ਫਰੀਦਕੋਟ: ਜ਼ਿਲ੍ਹੇ ਦੇ ਕਸਬਾ ਕੋਟਕਪੂਰਾ ਦੀ ਹੋਣਹਾਰ ਵਿਦਿਆਰਥਣ ਅਰਸ਼ਦੀਪ ਕੌਰ ਸਮਰਾ ਨੇ ਗੱਤਕਾ ਖੇਡ ਵਿੱਚ ਕੌਮੀ ਪੱਧਰ ਦੇ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇੱਕ ਵਾਰ ਫਿਰ ਸ਼ਹਿਰ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਇਸ ਵਿਦਿਆਰਥਣ ਦਾ ਸ਼ਹਿਰ ਪਰਤਣ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਉਨ੍ਹਾਂ ਦੇ PRO ਮਨਪ੍ਰੀਤ ਸਿੰਘ ਧਾਲੀਵਾਲ ਨੇ 11000 ਨਾਲ ਸਵਾਗਤ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦੇ ਭਰਾ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਕੁਲਤਾਰ ਸਿੰਘ ਬਰਾੜ ਅਤੇ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਸ਼ੇਰ ਸਿੰਘ ਮੰਡ ਵੱਲੋ ਵੀ ਸ਼ਾਨਦਾਰ ਸਵਾਗਤ ਅਤੇ ਸਨਮਾਨ ਕੀਤਾ ਗਿਆ।
ਫਰੀਦਕੋਟ ਦੀ ਧੀ ਨੇ ਮਾਰੀ ਬਾਜ਼ੀ, ਖੇਲੋ ਇੰਡੀਆ ਯੂਥ ਗੇਮ (ਗੱਤਕੇ) 'ਚ ਪੂਰੇ ਭਾਰਤ ਚੋਂ ਤੀਜਾ ਸਥਾਨ ਕੀਤਾ ਹਾਸਲ
Khelo India Youth Game: ਫਰੀਦਕੋਟ ਦੀ ਧੀ ਨੇ ਖੇਲੋ ਇੰਡੀਆ ਯੂਥ ਗੇਮ (ਗੱਤਕੇ) 'ਚ ਬਾਜ਼ੀ ਮਾਰ ਕੇ ਦੇਸ਼ ਭਰ 'ਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਜਿਸ ਦਾ ਸ਼ਹਿਰ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ ਹੈ।
Published : Jan 31, 2024, 12:35 PM IST
ਖਿਡਾਰਣ ਦਾ ਕੀਤਾ ਭਰਵਾਂ ਸਵਾਗਤ: ਬਾਬਾ ਦੀਪ ਸਿੰਘ ਗੱਤਕਾ ਅਕੈਡਮੀ ਕੋਟਕਪੂਰਾ ਦੀ ਵਿਦਿਆਰਥਣ ਅਰਸ਼ਦੀਪ ਇਸ ਤੋਂ ਪਹਿਲਾਂ ਪੰਜਾਬ ਅਤੇ ਰਾਸ਼ਟਰੀ ਪੱਧਰ 'ਤੇ ਕਈ ਤਗਮੇ ਜਿੱਤ ਚੁੱਕੀ ਹੈ ਅਤੇ ਹੁਣ ਉਸ ਨੇ ਤਾਮਿਲਨਾਡੂ ਵਿਖੇ ਹੋਈਆਂ ਖੇਲੋ ਇੰਡੀਆ ਯੂਥ ਖੇਡਾਂ 2024 'ਚ ਕਾਂਸੀ ਦਾ ਤਗਮਾ ਜਿੱਤ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਅਰਸ਼ਦੀਪ ਕੌਰ ਸਮਰਾ ਨੇ ਦੱਸਿਆ ਕਿ ਸਿੱਖ ਮਾਰਸ਼ਲ ਆਰਟ ਗੱਤਕੇ ਦੇ ਮੁਕਾਬਲਿਆਂ ਵਿੱਚ ਦੇਸ਼ ਭਰ ਤੋਂ 100 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ ਸੀ, ਜਿਸ ਵਿੱਚ ਪੰਜਾਬ ਤੋਂ 14 ਖਿਡਾਰੀ ਸ਼ਾਮਲ ਸਨ। ਇਸ ਮੌਕੇ ਕੋਚ ਗੁਰਪ੍ਰੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਕੈਡਮੀ ਨੌਜਵਾਨਾਂ ਨੂੰ ਗੱਤਕੇ ਦੀ ਸਿਖਲਾਈ ਦੇ ਰਹੀ ਹੈ ਤਾਂ ਜੋ ਉਹ ਪੰਜਾਬ ਦਾ ਨਾਂ ਰੌਸ਼ਨ ਕਰ ਸਕਣ।
ਨਕਦ ਰਾਸ਼ੀ ਦੇਣ ਦਾ ਐਲਾਨ: ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪੀ.ਆਰ.ਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਵਿਦਿਆਰਥਣ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਵੱਲ ਪ੍ਰੇਰਿਤ ਕਰ ਰਹੀ ਹੈ। ਜਿਸ ਦੇ ਸਿੱਟੇ ਵਜੋਂ ਅਰਸ਼ਦੀਪ ਕੌਰ ਸਮਰਾ ਵਰਗੇ ਬੱਚੇ ਪੰਜਾਬ ਦਾ ਨਾਮਣਾ ਖੱਟ ਰਹੇ ਹਨ। ਪੰਜਾਬ ਵਿਧਾਨ ਸਭਾ ਸਪੀਕਰ ਦੀ ਤਰਫੋਂ ਉਨ੍ਹਾਂ ਨੇ ਵਿਦਿਆਰਥੀ ਨੂੰ 11,000 ਰੁਪਏ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਕੁਲਤਾਰ ਸਿੰਘ ਬਰਾੜ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕੇ ਫਰੀਦਕੋਟ ਦੇ ਕੋਟਕਪੂਰਾ ਦੀ ਬੱਚੀ ਨੇ ਨਾਮ ਚਮਕਾਇਆ ਹੈ।