ਚੰਡੀਗੜ੍ਹ: ਪੰਜਾਬ ਵਿੱਚ ਮਾੜੇ ਅਨਸਰਾਂ 'ਤੇ ਠੱਲ ਪਾਉਂਦੀ ਪੁਲਿਸ ਵੱਲੋਂ ਲਗਾਤਾਰ ਬਦਮਾਸ਼ਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸ ਹੀ ਤਹਿਤਜਲੰਧਰ ਸਿਟੀ ਪੁਲਿਸ ਅਤੇ ਪੰਜਾਬ ਦੇ ਸਪੈਸ਼ਲ ਸੈੱਲ ਦਾ ਕੁਖਿਆਤ ਗੈਂਗਸਟਰ (2018 ਦੇ ਪੁਲਿਸ ਐਂਨਕਾਉਂਟਰ 'ਚ ਮਾਰਿਆ ਗਿਆ) ਵਿੱਕੀ ਗੌਂਡਰ ਦੇ ਸਾਥੀਆਂ ਵਿਚਕਾਰ ਇੱਕ ਮੁਕਾਬਲਾ ਹੋਇਆ ਹੈ। ਇਸ ਦੌਰਾਨ ਇੱਕ ਗੈਂਗਸਟਰ ਜ਼ਖਮੀ ਹੋ ਗਿਆ ਅਤੇ ਉਸ ਦੇ ਦੋ ਸਾਥੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦੀ ਗੋਲੀ ਗੈਂਗਸਟਰ ਦੀ ਲੱਤ 'ਤੇ ਲੱਗੀ ।
ਹਥਿਆਰਾਂ ਦੀ ਬਰਾਮਦਗੀ ਦੌਰਾਨ ਕੀਤੀ ਗੋਲੀਬਾਰੀ
ਇਹ ਪੁਲਿਸ ਮੁਕਾਬਲਾ ਅੱਜ ਸਵੇਰੇ ਲਗਭਗ 10.10 ਵਜੇ ਸਿਟੀ ਸਦਰ ਥਾਣੇ ਅਧੀਨ ਪੈਂਦੇ ਪਿੰਡ ਜਮਸ਼ੇਰ ਖੇੜਾ ਨੇੜੇ ਹੋਇਆ। ਜਿਥੇ ਸਪੈਸ਼ਲ ਸੈੱਲ ਦੀ ਟੀਮ ਮੁਲਜ਼ਮਾਂ ਨੂੰ ਹਥਿਆਰ ਬਰਾਮਦ ਕਰਨ ਲਈ ਲੈ ਗਈ ਸੀ। ਦੋਵਾਂ ਪਾਸਿਆਂ ਤੋਂ ਕੁੱਲ 8 ਗੋਲੀਆਂ ਚਲਾਈਆਂ ਗਈਆਂ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹਰਪ੍ਰੀਤ ਖੇੜਾ ਨੂੰ ਗ੍ਰਿਫ਼ਤਾਰ ਕੀਤਾ ਸੀ। ਕਾਬੂ ਕੀਤੇ ਗਏ ਇਨ੍ਹਾਂ ਬਦਮਾਸ਼ਾਂ ਤੋਂ ਹਥਿਆਰਾਂ ਦੀ ਰਿਕਵਰੀ ਲੈਣ ਲਈ ਲਿਜਾਇਆ ਜਾ ਰਿਹਾ ਸੀ। ਮੁਲਜ਼ਮ ਤੋਂ ਪੁੱਛਗਿੱਛ ਕਰਨ ਤੋਂ ਬਾਅਦ, ਪੁਲਿਸ ਨੇ ਦੋ ਹੋਰ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਮੁਲਜ਼ਮਾਂ ਨੇ ਜਮਸ਼ੇਰ ਖਾਸ ਦੇ ਖੇੜਾ ਪਿੰਡ ਵਿੱਚ ਇੱਕ ਜਗ੍ਹਾ 'ਤੇ ਗੈਰ-ਕਾਨੂੰਨੀ ਹਥਿਆਰ ਲੁਕਾਏ ਸਨ।
ਵਿੱਕੀ ਗੌਂਡਰ ਗੈਂਗ ਦੇ ਮੈਂਬਰ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਮੁਲਜ਼ਮ ਹਰਪ੍ਰੀਤ ਬਰਾਮਦਗੀ ਲਈ ਹਥਿਆਰ ਲੈ ਕੇ ਅਪਰਾਧ ਵਾਲੀ ਥਾਂ 'ਤੇ ਪਹੁੰਚਿਆ, ਤਾਂ ਦੋਸ਼ੀਆਂ ਦੇ ਹਥਿਆਰ ਪਹਿਲਾਂ ਹੀ ਉੱਥੇ ਲੋਡ ਕੀਤੇ ਹੋਏ ਸਨ। ਜਿਵੇਂ ਹੀ ਹਰਪ੍ਰੀਤ ਦੇ ਹੱਥ ਵਿੱਚ ਹਥਿਆਰ ਆਇਆ, ਉਹ ਉੱਠਿਆ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੀ ਜਵਾਬੀ ਕਾਰਵਾਈ 'ਚ ਇਹ ਐਂਨਕਾਊਂਟਰ ਕੀਤਾ ਗਿਆ ਹੈ। ਜ਼ਖਮੀ ਮੁਲਜ਼ਮ ਹਰਪ੍ਰੀਤ ਸਿੰਘ ਤੋਂ ਇਲਾਵਾ ਪੁਲਿਸ ਨੇ ਅਜੇ ਤੱਕ ਕਿਸੇ ਹੋਰ ਮੁਲਜ਼ਮ ਦੀ ਪਛਾਣ ਜ਼ਾਹਰ ਨਹੀਂ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੂਰੀ ਪੜਤਾਲ ਤੋਂ ਬਾਅਦ ਇਹਨਾਂ ਦੀ ਪਛਾਣ ਜ਼ਾਹਿਰ ਕੀਤੀ ਜਾਵੇਗੀ। ਫਿਲਹਾਲ ਦੀ ਵੱਡੀ ਜਾਣਕਾਰੀ ਮੁਤਾਬਕ ਇਹ ਬਦਮਾਸ਼ ਵਿੱਕੀ ਗੌਂਡਰ ਗੈਂਗ ਦੇ ਮੈਂਬਰ ਰਹ ਚੁਕੇ ਹਨ।