ਖੁੱਡੀਆਂ ਤੋਂ ਕਿਸਾਨਾਂ ਨੇ ਮੰਗੇ ਜਵਾਬ ਮਾਨਸਾ: ਬਠਿੰਡਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਮਾਨਸਾ ਵਿਖੇ ਕਿਸਾਨਾਂ ਵੱਲੋਂ ਰੋਕ ਕੇ ਸਵਾਲ ਜਵਾਬ ਪੁੱਛੇ ਗਏ। ਇਸ ਦੌਰਾਨ ਕਿਸਾਨਾਂ ਨੇ ਸਾਬਕਾ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਕੈਬਨਿਟ ਵਿੱਚੋਂ ਬਾਹਰ ਕਰਨ ਅਤੇ ਉਸ ਉੱਤੇ ਭ੍ਰਿਸ਼ਟਾਚਾਰ ਇਲਜ਼ਾਮਾਂ ਦੇ ਮਾਮਲੇ ਵਿੱਚ ਵੀ ਸਵਾਲ ਪੁੱਛੇ, ਜਿਸ ਉੱਤੇ ਖੁੱਡੀਆਂ ਨੇ ਜਵਾਬ ਦੇਣ ਤੋਂ ਮਨਾ ਕਰ ਦਿੱਤਾ ਅਤੇ ਕਿਹਾ ਕਿ ਇਹ ਮਾਮਲਾ ਹਾਈ ਕਮਾਂਡ ਦੇ ਕੋਲ ਹੈ।
ਕਿਸਾਨਾਂ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਕਿਹਾ ਗਿਆ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਦੇ ਨਜ਼ਦੀਕ ਜਮੀਨ ਉੱਤੇ ਉੱਥੋਂ ਦੇ ਕਿਸਾਨਾਂ ਦਾ 75 ਸਾਲ ਤੋਂ ਕਬਜ਼ਾ ਸੀ ਪਰ ਅੱਜ ਉਹਨਾਂ ਤੋਂ ਉਹ ਜਮੀਨ ਖੋਹੀ ਗਈ ਹੈ। ਜਿਸ ਲਈ ਸੰਘਰਸ਼ ਵੀ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਅਤੇ ਉਹਨਾਂ ਕਿਸਾਨਾਂ ਨੂੰ ਮਾਲਕਾਨਾ ਹੱਕ ਦਿੱਤਾ ਜਾਵੇ। ਨਾਲ ਹੀ ਉਹਨਾਂ ਪੰਜਾਬ ਵਿੱਚ ਲੱਗ ਰਹੇ ਬਿਜਲੀ ਦੇ ਚਿੱਪ ਵਾਲੇ ਮੀਟਰਾਂ ਉੱਤੇ ਵੀ ਸਰਕਾਰ ਨੂੰ ਰੋਕ ਲਾਉਣ ਦੀ ਅਪੀਲ ਕੀਤੀ।
ਸੈਲੋ ਕੰਪਨੀ ਨੂੰ ਪੰਜਾਬ ਵਿੱਚ ਨੌ ਜ਼ਿਲ੍ਹਿਆਂ ਅੰਦਰ ਮੰਡੀਆਂ ਅਲਾਟ ਕਰਨ ਦੇ ਮਾਮਲੇ ਵਿੱਚ ਕਿਸਾਨਾਂ ਵੱਲੋਂ ਸਵਾਲ ਪੁੱਛਿਆ ਗਿਆ ਤਾਂ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਫੈਸਲਾ ਰੱਦ ਕਰ ਦਿੱਤਾ ਗਿਆ ਸੀ। ਖੇਤੀ ਨੀਤੀ ਦੇ ਮਾਮਲੇ ਵਿੱਚ ਅਮਰੀਕਾ ਦੀ ਰੋਸਟਡ ਕੰਪਨੀ ਨੂੰ ਠੇਕਾ ਦੇਣ ਦੇ ਮਾਮਲੇ ਉੱਤੇ ਉਮੀਦਵਾਰ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਕਿਉਂਕਿ ਉਹ ਖੁਦ ਖੇਤੀਬਾੜੀ ਮੰਤਰੀ ਹਨ ਅਤੇ ਇਹ ਸਿਰਫ ਇਲਜ਼ਾਮ ਲਗਾਏ ਜਾ ਰਹੇ ਹਨ।
'ਆਪ' ਦੀ ਸਰਕਾਰ ਦੌਰਾਨ ਹੋਏ ਫਸਲਾਂ ਦੇ ਨੁਕਸਾਨ ਦੇ ਮਾਮਲੇ ਉੱਤੇ ਕਿਸਾਨਾਂ ਨੇ ਖੇਤੀਬਾੜੀ ਮੰਤਰੀ ਤੋਂ ਮੁਆਵਜੇ ਦੀ ਮੰਗ ਕੀਤੀ ਤਾਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਬਣਦਾ ਯੋਗ ਮੁਆਵਜ਼ਾ ਸੀ ਦਿੱਤਾ ਗਿਆ ਹੈ ਜਦੋਂ ਕਿ ਸੈਂਟਰ ਵੱਲੋਂ ਆਪਣਾ ਹਿੱਸਾ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ। ਲੰਬੀ ਹਲਕੇ ਤੋਂ ਜਿੱਤਣ ਤੋਂ ਬਾਅਦ ਬਠਿੰਡਾ ਵਿਖੇ ਐਮਪੀ ਦੀ ਚੋਣ ਲੜਨ ਦੇ ਮਾਮਲੇ ਉੱਤੇ ਕਿਸਾਨਾਂ ਨੇ ਕਿਹਾ ਕਿ ਪਹਿਲਾਂ ਲੰਬੀ ਦੇ ਲੋਕਾਂ ਨਾਲ ਵਾਅਦੇ ਕੀਤੇ ਅਤੇ ਹੁਣ ਤੁਸੀਂ ਬਠਿੰਡਾ ਚੋਣ ਲੜਨ ਦੇ ਲਈ ਆ ਗਏ ਅਤੇ ਉਹਨਾਂ ਲੋਕਾਂ ਨੂੰ ਲਾਵਾਰਿਸ ਛੱਡ ਦਿੱਤਾ। ਇਸ ਉੱਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਉਹਨਾਂ ਦੇ ਕੰਮ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ।