ਪੰਜਾਬ ਸਰਕਾਰ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਅੰਮ੍ਰਿਤਸਰ:ਪੰਜਾਬ ਦੀ ਮਾਨ ਸਰਕਾਰ ਵਲੋਂ ਆਮ ਆਦਮੀ ਮੁਹੱਲਾ ਕਲੀਨਿਕ ਖੋਲ੍ਹਦੇ ਹੋਏ ਆਮ ਜਨਤਾ ਨੂੰ ਮੁਫਤ ਦਵਾਈਆਂ ਅਤੇ ਇਲਾਜ ਮੁਹੱਈਆ ਕਰਵਾਉਣ ਦਾ ਦਾਅਵਾ ਕੀਤੀ, ਪਰ ਉੱਥੇ ਹੀ, ਇਸ ਕਲੀਨਿਕ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਆਪ ਸਰਕਾਰ ਵਿਰੁੱਧ ਅੱਜ ਯਾਨੀ ਮੰਗਲਵਾਰ ਨੂੰ ਗੁਰੂ ਨਗਰੀ ਵਿੱਚ ਪ੍ਰਦਰਸ਼ਨ ਕਰਦੇ ਵਿਖਾਈ ਦਿੱਤੇ।
ਦਰਅਸਲ, ਅੱਜ ਆਮ ਆਦਮੀ ਕਲੀਨਿਕ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਕਿ ਪੰਜਾਬ ਵਿੱਚ ਆਮ ਆਦਮੀ ਕਲੀਨਿਕ ਵਿੱਚ ਕੰਮ ਕਰ ਰਹੇ ਸਲੀਪਰ ਤੇ ਹੈਲਪਰਾਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਦੇ ਚੱਲਦੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋਇਆ ਪਿਆ ਹੈ।
ਸਰਕਾਰ ਨਹੀਂ ਦੇ ਰਹੀ ਤਨਖਾਹਾਂ:ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਕਿਹਾ ਕਿ ਪਹਿਲਾਂ ਤਾਂ ਪੰਜਾਬ ਸਰਕਾਰ ਬੜੇ ਦਾਅਵੇ ਕੀਤੇ ਸਨ ਕਿ ਬੇਰੁਜ਼ਗਾਰਾਂ ਨੂੰ ਨੌਕਰੀ ਦਿੱਤੀ ਜਾਵੇਗੀ, ਪਰ ਸਾਨੂੰ ਪਿਛਲੇ ਚਾਰ ਮਹੀਨੇ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ ਜਿਸ ਦੇ ਚੱਲਦੇ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਕੋਲੋਂ ਪੈਸੇ ਫੜ ਫੜ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਹਾਂ, ਪਰ ਕਿੰਨਾ ਚਿਰ ਇਹ ਕੰਮ ਚੱਲੇਗਾ।
ਮੁਲਾਜ਼ਮਾਂ ਨੇ ਦੱਸਿਆ ਕਿ ਕਦੇ-ਕਦੇ ਤਾਂ ਡਾਕਟਰਾਂ ਦਾ ਕੰਮ ਵੀ ਉਨ੍ਹਾਂ ਵਲੋਂ ਕਰਵਾਇਆ ਜਾਂਦਾ ਸੀ। ਇੱਥੋ ਤੱਕ ਕਿ ਸੈਂਪਲ ਵੀ ਲਏ ਹਨ ਅਤੇ ਕਦੇ ਤਾਂ ਐਂਟਰੀਆਂ ਵੀ ਕੀਤੀਆਂ ਹਨ। ਲੱਖ-ਲੱਖ ਐਂਟਰੀਆਂ ਪੈ ਰਹੀਆਂ ਹਨ, ਸਾਡੀਆਂ ਤਨਖਾਹਾਂ ਦੇਣ ਲੱਗੇ ਸਰਕਾਰ ਹੱਥ ਖੜ੍ਹੇ ਕਰ ਰਹੀ ਹੈ।
ਮੰਗਾਂ ਵੱਲ ਧਿਆਨ ਦੇਵੇ ਸਰਕਾਰ: ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਚਲੋ ਇਹ ਕੰਮ ਤਾਂ ਠੀਕ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮੁਫ਼ਤ ਵਿੱਚ ਮੈਡੀਕਲ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ, ਪਰ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਵੀ ਤਨਖਾਹਾਂ ਦਿੱਤੀਆਂ ਜਾਣ, ਤਾਂ ਜੋ ਆਪਣੇ ਘਰਾਂ ਦਾ ਗੁਜ਼ਾਰਾ ਕਰ ਸਕਣ। ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਸਾਨੂੰ ਪਿਛਲੇ ਚਾਰ ਮਹੀਨੇ ਦੀਆਂ ਬਣਦੀਆਂ ਤਨਖਾਹਾਂ ਨਾ ਦਿੱਤੀਆਂ ਗਈਆਂ ਤਾਂ, ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।