ਪੰਜਾਬ

punjab

ETV Bharat / state

ਕਿਸਾਨ ਅੰਦੋਲਨ ਦਾ ਅੱਜ 16ਵਾਂ ਦਿਨ; ਦਿੱਲੀ ਕੂਚ ਉੱਤੇ ਅੱਜ ਹੋਵੇਗਾ ਫੈਸਲਾ, ਸ਼ੰਭੂ ਬਾਰਡਰ 'ਤੇ ਹੋਵੇਗੀ ਮੀਟਿੰਗ - ਦਿੱਲੀ ਕੂਚ

Farmer Protest 16th Day Updates: ਕਿਸਾਨ ਅੰਦੋਲਨ ਦਾ ਅੱਜ 16ਵਾਂ ਦਿਨ ਹੈ। ਅੱਜ ਕਿਸਾਨ ਜਥੇਬੰਦੀਆਂ ਦਿੱਲੀ ਕੂਚ ਕਰਨ ਨੂੰ ਲੈ ਕੇ ਫੈਸਲਾ ਲੈਣ ਲਈ ਸ਼ੰਭੂ ਸਰਹੱਦ ਉੱਤੇ ਮੀਟਿੰਗ ਕਰਨਗੇ। ਦੂਜੇ ਪਾਸੇ, ਹਰਿਆਣਾ ਸਰਕਾਰ ਨੇ ਅੰਬਾਲਾ ਦੇ ਤਿੰਨ ਇਲਾਕਿਆਂ ਵਿੱਚ ਇੰਟਰਨੈੱਟ ਉੱਤੇ ਪਾਬੰਦੀ ਲਾ ਦਿੱਤੀ ਹੈ। ਪੜ੍ਹੋ ਪੂਰੀ ਖ਼ਬਰ।

Farmer Protest 16th Day
Farmer Protest 16th Day

By ETV Bharat Punjabi Team

Published : Feb 28, 2024, 7:37 AM IST

ਪੰਜਾਬ/ਹਰਿਆਣਾ: ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਹਰਿਆਣਾ ਦੇ ਸ਼ੰਭੂ ਤੇ ਖਨੌਰੀ ਸਰਹੱਦਾਂ ਉੱਤੇ ਕਿਸਾਨ ਜਥੇਬੰਦੀਆਂ ਵੱਡੀ ਗਿਣਤੀ ਵਿੱਚ ਕਿਸਾਨ ਪ੍ਰਦਰਸ਼ਨਕਾਰੀਆਂ ਨਾਲ ਡਟੀਆਂ ਹੋਈਆਂ ਹਨ। 29 ਫ਼ਰਵਰੀ ਨੂੰ ਦਿੱਲੀ ਕੂਚ ਕਰਨ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਐਲਾਨ ਕੀਤਾ ਜਾ ਸਕਦਾ ਹੈ। ਇਸ ਸਬੰਧੀ ਅੱਜ ਸ਼ੰਭੂ ਸਰਹੱਦ ਉੱਤੇ ਮੀਟਿੰਗ ਹੋਵੇਗੀ। ਇਸ ਤੋਂ ਪਹਿਲਾਂ, ਮੰਗਲਵਾਰ ਨੂੰ ਕਿਸਾਨ ਆਗੂਆਂ ਨੇ ਆਪੋ-ਆਪਣੇ ਸੰਗਠਨਾਂ ਨਾਲ ਮੀਟਿੰਗ ਕੀਤੀ ਤੇ ਅੱਜ ਸੰਯੁਕਤ ਮੀਟਿੰਗ ਹੋਵੇਗੀ।

ਅੰਦੋਲਨ ਦੀ ਅਗਵਾਈ ਕਰ ਰਹੇ ਸਰਵਣ ਪੰਧੇਰ ਅਤੇ ਜਗਜੀਤ ਡੱਲੇਵਾਲ ਨੇ ਕਿਹਾ ਹੈ ਕਿ ਦੋਵਾਂ ਮੰਚਾਂ ਦੀ ਸਾਂਝੀ ਮੀਟਿੰਗ ਹੋਵੇਗੀ। ਇਸ ਤੋਂ ਬਾਅਦ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕਰਨ ਵਾਲੀਆਂ ਜਥੇਬੰਦੀਆਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ। 29 ਫ਼ਰਵਰੀ ਨੂੰ ਵਿਸਥਾਰਤ ਰਣਨੀਤੀ ਬਣਾ ਕੇ ਅਗਲਾ ਐਲਾਨ ਕੀਤਾ ਜਾਵੇਗਾ।

