ਬਠਿੰਡਾ: ਪੰਜਾਬ ਦਾ ਕਿਸਾਨ ਇੱਕ ਪਾਸੇ ਫ਼ਸਲੀ ਚੱਕਰ ਵਿੱਚੋਂ ਨਿਕਲਣ ਲਈ ਲਗਾਤਾਰ ਸਰਕਾਰ ਤੋਂ ਹੋਰਨਾ ਫਸਲਾਂ 'ਤੇ ਐਮਐਸਪੀ ਦੇਣ ਦੀ ਮੰਗ ਕਰ ਰਿਹਾ ਹੈ, ਉਥੇ ਹੀ ਬਠਿੰਡਾ ਦੇ ਪਿੰਡ ਬੱਲੂਆਣਾ ਦਾ ਅਗਾਂਹ ਵਧੂ ਕਿਸਾਨ ਇਕਬਾਲ ਸਿੰਘ ਵੱਲੋਂ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਇੱਕ ਸਾਲ ਵਿੱਚ ਤਿੰਨ ਫ਼ਸਲਾਂ ਤੋਂ ਚੰਗੀ ਆਮਦਨ ਲਈ ਜਾ ਰਹੀ ਹੈ। ਬਠਿੰਡਾ ਸ੍ਰੀ ਗੰਗਾ ਨਗਰ ਨੈਸ਼ਨਲ ਹਾਈਵੇ 'ਤੇ ਆਪਣੀ ਜੀਪ ਵਿੱਚ ਆਲੂ ਵੇਚ ਰਹੇ ਇਕਬਾਲ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਇੱਕ ਸਾਲ ਵਿੱਚ ਤਿੰਨ ਫ਼ਸਲਾਂ ਇੱਕ ਏਕੜ ਵਿੱਚੋਂ ਲਈਆਂ ਜਾਂਦੀਆਂ ਹਨ, ਜਿੰਨ੍ਹਾਂ ਵਿੱਚ ਮੂੰਗੀ, ਆਲੂ ਅਤੇ ਝੋਨਾ ਦੀ ਪੈਦਾਵਾਰ ਕੀਤੀ ਜਾਂਦੀ ਹੈ।
ਸੜਕ ਉੱਪਰ ਆਲੂ 1400 ਤੋਂ 1500 ਕਿਲੋ ਵੇਚ ਰਿਹਾ ਹੈ: ਇਕਬਾਲ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਪਿਛਲੇ ਸਾਲ ਕਰੀਬ ਸਵਾ ਏਕੜ ਆਲੂ ਦੀ ਫ਼ਸਲ ਲਗਾਈ ਗਈ ਸੀ, ਜਦੋਂ ਉਹ ਮੰਡੀ ਵਿੱਚ ਆਲੂ ਦੀ ਫ਼ਸਲ ਵੇਚਣ ਲਈ ਗਿਆ ਤਾਂ ਉਸਨੂੰ ਬਹੁਤਾ ਲਾਭ ਨਾ ਮਿਲਿਆ ਅਖ਼ੀਰ ਉਸ ਨੇ ਫੈਸਲਾ ਕੀਤਾ ਕਿ ਉਹ ਆਪਣੀ ਪੈਦਾ ਕੀਤੀ ਹੋਈ ਫ਼ਸਲ ਨੂੰ ਖੁਦ ਵੇਚੇਗਾ। ਇਸ ਸੋਚ 'ਤੇ ਚਲਦਿਆਂ ਉਸ ਵੱਲੋਂ ਨੈਸ਼ਨਲ ਹਾਈਵੇ 'ਤੇ ਜੀਪ ਵਿੱਚ ਰੱਖ ਕੇ ਆਲੂ ਵੇਚਣੇ ਸ਼ੁਰੂ ਕੀਤੇ, ਜਿਹੜਾ ਆਲੂ ਮੰਡੀ ਵਿੱਚ 8 ਸੋ ਰੁਪਏ ਤੋਂ 900 ਖ਼ਰੀਦਿਆ ਜਾਂਦਾ ਸੀ, ਉਹ ਹੁਣ ਸੜਕ ਉੱਪਰ ਇਹੀ ਆਲੂ 1400 ਤੋਂ 1500 ਕਿਲੋ ਵੇਚ ਰਿਹਾ ਹੈ।