ਲੁਧਿਆਣਾ: ਮਾਨਯੋਗ ਹਾਈਕੋਰਟ ਵੱਲੋਂ ਬੇਸ਼ੱਕ ਪੰਜਾਬ ਸਰਕਾਰ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਪੰਜਾਬ ਵਿੱਚ ਜਲਦ ਤੋਂ ਜਲਦ ਕਾਰਪੋਰੇਸ਼ਨ ਚੋਣਾਂ ਕਰਵਾਈਆਂ ਜਾਣ। ਮਾਨਯੋਗ ਹਾਈਕੋਰਟ ਵੱਲੋਂ 15 ਦਿਨਾਂ ਦੇ ਅੰਦਰ ਨੋਟੀਫਿਕੇਸ਼ਨ ਜਾਰੀ ਕਰਨ ਦੀ ਹਦਾਇਤ ਦਿੱਤੀ ਗਈ ਹੈ ਤੇ ਨਾਲ ਦੀ ਨਾਲ ਆਦੇਸ਼ ਦਿੱਤੇ ਗਏ ਹਨ ਕਿ ਪੁਰਾਣੀ ਵਾਰਡਬੰਦੀ ਉੱਪਰ ਹੀ ਚੋਣਾਂ ਕਰਵਾਈਆਂ ਜਾਣਗੀਆਂ। ਜਿਸ ਨੂੰ ਲੈ ਕੇ ਕਾਂਗਰਸੀਆਂ ਤੇ ਭਾਜਪਾ ਦੇ ਸਾਬਕਾ ਕੌਂਸਲਰਾਂ ਵਿੱਚ ਖੁਸ਼ੀ ਦੀ ਲਹਿਰ ਹੈ।
ਨਗਰ ਨਿਗਮ ਚੋਣਾਂ ਨੂੰ ਲੈਕੇ ਰੇੜਕਾ (ETV BHARAT) ਹਾਈਕੋਰਟ ਵਲੋਂ ਚੋਣਾਂ ਕਰਵਾਉਣ ਦੇ ਹੁਕਮ
ਲੁਧਿਆਣਾ ਦੀ ਗੱਲ ਕਰੀਏ ਤਾਂ ਕਾਰਪੋਰੇਸ਼ਨ ਭੰਗ ਹੋਈ ਨੂੰ ਤਕਰੀਬਨ ਪੌਣੇ ਦੋ ਸਾਲ ਹੋ ਚੁੱਕੇ ਹਨ, ਪਰ ਚੋਣਾਂ ਨਹੀਂ ਕਰਵਾਈਆਂ ਗਈਆਂ। ਲੁਧਿਆਣਾ ਵਿੱਚ ਪ੍ਰਸ਼ਾਸਨ ਵੱਲੋਂ ਨਵੀਂ ਵਾਰਡਬੰਦੀ ਕੀਤੀ ਗਈ ਸੀ, ਜਿਸ ਨੂੰ ਲੈ ਕੇ ਵੱਖ-ਵੱਖ ਪਾਰਟੀ ਨਾਲ ਸੰਬੰਧਿਤ ਪੁਰਾਣੇ ਕੌਂਸਲਰਾਂ ਵੱਲੋਂ ਮਾਨਯੋਗ ਹਾਈਕੋਰਟ ਦਾ ਰੁੱਖ ਕੀਤਾ ਗਿਆ ਸੀ ਅਤੇ ਪੁਰਾਣੀ ਵਾਰਡਬੰਦੀ ਉੱਪਰ ਹੀ ਚੋਣਾਂ ਕਰਵਾਉਣ ਦੀ ਅਪੀਲ ਕੀਤੀ ਗਈ ਸੀ। ਜਿਸ ਨੂੰ ਹੁਣ ਮੰਨ ਲਿਆ ਗਿਆ ਹੈ ਤੇ ਪੰਜਾਬ ਸਰਕਾਰ ਨੂੰ ਜਲਦ ਤੋਂ ਜਲਦ ਨੋਟੀਫਿਕੇਸ਼ਨ ਜਾਰੀ ਕਰਨ ਦੀ ਹਦਾਇਤ ਦਿੱਤੀ ਗਈ ਹੈ। ਕਿਤੇ ਨਾ ਕਿਤੇ ਮਾਨਯੋਗ ਹਾਈਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਵੀ ਸਾਬਕਾ ਕੌਂਸਲਰਾਂ ਨੂੰ ਯਕੀਨ ਨਹੀਂ ਕਿ ਪੰਜਾਬ ਸਰਕਾਰ ਕਾਰਪੋਰੇਸ਼ਨ ਚੋਣਾਂ ਜਲਦ ਤੇ ਪੁਰਾਣੀ ਵਾਰਡਬੰਦੀ 'ਤੇ ਕਰਵਾਏਗੀ।
