ਲੁਧਿਆਣਾ: ਕਿਸਾਨ ਅੰਦੋਲਨ ਦਾ ਅਸਰ ਹੁਣ ਤੋਂ ਹੀ ਸ਼ੁਰੂ ਹੋ ਗਿਆ ਹੈ। ਖਾਸ ਕਰਕੇ ਟਰਾਂਸਪੋਰਟ ਉੱਤੇ ਇਸ ਦਾ ਮਾੜਾ ਪ੍ਰਭਾਵ ਪੈ ਰਿਹਾ ਹੈ। ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਦੇ ਸ਼ੰਭੂ ਬਾਰਡਰ ਅਤੇ ਖਨੌਰੀ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਨਾਕੇਬੰਦੀ ਕੀਤੀ ਗਈ ਹੈ ਅਤੇ ਬਾਰਡਰ ਪੂਰੀ ਤਰ੍ਹਾਂ ਸੀਲ ਕਰ ਦਿੱਤੇ ਹਨ। ਇਸ ਦਾ ਸਿੱਧਾ ਅਸਰ ਪੰਜਾਬ ਦੇ ਵਪਾਰ ਉੱਤੇ ਪੈ ਰਿਹਾ ਹੈ। ਨਾ ਸਿਰਫ, ਪੰਜਾਬ ਤੋਂ ਬਾਹਰ ਜਾਣ ਵਾਲਾ ਸਮਾਨ, ਸਗੋਂ ਪੰਜਾਬ ਵਿੱਚ ਆਉਣ ਵਾਲੇ ਸਮਾਨ ਉੱਤੇ ਵੀ ਬ੍ਰੇਕਾਂ ਲੱਗ ਗਈਆਂ ਹਨ ਜਿਸ ਦਾ ਅਸਰ ਹੁਣ ਵਿਖਾਈ ਦੇਣ ਲੱਗਾ ਹੈ। ਟਰਾਂਸਪੋਰਟ ਨੂੰ ਵੀ ਵੱਡਾ ਨੁਕਸਾਨ ਹੋ ਰਿਹਾ ਹੈ।
ਪੰਜਾਬ ਵਿੱਚ ਅਸਰ: ਪੰਜਾਬ ਤੋਂ ਦਿੱਲੀ ਜਾਣ ਲਈ, ਜਿੱਥੇ ਪਹਿਲਾਂ 300 ਕਿਲੋਮੀਟਰ ਟਰੱਕ ਚੱਲਦਾ ਸੀ, ਉੱਥੇ ਹੁਣ 500 ਕਿਲੋਮੀਟਰ ਚਲਾਉਣਾ ਪੈ ਰਿਹਾ ਹੈ। ਟਰਾਂਸਪੋਰਟਰਾਂ ਨੂੰ ਵੱਧ ਟੋਲ ਟੈਕਸ ਅਤੇ ਵੱਧ ਡੀਜ਼ਲ ਦਾ ਖ਼ਰਚਾ ਪੈ ਰਿਹਾ ਹੈ। ਸੜਕਾਂ ਖਰਾਬ ਹੋਣ ਕਰਕੇ ਟਰੱਕਾਂ ਦੀ ਵੀ ਟੁੱਟ ਭੱਜ ਹੋ ਰਹੀ ਹੈ। ਉੱਥੇ ਹੀ, ਦੂਜੇ ਪਾਸੇ ਕਾਰੋਬਾਰ ਦੇ ਵਿੱਚ ਵੀ ਸਿੱਧਾ ਨੁਕਸਾਨ ਹੋ ਰਿਹਾ ਹੈ। ਕਾਰੋਬਾਰੀ ਨੇ ਕਿਹਾ ਹੈ ਕਿ ਕੋਈ ਵੀ ਗਾਹਕ ਪੰਜਾਬ ਨਾਲ ਵਪਾਰ ਕਰਨ ਨੂੰ ਤਿਆਰ ਨਹੀਂ ਹੋ ਰਿਹਾ ਹੈ। ਸਾਡੇ ਪਹਿਲਾਂ ਦੇ ਭੇਜੇ ਹੋਏ ਮਾਲ ਡਿਲੇ ਜਾ ਰਹੇ ਹਨ ਜਿਸ ਦਾ ਸਿੱਧਾ ਖਾਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਕਾਰੋਬਾਰੀ ਨੇ ਕਿਹਾ ਕਿ ਜੇਕਰ ਆਉਂਦੇ ਦਿਨਾਂ ਵਿੱਚ ਵੀ ਇਹੀ ਹਾਲ ਰਿਹਾ ਤਾਂ ਸਾਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਕਿ ਫੈਕਟਰੀਆਂ ਬੰਦ ਕਰਨੀਆਂ ਪੈਣਗੀਆਂ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਦੇ ਨਾਲ ਮਿਲ ਬੈਠ ਕੇ ਇਸ ਮਸਲੇ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ।
ਟਰਾਂਸਪੋਰਟ ਦਾ ਨੁਕਸਾਨ: ਜਨਕਰਾਜ ਗੋਇਲ ਪ੍ਰਧਾਨ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਲੁਧਿਆਣਾ ਨੇ ਦੱਸਿਆ ਇਸ ਵਕਤ ਟਰਾਂਸਪੋਰਟ ਦਾ ਹਾਲ ਬਹੁਤ ਮਾੜਾ ਹੋ ਚੁੱਕਾ ਹੈ। ਕਾਰੋਬਾਰੀ ਸਾਡਾ ਨੁਕਸਾਨ ਦੇਣ ਨੂੰ ਤਿਆਰ ਨਹੀਂ ਹਨ। ਉੱਥੇ ਹੀ, ਸਾਡੇ ਟਰੱਕ ਬਾਰਡਰਾਂ ਉੱਤੇ ਫਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਟਰੱਕਾਂ ਦੀ ਛੋਟ ਹੋ ਗਈ ਹੈ। ਸਿਰਫ ਪੰਜਾਬ ਤੋਂ ਦਿੱਲੀ ਜਾਣ ਲਈ ਜੋ ਪਹਿਲਾਂ ਸਫਰ 300 ਕਿਲੋਮੀਟਰ ਦਾ ਤੈਅ ਕਰਨਾ ਪੈਂਦਾ ਸੀ ਹੁਣ ਉਹ 500 ਕਿਲੋਮੀਟਰ ਦਾ ਤੈਅ ਕਰਨਾ ਪੈ ਰਿਹਾ ਹੈ ਜਿਸ ਨਾਲ ਦੁੱਗਣਾ ਡੀਜ਼ਲ ਅਤੇ ਦੁਗਣਾ ਟੋਲ ਟੈਕਸ ਲੱਗ ਰਿਹਾ ਹੈ। ਇਸ ਕਰਕੇ ਸਿੱਧਾ ਨੁਕਸਾਨ ਟਰਾਂਸਪੋਰਟ ਨੂੰ ਹੋ ਰਿਹਾ ਹੈ ਅਤੇ ਇਹ ਨੁਕਸਾਨ ਦੀ ਭਰਪਾਈ ਕਰਨ ਨੂੰ ਕੋਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਕਈ ਟਰਾਂਸਪੋਰਟਰ ਬਾਰਡਰਾਂ ਉੱਤੇ ਫਸੇ ਹੋਏ ਹਨ। ਉਨ੍ਹਾਂ ਨੂੰ ਨਾ ਅੱਗੇ ਜਾਣ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਪਿੱਛੇ ਇੱਥੋਂ ਤੱਕ ਕਿ ਉਨ੍ਹਾਂ ਦੇ ਕੋਲ ਜੋ ਕੱਚਾ ਸਮਾਨ ਹੈ ਉਹ ਖ਼ਰਾਬ ਹੋਣ ਦਾ ਖਦਸ਼ਾ ਹੈ ਜਿਸ ਦਾ ਖਾਮਿਆਜ਼ਾ ਵੀ ਸਾਨੂੰ ਹੀ ਭੁਗਤਣਾ ਪਵੇਗਾ।