ਮੰਗਲਵਾਰ ਨੂੰ ਇੱਕ ਹੋਰ ਕਿਸਾਨ ਦੀ ਮੌਤ:ਖਨੌਰੀ ਬਾਰਡਰ 'ਤੇ ਅੰਦੋਲਨ ਦੇ 15ਵੇਂ ਦਿਨ ਇੱਕ ਹੋਰ 50 ਸਾਲ ਦੇ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦੀ ਪਛਾਣ ਕਰਨੈਲ ਸਿੰਘ ਵਜੋਂ ਹੋਈ, ਜੋ ਕਿ ਪਟਿਆਲਾ ਦੇ ਪਿੰਡ ਰਨੋ ਦਾ ਰਹਿਣ ਵਾਲਾ ਸੀ। ਕਿਸਾਨਾਂ ਅਨੁਸਾਰ ਖਨੌਰੀ ਸਰਹੱਦ ’ਤੇ ਹੜਤਾਲ ’ਤੇ ਬੈਠੇ 50 ਸਾਲਾਂ ਕਿਸਾਨ ਕਰਨੈਲ ਸਿੰਘ ਦੀ ਅਚਾਨਕ ਸਿਹਤ ਵਿਗੜ ਗਈ ਸੀ ਜਿਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ। ਇੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਅੰਬਾਲਾ 'ਚ ਇਨ੍ਹਾਂ ਥਾਵਾਂ 'ਤੇ ਮੋਬਾਈਲ ਇੰਟਰਨੈੱਟ 'ਤੇ ਪਾਬੰਦੀ: ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਅੰਬਾਲਾ ਦੇ 3 ਥਾਣਾ ਖੇਤਰਾਂ 'ਚ ਮੋਬਾਈਲ ਇੰਟਰਨੈੱਟ 'ਤੇ ਪਾਬੰਦੀ ਲਗਾ ਦਿੱਤੀ ਹੈ। ਅੰਬਾਲਾ ਦੇ ਜਿਨ੍ਹਾਂ ਤਿੰਨ ਥਾਣਾ ਖੇਤਰਾਂ 'ਚ ਇਹ ਪਾਬੰਦੀ ਲਗਾਈ ਗਈ ਹੈ, ਉਨ੍ਹਾਂ 'ਚ ਸਦਰ, ਪੰਜੋਖਰਾ ਸਾਹਿਬ ਅਤੇ ਨਾਗਲ ਥਾਣਾ ਖੇਤਰ ਸ਼ਾਮਿਲ ਹਨ। ਇਨ੍ਹਾਂ ਤਿੰਨਾਂ ਥਾਣਾ ਖੇਤਰਾਂ ਵਿੱਚ ਲੋਕ ਮੋਬਾਈਲ ਇੰਟਰਨੈੱਟ ਦੀ ਵਰਤੋਂ ਨਹੀਂ ਕਰ ਸਕਣਗੇ।

ਕੇਂਦਰ ਨੇ 18 ਫ਼ਰਵਰੀ ਦੀ ਮੀਟਿੰਗ ਵਿੱਚ ਦਿੱਤਾ ਪ੍ਰਸਤਾਵ:ਅੱਜ ਦੇ ਦਿਨ ਬੀਕੇਯੂ ਦੇ ਕ੍ਰਾਂਤੀਕਾਰੀ ਆਗੂ ਮਨਜੀਤ ਸਿੰਘ ਦੀ ਖਨੌਰੀ ਸਰਹੱਦ ਵਿਖੇ ਮੌਤ ਹੋ ਗਈ ਸੀ। ਚੰਡੀਗੜ੍ਹ ਵਿੱਚ ਦੇਰ ਸ਼ਾਮ ਕੇਂਦਰੀ ਮੰਤਰੀਆਂ ਅਤੇ ਕਿਸਾਨਾਂ ਦੀ ਮੀਟਿੰਗ ਹੋਈ। ਇਸ 'ਚ ਸਰਕਾਰ ਨੇ 5 ਫਸਲਾਂ ਮੱਕੀ, ਕਪਾਹ, ਦਾਲ, ਉੜਦ ਅਤੇ ਤੁਆਰ ਨੂੰ 5 ਸਾਲ ਲਈ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦਣ ਦਾ ਪ੍ਰਸਤਾਵ ਦਿੱਤਾ ਹੈ।

