ਤਰਨ ਤਾਰਨ:ਆਏ ਦਿਨ ਹੀ ਗੈਂਗਸਟਰਾਂ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਪੁਲਿਸ ਪੂਰੀ ਚੌਕਸ ਨਜ਼ਰ ਆ ਰਹੀ ਹੈ। ਅਜਿਹੇ ਗੈਂਗਸਟਰਾਂ ਖਿਲਾਫ ਢੁੱਕਵੀਂ ਕਾਰਵਾਈ ਕੀਤੀ ਜਾ ਰਹੀ ਹੈ। ਤਾਜ਼ਾ ਮਾਮਲਾ ਖਿਮ ਕਰਨ ਦੇ ਪਿੰਡ ਭੂਰਾ ਕੋਨਾਂ ਤੋਂ ਸਾਹਮਣੇ ਆਇਆ ਹੈ, ਜਿੱਥੇ ਪ੍ਰਭ ਦਾਸੂਵਾਲ ਨਾਮਕ ਗੈਂਗਸਟਰ ਦੇ ਦੋ ਗੁਰਗਿਆਂ ਤੇ ਪੁਲਿਸ ਦੀ ਮੁੱਠਭੇੜ ਹੋਈ ਹੈ। ਦੱਸ ਦਈਏ ਕਿ ਪੁਲਿਸ ਨਾਲ ਹੋਈ ਮੁੱਠਭੇੜ ਦੌਰਾਨ ਗੈਂਗਸਟਰ ਪ੍ਰਭ ਦਾਸੂਵਾਲ ਦੇ ਦੋ ਗੁਰਗੇ ਜਖ਼ਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਲੱਤ ਵਿੱਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਲੱਗੀ ਹੈ।
ਪੁਲਿਸ ਤੇ ਗੁਰਗਿਆਂ ਵਿਚਾਲੇ ਐਨਕਾਉਂਟਰ
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਰਨ ਤਾਰਨ ਦੇ ਐਸਪੀ ਡੀ ਅਜੇ ਰਾਜ ਨੇ ਦੱਸਿਆ ਕਿ, 'ਪੁਲਿਸ ਨੂੰ ਖੂਫੀਆ ਸੂਚਨਾ ਮਿਲੀ ਸੀ ਕਿ ਇੱਕ ਸ਼ੱਕੀ ਮੋਟਰਸਾਈਕਲ ਮਸਤਗੜ੍ਹ ਤੋਂ ਪਿੰਡ ਭੂਰਿਆਂ ਨੂੰ ਆ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਵੱਲੋਂ ਜਦੋਂ ਉਕਤ ਮੋਟਰਸਾਈਕਲ ਨੂੰ ਰੁਕਣ ਲਈ ਸਰਕਾਰੀ ਗੱਡੀ ਦਾ ਡਿੱਪਰ ਦਿੱਤਾ, ਤਾਂ ਉਨ੍ਹਾਂ ਵੱਲੋਂ ਮੋਟਰਸਾਈਕਲ ਰੋਕਣ ਦੀ ਬਜਾਏ ਭਜਾ ਲਿਆ ਅਤੇ ਪੁਲਿਸ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਦੋਂ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ, ਤਾਂ ਦੋਵਾਂ ਦੇ ਗੋਲੀ ਲੱਗ ਗਈ ਤੇ ਉਹ ਜਖ਼ਮੀ ਹੋ ਗਏ। ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।'