ਗਰੀਬ ਪਰਿਵਾਰ ਨੂੰ ਭੇਜਿਆ ਲੱਖਾਂ ਦਾ ਬਿੱਲ ਅੰਮ੍ਰਿਤਸਰ :ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰਾਂ ਦੇ ਜ਼ੀਰੋ ਬਿਜਲੀ ਬਿੱਲ ਭੇਜਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉੱਥੇ ਹੀ ਕੁੱਝ ਲੋਕਾਂ 'ਤੇ ਇਨੀਂ ਗਰੀਬ ਮਾਰ ਹੋ ਰਹੀ ਹੈ ਕਿ ਘਰ ਵਿੱਚ ਮਹਿਜ਼ ਦੋ ਬਲਬ ਜਗਦੇ ਹਨ ਪਰ ਬਿਜਲੀ ਦਾ ਬਿੱਲ ਲੱਖਾਂ ਰੁਪਿਆਂ ਵਿੱਚ ਆ ਰਿਹਾ ਹੈ। ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਰਹਿਣ ਵਾਲੇ ਪਰਿਵਾਰ ਦਾ ਇੱਕ ਵਾਰ ਨਹੀਂ ਬਲਕਿ ਦੋ ਵਾਰ ਲੱਖਾਂ ਰੁਪਏ ਬਿਜਲੀ ਬਿੱਲ ਆ ਗਿਆ ਹੈ। ਜਿਸ ਤੋਂ ਬਾਅਦ ਉਹ ਸਦਮੇ ਵਿੱਚ ਦਿਖਾਈ ਦੇ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪੀੜਿਤ ਪਰਿਵਾਰ ਅਨੁਸਾਰ ਇਸ ਘਰ ਦੇ ਵਿੱਚ ਇੱਕ ਫਰਿਜ, ਦੋ ਬਲਬ ਜਗਦੇ ਹਨ ਅਤੇ ਸਰਦੀ ਦਾ ਮੌਸਮ ਹੋਣ ਕਾਰਨ ਘਰ ਵਿੱਚ ਪੱਖਾ ਤੱਕ ਨਹੀਂ ਲਗਾਇਆ ਗਿਆ, ਤਾਂ ਵੀ ਪਰਿਵਾਰ ਨੂੰ 6 ਲੱਖ 44 ਹਜ਼ਾਰ ਦਾ ਬਿੱਲ ਆ ਗਿਆ ਹੈ। ਇਸ ਮਾਮਲੇ ਸਬੰਧੀ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।
ਬਿਜਲੀ ਵਿਭਾਗ ਨੇ ਦਿੱਤਾ ਅਸ਼ਵਾਸਨ: ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਇਸ ਗਰੀਬੀ ਦੇ ਹਲਾਤਾਂ 'ਚ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਹੁੰਦਾ ਹੈ ਤਾਂ ਪਰਿਵਾਰ ਲੱਖਾਂ ਦਾ ਬਿੱਲ ਕਿਵੇਂ ਭਰ ਸਕਦਾ ਹੈ। ਹਾਲਾਂਕਿ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਬਿਜਲੀ ਵਿਭਾਗ ਦੇ ਦਫਤਰ ਦੇ ਵਿੱਚ ਇਸ ਬਿੱਲ ਸਬੰਧੀ ਆਸ਼ਵਾਸਨ ਦਿੱਤਾ ਹੈ ਕਿ ਉਹਨਾਂ ਦਾ ਬਿਜਲੀ ਬਿੱਲ ਮੀਟਰ ਜੰਪ ਕਾਰਨ ਵੱਧ ਆ ਗਿਆ ਸੀ ਜੋ ਕਿ ਅਗਲੀ ਵਾਰ ਜ਼ੀਰੋ ਆਏਗਾ।
ਦੋ ਵਾਰ ਆਇਆ ਲੱਖਾਂ ਦਾ ਬਿੱਲ: ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪਿੰਡ ਧਾਰੜ ਦੇ ਵਸਨੀਕ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਹਿਲਾਂ 6 ਲੱਖ 51 ਦਾ ਬਿੱਲ ਆਇਆ ਸੀ, ਜਿਸ ਤੋਂ ਬਾਅਦ ਵਿਭਾਗ ਨੂੰ ਸ਼ਿਕਾਇਤ ਕਰਨ ਦੇ ਉੱਤੇ ਉਹਨਾਂ ਵੱਲੋਂ ਜ਼ੀਰੋ ਬਿੱਲ ਦਾ ਭਰੋਸਾ ਦਿੱਤਾ ਗਿਆ। ਲੇਕਿਨ ਮੁੜ ਕੇ ਇਹ ਬਿੱਲ 2 ਲੱਖ ਰੁਪਏ ਹੋਰ ਵਧਾ ਕੇ ਵਿਭਾਗ ਵੱਲੋਂ ਉਹਨਾਂ ਨੂੰ ਭੇਜ ਦਿੱਤਾ ਗਿਆ। ਇਸ ਦੌਰਾਨ ਪਰਿਵਾਰਿਕ ਮੈਂਬਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਜਿੰਨਾਂ ਉਹਨਾਂ ਨੂੰ ਬਿਜਲੀ ਦਾ ਬਿੱਲ ਭੇਜਿਆ ਜਾ ਰਿਹਾ ਹੈ, ਉਨੇ ਦਾ ਤਾਂ ਉਹਨਾਂ ਦਾ ਘਰ ਵੀ ਨਹੀਂ ਹੈ ਕਿ ਉਹ ਘਰ ਵੇਚ ਕੇ ਬਿਜਲੀ ਬਿੱਲ ਤਾਰ ਦੇਣ। ਉਹਨਾਂ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦਾ ਬਿਜਲੀ ਬਿੱਲ ਦਰੁਸਤ ਕਰਕੇ ਜ਼ੀਰੋ ਭੇਜਿਆ ਜਾਵੇ।
ਐਸਡੀਓ ਨੇ ਪਰਿਵਾਰ ਨੂੰ ਦਿੱਤਾ ਭਰੋਸਾ: ਉਧਰ ਇਸ ਸਬੰਧੀ ਬਿਜਲੀ ਵਿਭਾਗ ਦੇ ਐਸਡੀ ਓ ਸੁਖਜੀਤ ਸਿੰਘ ਨਾਲ ਗੱਲ ਕਰਨ 'ਤੇ ਉਹਨਾਂ ਨੇ ਦੱਸਿਆ ਕਿ ਉਕਤ ਵਿਅਕਤੀ ਦਾ ਬਿਜਲੀ ਮੀਟਰ ਸੜ ਗਿਆ ਸੀ ਜਿਸ ਤੋਂ ਬਾਅਦ ਸਿਸਟਮ ਵੱਲੋਂ ਆਟੋਮੈਟਿਕ ਇਸ ਦੀ ਰੀਡਿੰਗ ਚੁੱਕੇ ਜਾਣ ਕਾਰਨ ਉਹਨਾਂ ਨੂੰ ਇਹ ਭਾਰੀ ਰਕਮ ਦਾ ਬਿੱਲ ਆ ਗਿਆ। ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਬਿਜਲੀ ਬਿੱਲ ਠੀਕ ਕਰਕੇ ਜ਼ੀਰੋ ਕਰ ਦਿੱਤਾ ਗਿਆ ਹੈ ਅਤੇ ਹੁਣ ਪਰਿਵਾਰ ਨੂੰ ਉਕਤ ਬਿੱਲ ਇਨਾਂ ਨਹੀਂ ਆਵੇਗਾ।
ਸਮਾਰਟ ਮੀਟਰ ਲਗਾਉਣ ਦੀ ਸਲਾਹ :ਇਸ ਦੇ ਨਾਲ ਹੀ ਐਸਡੀਓ ਨੇ ਲੋਕਾਂ ਨੂੰ ਸਮਾਰਟ ਮੀਟਰ ਲਗਾਉਣ ਨੂੰ ਕਿਹਾ ਹੈ। ਉਹਨਾਂ ਕਿਹਾ ਕਿ ਲੋਕ ਸਮਾਰਟ ਮੀਟਰ ਦਾ ਵਿਰੋਧ ਕਰਦੇ ਹਨ ਪਰ ਸਮਾਰਟ ਮੀਟਰ ਨਾਲ ਲੋਕਾਂ ਦਾ ਨੁਕਸਾਨ ਨਹੀਂ ਬਲਕਿ ਭਲਾਈ ਹੋਵੇਗੀ। ਉਹਨਾਂ ਕਿਹਾ ਕਿ ਲੋਕਾਂ ਦੇ ਵਿੱਚ ਇਸ ਪ੍ਰਤੀ ਅਗਿਆਨਤਾ ਹੋਣ ਕਾਰਨ ਲੋਕਾਂ ਦਾ ਇਹ ਸਮਝਣਾ ਹੈ ਕਿ ਸ਼ਾਇਦ ਇਹ ਚਿੱਪ ਵਾਲੇ ਪ੍ਰੀਪੇਡ ਮੀਟਰ ਹਨ ਜਦਕਿ ਅਜਿਹਾ ਨਹੀਂ ਹੈ, ਉਹਨਾਂ ਕਿਹਾ ਕਿ ਸਮਾਰਟ ਮੀਟਰ ਆਮ ਵਾਲੇ ਮੀਟਰਾਂ ਵਾਂਗ ਹੀ ਹੈ। ਜਿਸ ਦਾ ਬਿਜਲੀ ਬਿੱਲ ਕੰਪਿਊਟਰ ਸਿਸਟਮ ਰਾਹੀਂ ਫੋਨ ਦੇ ਉੱਤੇ ਵੀ ਆ ਜਾਵੇਗਾ ਤੇ ਇਸ ਵਿੱਚ ਰੀਚਾਰਜ ਵਾਲੀ ਕੋਈ ਗੱਲ ਨਹੀਂ ਹੈ।