ਕਾਂਗਰਸ ਨੇ ਸਰਕਾਰ 'ਤੇ ਚੁੱਕੇ ਸਵਾਲ
ਜਿਸ ਨੂੰ ਲੈ ਕੇ ਜਦੋਂ ਅਸੀਂ ਕਾਂਗਰਸ ਦੇ ਸਾਬਕਾ ਕੌਂਸਲਰ ਬਲਜਿੰਦਰ ਸਿੰਘ ਬੰਟੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹ ਮਾਨਯੋਗ ਹਾਈਕੋਰਟ ਦਾ ਧੰਨਵਾਦ ਕਰਦੇ ਹਨ ਕਿ ਚੋਣਾਂ ਕਰਵਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਈ ਵੀ ਵਿਕਾਸ ਕਾਰਜ ਨਹੀਂ ਕੀਤਾ ਗਿਆ ਅਤੇ ਨਾ ਹੀ ਲੋਕਾਂ ਨੂੰ ਕੋਈ ਰਾਹਤ ਦਿੱਤੀ ਗਈ ਹੈ। ਜਿਸ ਦੇ ਚੱਲਦਿਆਂ ਚੋਣਾਂ ਕਰਵਾਉਣ ਤੋਂ ਪੰਜਾਬ ਸਰਕਾਰ ਭੱਜ ਰਹੀ ਹੈ ਤੇ ਉਹਨਾਂ ਨੂੰ ਹੁਣ ਵੀ ਯਕੀਨ ਨਹੀਂ ਹੈ ਕਿ ਪੰਜਾਬ ਸਰਕਾਰ ਚੋਣਾਂ ਕਰਵਾਏਗੀ ਕਿਉਂਕਿ ਸੁਪਰੀਮ ਕੋਰਟ ਦਾ ਰਸਤਾ ਅਜੇ ਵੀ ਖੁੱਲ੍ਹਾ ਹੈ। ਉੱਥੇ ਹੀ ਉਹਨਾਂ ਨੇ ਕਿਹਾ ਕਿ ਜੇਕਰ ਪੁਰਾਣੀ ਵਾਰਡਬੰਦੀ 'ਤੇ ਚੋਣਾਂ ਹੁੰਦੀਆਂ ਹਨ ਤਾਂ ਗਰੰਟੀ ਹੈ ਕੀ ਕਾਂਗਰਸ ਦਾ ਹੀ ਮੇਅਰ ਬਣੇਗਾ।
ਹਾਰ ਦੇ ਡਰ ਤੋਂ ਚੋਣਾਂ ਨਹੀਂ ਕਰਵਾ ਰਹੀ ਸਰਕਾਰ:ਭਾਜਪਾ
ਉੱਥੇ ਹੀ ਭਾਜਪਾ ਦੇ ਸਾਬਕਾ ਕੌਂਸਲਰ ਗੁਰਦੀਪ ਸਿੰਘ ਨੀਟੂ ਨੇ ਮਾਨਯੋਗ ਹਾਈਕੋਰਟ ਦਾ ਧੰਨਵਾਦ ਕੀਤਾ ਕਿ ਚੋਣਾਂ ਕਰਵਾਉਣ ਦੇ ਦੇਸ਼ ਜਾਰੀ ਕੀਤੇ ਗਏ ਹਨ । ਉਹਨਾਂ ਨੇ ਕਿਹਾ ਕਿ ਚੋਣਾਂ ਪਹਿਲਾਂ ਹੀ ਹੋਣੀਆਂ ਚਾਹੀਦੀਆਂ ਸਨ ਕਿਉਂਕਿ ਲੋਕਤੰਤਰਿਕ ਅਧਿਕਾਰ ਹੈ ਪਰ ਸਰਕਾਰ ਆਪਣੀ ਹਾਰ ਦੇ ਡਰਦਿਆਂ ਚੋਣਾਂ ਨਹੀਂ ਕਰਵਾ ਰਹੀ ਸੀ। ਉਹਨਾਂ ਨੇ ਕਿਹਾ ਕਿ ਪੁਰਾਣੀ ਵਾਰਡਬੰਦੀ 'ਤੇ ਹੀ ਚੋਣਾਂ ਹੋਣੀਆਂ ਚਾਹੀਦੀਆਂ ਹਨ। ਉਹਨਾਂ ਨੇ ਕਿਹਾ ਕਿ ਭਾਜਪਾ ਨੇ ਸੰਸਦੀ ਚੋਣਾਂ ਵਿੱਚ ਵੱਡੇ ਪੱਧਰ 'ਤੇ ਵੋਟਾਂ ਹਾਸਿਲ ਕੀਤੀਆਂ ਹਨ ਅਤੇ ਆਪਣੇ ਮੇਅਰ ਬਣਾਉਣ ਵਿੱਚ ਕਾਮਯਾਬ ਰਹੇਗੀ। ਉਹਨਾਂ ਨੇ ਕਿਹਾ ਕਿ ਕੌਂਸਲਰ ਨਾ ਹੋਣ ਦੇ ਚੱਲਦਿਆਂ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਜ਼ਰੂਰ ਕਰਨਾ ਪਿਆ ਹੈ ਕਿਉਂਕਿ ਵਿਧਾਇਕਾਂ ਨੇ ਮੋਹਰਾਂ ਆਪਣੀ ਜੇਬ ਵਿੱਚ ਰੱਖੀਆਂ ਹੋਈਆਂ ਸਨ। ਜਿਸ ਦੇ ਚੱਲਦਿਆਂ ਲੋਕਾਂ ਨੂੰ ਦੂਰ ਦੁਰਾਡੇ ਘੁੰਮਣਾ ਪੈਂਦਾ ਹੈ।
AAP ਨੇ ਕੀਤਾ ਮੇਅਰ ਬਣਾਉਣ ਦਾ ਦਾਅਵਾ
ਇਸ ਮਾਮਲੇ ਨੂੰ ਲੈਕੇ ਬੇਸ਼ੱਕ ਵਿਰੋਧੀ ਪਾਰਟੀਆਂ ਵੱਲੋਂ ਇਲਜ਼ਾਮਬਾਜ਼ੀ ਕੀਤੀ ਜਾ ਰਹੀ ਹੈ ਪਰ ਆਮ ਆਦਮੀ ਪਾਰਟੀ ਦੇ ਟਿਕਟ ਦੇ ਚਾਹਵਾਨ ਅਤੇ ਜ਼ਿਲ੍ਹਾ ਸਪੋਰਟਸ ਸੈਕਟਰੀ ਨੇ ਕਿਹਾ ਕਿ ਉਹਨਾਂ ਦੀ ਅਤੇ ਉਹਨਾਂ ਦੀ ਪਾਰਟੀ ਦੀ ਪੂਰੀ ਤਿਆਰੀ ਹੈ। ਉਹਨਾਂ ਨੇ ਕਿਹਾ ਕਿ ਵਾਰਡਬੰਦੀ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਵੱਲੋਂ ਕੰਮ ਕੀਤੇ ਗਏ ਹਨ ਤੇ ਲੋਕਾਂ ਦੀ ਸੇਵਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿਸੇ ਵੀ ਵਾਰਡਬੰਦੀ 'ਤੇ ਚੋਣਾਂ ਹੋਣ ਪਰ ਮੇਅਰ ਆਮ ਆਦਮੀ ਪਾਰਟੀ ਦਾ ਹੀ ਬਣੇਗਾ।