ਚੰਡੀਗੜ੍ਹ: ਐੱਮਐੱਸਪੀ ਗਾਰੰਟੀ ਕਾਨੂੰਨ ਨੂੰ ਲਾਗੂ ਕਰਨ ਅਤੇ ਸਵਾਮੀਨਾਥਨ ਰਿਪੋਰਟ ਦੀਆਂ ਸਿਫ਼ਾਰਸ਼ਾਂ ਸਮੇਤ ਕਈ ਮੰਗਾਂ ਨੂੰ ਲੈ ਕੇ ਕਿਸਾਨ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਉੱਤੇ ਡਟੇ ਹੋਏ ਹਨ ਤੇ ਅੱਜ ਕਿਸਾਨ ਅੰਦੋਲਨ ਦਾ 20ਵਾਂ ਦਿਨ ਹੈ। ਕਿਸਾਨ ਆਗੂ ਅੱਜ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਤੋਂ ਬਾਅਦ ਦਿੱਲੀ ਮਾਰਚ ਸਬੰਧੀ ਅਗਲੀ ਰਣਨੀਤੀ ਦਾ ਐਲਾਨ ਕਰ ਸਕਦੇ ਹਨ। ਅੰਦੋਲਨ ਦੇ 19ਵੇਂ ਦਿਨ ਪੰਜਾਬ ਦੇ ਕਲਾਕਾਰਾਂ ਨੇ ਕਿਸਾਨਾਂ ਦਾ ਸਾਥ ਦਿੱਤਾ।
ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਅੱਜ:ਦੱਸ ਦਈਏ ਕਿ ਕਿਸਾਨ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਅੱਜ ਬਠਿੰਡਾ ਦੇ ਪਿੰਡ ਬੱਲੋ ਵਿਖੇ ਕੀਤੀ ਜਾਵੇਗੀ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਵੱਧ ਤੋਂ ਵੱਧ ਕਿਸਾਨਾਂ ਨੂੰ ਬੱਲੋ ਪਿੰਡ ਪਹੁੰਚਣ ਦੀ ਅਪੀਲ ਕੀਤੀ ਹੈ। 21 ਫਰਵਰੀ ਨੂੰ ਖਨੌਰੀ ਸਰਹੱਦ ਵਿਖੇ ਸ਼ੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ 29 ਫਰਵਰੀ ਤੱਕ ਟਾਲ ਦਿੱਤਾ ਸੀ। 29 ਫਰਵਰੀ ਨੂੰ ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਮਾਰਚ ਦੀ ਅਗਲੀ ਰਣਨੀਤੀ 3 ਮਾਰਚ ਨੂੰ ਸ਼ੁਭਕਰਨ ਸਿੰਘ ਦੇ ਭੋਗ ਤੋਂ ਬਾਅਦ ਐਲਾਨ ਕੀਤੀ ਜਾਵੇਗੀ ਤੇ ਕਿਸਾਨ ਇਨ੍ਹਾਂ ਸਰਹੱਦਾਂ 'ਤੇ ਹੀ ਪੱਕੇ ਡਟੇ ਰਹਿਣਗੇ।
ਸੰਯੁਕਤ ਕਿਸਾਨ ਮੋਰਚਾ ਨੇ ਦਿੱਤਾ 8-ਨੁਕਾਤੀ ਪ੍ਰਸਤਾਵ:22 ਫਰਵਰੀ 2022 ਨੂੰ ਚੰਡੀਗੜ੍ਹ ਵਿੱਚ ਹੋਈ ਜਨਰਲ ਬਾਡੀ ਦੀ ਮੀਟਿੰਗ ਵਿੱਚ ਗਠਿਤ ਐਸ.ਕੇ.ਐਮ ਦੀ ਛੇ ਮੈਂਬਰੀ ਕਮੇਟੀ ਦੁਆਰਾ ਅਪਣਾਇਆ ਗਿਆ 8-ਨੁਕਾਤੀ ਪ੍ਰਸਤਾਵ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਦੇ ਨੁਮਾਇੰਦਿਆਂ ਨੂੰ ਸੌਂਪਿਆ ਗਿਆ।