ਸ਼ੁੱਭਕਰਨ ਦਾ ਪੋਸਟਮਾਰਮ ਅਜੇ ਵੀ ਨਹੀਂ ਹੋਇਆ:ਖਨੌਰੀ ਸਰਹੱਦ 'ਤੇ ਮਾਰੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਦਾ ਪੋਸਟਮਾਰਟਮ ਅਜੇ ਤੱਕ ਨਹੀਂ ਹੋ ਸਕਿਆ ਹੈ। ਕਿਸਾਨ ਆਗੂ ਤੇ ਪਰਿਵਾਰ ਉਸ ਨੂੰ ਗੋਲੀ ਮਾਰਨ ਵਾਲਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਦੀ ਮੰਗ ’ਤੇ ਅੜੇ ਹੋਏ ਹਨ। ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਕਿਹਾ ਕਿ ਕਿਸਾਨਾਂ ’ਤੇ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਿਸਾਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਮੁਆਵਜ਼ਾ ਅਤੇ ਉਸ ਦੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ।

ਹੁਣ ਤੱਕ ਕਿਸਾਨ ਅੰਦੋਲਨ ਦੌਰਾਨ 8 ਮੌਤਾਂ: ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਹਰਿਆਣਾ ਸਰਹੱਦ ਉੱਤੇ ਡਟੇ ਹੋਏ ਕਿਸਾਨਾਂ ਉੱਤੇ ਹਰਿਆਣਾ ਪੁਲਿਸ ਵਲੋਂ ਅੱਥਰੂ ਗੈਸ ਸੁੱਟੇ ਗਏ। ਹੁਣ ਤੱਕ, ਕਿਸਾਨ ਆਗੂਆਂ, ਪੁਲਿਸ ਕਰਮਚਾਰੀਆਂ ਸਣੇ ਕੁੱਲ 8 ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚ 65 ਸਾਲ ਦਾ ਗਿਆਨ ਸਿੰਘ, 72 ਸਾਲ ਦੇ ਮਨਜੀਤ ਸਿੰਘ, 21 ਸਾਲ ਸ਼ੁਭਕਰਨ ਸਿੰਘ, 62 ਸਾਲ ਦੇ ਦਰਸ਼ਨ ਸਿੰਘ ਅਤੇ 50 ਸਾਲ ਦੇ ਕਰਨੈਲ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ, 58 ਸਾਲ ਦੇ ਐਸਆਈ ਹੀਰਾਲਾਲ, 56 ਸਾਲ ਦੇ ਐਸਆਈ ਕੌਸ਼ਲ ਕੁਮਾਰ ਅਤੇ 40 ਸਾਲ ਦੇ ਐਸਆਈ ਵਿਜੈ ਕੁਮਾਰ ਸ਼ਾਮਲ ਹਨ।

ਕੀ ਹਨ ਕਿਸਾਨਾਂ ਦੀਆਂ ਮੰਗਾਂ:-

  • ਕੇਂਦਰ ਸਰਕਾਰ ਤੋਂ ਐਮਐਸਪੀ ਦੀ ਗਰੰਟੀ ਦੇਣ ਦੀ ਮੰਗ
  • ਕਿਸਾਨਾਂ ਖਿਲਾਫ ਮੁਕਦੱਮੇ ਵਾਪਸ ਲੈਣ ਦੀ ਮੰਗ
  • ਕਿਸਾਨਾਂ ਨੂੰ ਪ੍ਰਦੂਸ਼ਣ ਕਾਨੂੰਨ ਤੋਂ ਬਾਹਰ ਰੱਖਣ ਦੀ ਮੰਗ
  • ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕਰਨ ਦੀ ਮੰਗ
  • ਕਿਸਾਨਾਂ ਅਤੇ ਖੇਤੀ ਕਰਨ ਵਾਲੇ ਮਜ਼ਦੂਰਾਂ ਨੂੰ ਪੈਨਸ਼ਨ ਦੇਣ ਦੀ ਮੰਗ
  • ਬਿਜਲੀ ਸੋਧ ਬਿੱਲ 2020 ਨੂੰ ਖ਼ਤਮ ਕਰਨ ਦੀ ਮੰਗ
  • ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ

ABOUT THE AUTHOR

...view details