ਬਰਨਾਲਾ:ਬਰਨਾਲਾ ਜ਼ਿਲ੍ਹੇ ਦੇ ਪਿੰਡ ਭੱਦਲਵੱਡ ਵਾਸੀ ਚਾਚੇ - ਭਤੀਜੇ ਦੀ ਜੋੜੀ ਨੇ ਪਰਾਲੀ ਪ੍ਰਬੰਧਨ ਵਿੱਚ ਉਦਾਹਰਨ ਪੇਸ਼ ਕੀਤੀ ਹੈ। ਇਹ ਕਿਸਾਨ ਡੇਢ ਸੌ ਏਕੜ ਤੋਂ ਵੱਧ ਦੀ ਖੇਤੀ ਕਰਦੇ ਹਨ ਤੇ ਪਿਛਲੇ 5 ਸਾਲਾਂ ਤੋਂ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਖੇਤਾਂ ਵਿੱਚ ਹੀ ਮਿਲਾਉਂਦੇ ਹਨ।
ਜਾਣਕਾਰੀ ਅਨੁਸਾਰ ਜਤਿੰਦਰ ਸਿੰਘ ਦਿਓਲ (ਉਮਰ 43 ਸਾਲ) ਅਤੇ ਉਨ੍ਹਾਂ ਦਾ ਭਤੀਜਾ ਭੁਪਿੰਦਰ ਸਿੰਘ (ਉਮਰ 32 ਸਾਲ) ਵਾਸੀ ਪਿੰਡ ਭੱਦਲਵੱਡ ਕੋਲ ਕਰੀਬ 15 ਏਕੜ ਆਪਣੀ ਮਾਲਕੀ ਵਾਲੀ ਜ਼ਮੀਨ ਹੈ ਅਤੇ ਕਰੀਬ 150 ਏਕੜ ਠੇਕੇ 'ਤੇ ਲੈ ਕੇ ਖੇਤੀ ਕਰਦੇ ਹਨ। ਉਹ ਕਣਕ, ਝੋਨੇ ਤੋਂ ਇਲਾਵਾ ਆਲੂ, ਮੱਕੀ ਆਦਿ ਬੀਜਦੇ ਹਨ।
ਕਿਸਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ 5 ਸਾਲਾਂ ਤੋਂ ਕਣਕ ਜਾਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਜਾਣਕਾਰਾਂ ਤੋਂ ਪਰਾਲੀ ਦਾ ਪ੍ਰਬੰਧਨ ਕਰਨ ਵਾਲੇ ਸੰਦਾਂ ਬਾਰੇ ਜਾਣਕਾਰੀ ਮਿਲੀ। ਉਨ੍ਹਾਂ ਨੇ ਸਾਲ 2020 ਵਿੱਚ ਗਰੁੱਪ ਬਣਾ ਕੇ ਸਰਕਾਰ ਵਲੋਂ ਸਬਸਿਡੀ 'ਤੇ ਦਿੱਤੇ ਜਾਂਦੇ ਸੰਦਾਂ ਤਹਿਤ ਚੌਪਰ ਤੇ ਸੁਪਰਸੀਡਰ ਸਬਸਿਡੀ 'ਤੇ ਲਏ। ਇਸ ਮਗਰੋਂ ਮਲਚਰ ਅਤੇ ਪਲਟਾਵੇਂ ਹਲ ਸਬਸਿਡੀ 'ਤੇ ਲਏ।
ਉਨ੍ਹਾਂ ਦੱਸਿਆ ਕਿ ਉਹ ਕਣਕ, ਝੋਨੇ ਤੋਂ ਇਲਾਵਾ ਫ਼ਸਲੀ ਵਿਭਿੰਨਤਾ ਤਹਿਤ ਮੱਕੀ ਅਤੇ ਆਲੂ ਆਦਿ ਦੀ ਵੀ ਕਾਸ਼ਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕੰਬਾਈਨ 'ਤੇ ਐੱਸਐਮਐਸ ਲਾ ਕੇ ਝੋਨਾ ਵੱਢਦੇ ਹਨ ਤੇ ਇਸ ਮਗਰੋਂ ਮਲਚਰ ਮਾਰਦੇ ਹਨ। ਫਿਰ ਰੋਟਾਵੇਟਰ ਅਤੇ ਪਲਟਾਵੇਂ ਹਲ ਮਾਰਦੇ ਹਨ ਤਾਂ ਜੋ ਪਰਾਲੀ ਹੇਠਾਂ ਤੱਕ ਜ਼ਮੀਨ ਵਿਚ ਮਿਲ ਜਾਵੇ। ਇਸ ਮਗਰੋਂ ਦੁਬਾਰਾ ਰੋਟਾਵੇਟਰ ਮਾਰ ਕੇ ਫ਼ਸਲ ਦੀ ਬਿਜਾਈ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਜਿਵੇਂ ਜਿਵੇਂ ਉਨ੍ਹਾਂ ਨੇ ਪਰਾਲੀ ਨੂੰ ਖਾਧ ਵਜੋਂ ਮਿੱਟੀ ਵਿੱਚ ਮਿਲਾਉਣਾ ਸ਼ੁਰੂ ਕੀਤਾ, 2- 3 ਸਾਲਾਂ ਮਗਰੋਂ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੋਣ ਲੱਗ ਪਿਆ ਅਤੇ ਝਾੜ ਵਧਣ ਲੱਗਿਆ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੋਇਆ ਹੈ, ਫ਼ਸਲੀ ਝਾੜ ਵਧਿਆ ਹੈ, ਉੱਥੇ ਵਾਤਾਵਰਨ ਦੂਸ਼ਿਤ ਹੋਣ ਤੋਂ ਬਚਦਾ ਹੈ।
ਹੋਰਨਾਂ ਕਿਸਾਨ ਵੀ ਪ੍ਰੇਰਨਾ ਲੈਣ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਪਿੰਡ ਭੱਦਲਵੱਡ ਦੇ ਕਿਸਾਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਕਿਸਾਨ ਜਿੱਥੇ ਵਾਤਾਵਰਨ ਅਤੇ ਮਨੁੱਖੀ ਸਿਹਤ ਦੇ ਰਾਖੇ ਹਨ, ਓਥੇ ਚੰਗੀ ਆਮਦਨ ਵੀ ਹਾਸਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਪਰਾਲੀ ਪ੍ਰਬੰਧਨ ਵਸਤੇ ਸੰਦਾਂ 'ਤੇ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ 50 ਫੀਸਦੀ ਸਬਸਿਡੀ ਅਤੇ ਕੋਆਪਰੇਟਿਵ ਸੋਸਾਇਟੀਆਂ ਜਾਂ ਕਸਟਮ ਹਾਈਰਿੰਗ ਸੈਂਟਰ ਨੂੰ 80 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਇਨ੍ਹਾਂ ਸੰਦਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਯੋਗ ਪ੍ਰਬੰਧਨ ਕਰਨ।