ਮੀਂਹ ਵਿੱਚ ਵੀ ਡਟੇ ਰਹੇ ਕਿਸਾਨ: ਐਮਐਸਪੀ ਅਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਪੰਜਾਬ ਤੇ ਹਰਿਆਣਾ ਦੀਆਂ ਸਰਹੱਦਾਂ ਡਟੇ ਹੋਏ ਹਨ। ਬਦਲਦੇ ਮੌਸਮ ਤੋਂ ਬਚਣ ਲਈ ਕਿਸਾਨਾਂ ਨੇ ਆਪਣੀਆਂ ਟਰਾਲੀਆਂ ਨੂੰ ਘਰਾਂ ਵਿੱਚ ਤਬਦੀਲ ਕਰ ਲਿਆ ਹੈ। ਜਿਸ ਵਿੱਚ ਰੋਜ਼ਾਨਾ ਦੀਆਂ ਸਹੂਲਤਾਂ ਦੇਖਣ ਨੂੰ ਮਿਲਣਗੀਆਂ। ਕਿਸਾਨਾਂ ਨੇ ਰੋਜਾਨਾ ਲੋੜਾਂ ਦਾ ਸਾਰਾ ਸਮਾਨ ਟਰਾਲੀਆਂ ਵਿੱਚ ਪਾ ਦਿੱਤਾ ਹੈ। ਟਰਾਲੀਆਂ ਵਿੱਚ ਸੌਣ ਲਈ ਬੈੱਡ, ਏ.ਸੀ., ਚਾਰਜਿੰਗ ਸਲਾਟ, ਰਸੋਈ ਦਾ ਸੈੱਟਅੱਪ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਆਸ-ਪਾਸ ਦੇ ਲੋਕ ਵੀ ਕਿਸਾਨਾਂ ਦੇ ਖਾਣ ਲਈ ਲੰਗਰ ਦਾ ਪ੍ਰਬੰਧ ਕਰ ਰਹੇ ਹਨ।
13 ਫਰਵਰੀ ਤੋਂ ਪੰਜਾਬ-ਹਰਿਆਣਾ ਸਰਹੱਦ 'ਤੇ ਡਟੇ ਹਨ ਕਿਸਾਨ :ਦੱਸ ਦੇਈਏ ਕਿ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਵਾਲੇ ਹਜ਼ਾਰਾਂ ਕਿਸਾਨਾਂ ਨੂੰ ਹਰਿਆਣਾ ਸਰਹੱਦ 'ਤੇ ਰੋਕ ਦਿੱਤਾ ਗਿਆ ਸੀ। ਇੱਥੇ ਕਿਸਾਨਾਂ ਅਤੇ ਸੁਰੱਖਿਆ ਕਰਮੀਆਂ ਵਿਚਕਾਰ ਝੜਪਾਂ ਹੋਈਆਂ, ਜਿਸ ਵਿੱਚ ਕਈ ਕਿਸਾਨਾਂ ਦੀ ਮੌਤ ਤੇ ਲਈ ਗੰਭੀਰ ਜ਼ਖ਼ਮੀ ਹੋ ਗਏ। ਕਿਸਾਨਾਂ ਨੇ ਉਦੋਂ ਤੋਂ ਹੀ ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਸਰਹੱਦਾਂ 'ਤੇ ਡੇਰੇ ਲਾਏ ਹੋਏ ਹਨ। ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਨੇ ਬਾਰਡਰ 'ਤੇ ਕਈ ਬੈਰੀਕੇਡ ਲਗਾ ਦਿੱਤੇ ਹਨ। ਇਸ ਵਿੱਚ ਸੀਮਿੰਟ ਦੀਆਂ ਬਣੀਆਂ ਕੰਧਾਂ ਵੀ ਸ਼ਾਮਲ ਹਨ।