ਅੰਮ੍ਰਿਤਸਰ:ਆਪਣੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਕਿਸਾਨ-ਮਜ਼ਦੂਰ ਆਗੂ ਸ਼ੰਭੂ ਬਾਰਡਰ ਉੱਤੇ ਡਟੇ ਹੋਏ ਹਨ। ਕੇਂਦਰ ਸਰਕਾਰ ਨਾਲ ਹੋਈਆਂ ਮੀਟਿੰਗਾਂ ਵੀ ਅਸਫਲ ਰਹੀਆਂ ਹਨ। ਇਸ ਪ੍ਰਦਰਸ਼ਨ ਦੌਰਾਨ ਸਰਕਾਰਾਂ ਦੀ ਕੰਮ ਉੱਤੇ ਜੂੰ ਤੱਕ ਨਹੀਂ ਸਰਕ ਰਹੀਂ, ਪਰ ਉੱਥੋ ਲਗਾਤਾਰ ਕਿਸਾਨਾਂ ਦੀ ਮੌਤ ਹੋ ਜਾਣ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਤਾਜ਼ੇ ਮਾਮਲੇ ਵਿੱਚ, ਅਜਨਾਲਾ ਦੇ ਪਿੰਡ ਤੇੜਾ ਖੁਰਦ ਦੇ ਕਿਸਾਨ ਆਗੂ ਬਲਕਾਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਆਗੂਆਂ ਨੇ ਦੱਸਿਆ ਕਿ ਮ੍ਰਿਤਕ ਬਲਕਾਰ ਸਿੰਘ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਜਥੇਬੰਦੀ ਦਾ ਸਰਗਰਮ ਆਗੂ ਸੀ ਅਤੇ ਪਿਛਲੇ ਇੱਕ ਮਹੀਨੇ ਤੋਂ ਕਿਸਾਨ ਬਲਕਾਰ ਸਿੰਘ ਮੋਰਚੇ ਉੱਤੇ ਡਟਿਆ ਹੋਇਆ ਸੀ।
ਅੱਜ ਜੱਦੀ ਪਿੰਡ ਕੀਤਾ ਗਿਆ ਅੰਤਿਮ ਸਸਕਾਰ:ਕਿਸਾਨ ਆਗੂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਕਿਸਾਨ ਬਲਕਾਰ ਸਿੰਘ ਮੋਰਚੇ ਤੋਂ ਘਰ ਵਾਪਸ ਆ ਰਿਹਾ ਸੀ, ਤਾਂ ਰਾਜਪੁਰਾ ਰੇਲਵੇ ਸਟੇਸ਼ਨ ਉੱਤੇ ਦਿਲ ਦਾ ਦੌਰਾ ਪੈਣ ਕਰਕੇ ਉਸ ਦੀ ਮੌਤ ਹੋ ਗਈ। ਉਧਰ ਕਿਸਾਨ ਬਲਕਾਰ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਕਿਸਾਨ ਬਲਕਾਰ ਸਿੰਘ ਦਾ ਉਸ ਦੇ ਜੱਦੀ ਪਿੰਡ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਅਤੇ ਪਿੰਡ ਵਾਸੀ ਵੀ ਮੌਜੂਦ ਰਹੇ ਹਨ।
ਪਰਿਵਾਰ ਨੂੰ ਆਰਥਿਕ ਮਦਦ ਦੀ ਲੋੜ: ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕਿਸਾਨ ਬਲਕਾਰ ਸਿੰਘ ਹਮੇਸ਼ਾ ਹੀ ਕਿਸਾਨੀ ਮੋਰਚੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ। ਉਨ੍ਹਾਂ ਕਿਹਾ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਅਤੇ ਇੱਕ ਪਰਿਵਾਰ ਦੇ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ। ਉਸ ਦੇ ਸਿਰ ਉੱਤੇ ਲੱਖਾਂ ਦਾ ਕਰਜ਼ਾ ਹੈ ਜਿਸ ਉਤੇ ਲਕੀਰ ਮਾਰ ਕੇ ਉਸ ਨੂੰ ਖ਼ਤਮ ਕਰ ਦਿੱਤਾ ਜਾਵੇ।
ਉੱਥੇ ਹੀ, ਪਿੰਡ ਵਾਸੀਆਂ ਨੇ ਕਿਹਾ ਸਿਆਸੀ ਪਾਰਟੀਆਂ ਵੋਟਾਂ ਬਟੋਰਨ ਵੇਲ੍ਹੇ ਤਾਂ ਨਜ਼ਰ ਆਉਂਦੇ ਹਨ, ਪਰ ਜਦੋਂ ਅਜਿਹੀ ਕੋਈ ਘਟਨਾ ਵਾਪਰ ਜਾਂਦੀ ਹੈ, ਤਾਂ ਨੇਤਾ ਪੀੜਤ ਪਰਿਵਾਰ ਦਾ ਹਾਲ ਵੀ ਪੁੱਛਣ ਨਹੀਂ ਆਉਂਦੇ। ਇਹ ਬੇਹਦ ਹੀ ਮੰਦਭਾਗੀ ਗੱਲ ਹੈ।
ਕੀ ਹਨ ਕਿਸਾਨਾਂ ਦੀਆਂ ਮੁੱਖ ਮੰਗਾਂ:-
- ਕੇਂਦਰ ਸਰਕਾਰ ਤੋਂ ਐਮਐਸਪੀ ਦੀ ਗਰੰਟੀ ਦੇਣ ਦੀ ਮੰਗ
- ਕਿਸਾਨਾਂ ਖਿਲਾਫ ਮੁਕਦੱਮੇ ਵਾਪਸ ਲੈਣ ਦੀ ਮੰਗ
- ਕਿਸਾਨਾਂ ਨੂੰ ਪ੍ਰਦੂਸ਼ਣ ਕਾਨੂੰਨ ਤੋਂ ਬਾਹਰ ਰੱਖਣ ਦੀ ਮੰਗ
- ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕਰਨ ਦੀ ਮੰਗ
- ਕਿਸਾਨਾਂ ਅਤੇ ਖੇਤੀ ਕਰਨ ਵਾਲੇ ਮਜ਼ਦੂਰਾਂ ਨੂੰ ਪੈਨਸ਼ਨ ਦੇਣ ਦੀ ਮੰਗ
- ਬਿਜਲੀ ਸੋਧ ਬਿੱਲ 2020 ਨੂੰ ਖ਼ਤਮ ਕਰਨ ਦੀ ਮੰਗ
- ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