਜੀਤ ਸਿੰਘ ਗਰੇਵਾਲ ਦੇ ਘਰੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਗ੍ਰਿਫ਼ਤਾਰੀ ਮਾਲਵਿੰਦਰ ਮਾਲੀ ਖ਼ਿਲਾਫ਼ ਆਈ.ਟੀ.ਐਕਟ ਅਧੀਨ ਇੱਕ ਮਾਮਲਾ ਦਰਜ ਹੋਣ ਤੋਂ ਬਾਅਦ ਕੀਤੀ ਗਈ ,ਪੁਲਿਸ ਵੱਲੋਂ ਆਈ.ਟੀ. ਸਿਟੀ ਥਾਣਾ ਮੁਹਾਲੀ ’ਚ ਉਨ੍ਹਾਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਉੱਤੇ ਧਾਰਾ 196 ਅਤੇ 295-ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਜਦੋਂ ਉਨ੍ਹਾਂ ਦੇ ਘਰ ਸੈਕਟਰ 91 ਦੇ ਪਹੁੰਚੀ ਤਾਂ ਉ਼ੱਥੇ ਜਿੰਦਰਾ ਲੱਗਿਆ ਹੋਇਆ ਸੀ। ਫੋਨ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਹ ਪਟਿਆਲੇ ਆਪਣੇ ਭਰਾ ਦੇ ਘਰ ਆਏ ਹੋਏ ਹਨ। ਇਸ ਤੋਂ ਤੁਰੰਤ ਬਾਅਦ ਸੀ.ਆਈ.ਏ. ਮੋਹਾਲੀ ਦੀ ਪਹਿਲਾਂ ਹੀ ਪਟਿਆਲਾ ਪਹੁੰਚੀ ਹੋਈ ਟੀਮ ਨੇ ਉਨ੍ਹਾਂ ਦੇ ਭਰਾ ਦੇ ਘਰ ਛਾਪਾ ਮਾਰਿਆ ਅਤੇ ਮਾਲੀ ਨੂੰ ਹਿਰਾਸਤ ’ਚ ਲੈ ਲਿਆ।