ਬਠਿੰਡਾ: ਜ਼ਿਲ੍ਹਾ ਬਠਿੰਡਾ ਦੇ ਫੌਜੀ ਚੌਂਕ ਤੋਂ ਮਹਿਣਾ ਚੌਂਕ ਨੂੰ ਜਾਣ ਵਾਲੀ ਸੜਕ ਉੱਤੇ ਦੇਰ ਸ਼ਾਮ ਸਕੂਟਰੀ ਸਵਾਰ ਦੋ ਨੌਜਵਾਨਾਂ ਵਿੱਚੋਂ ਇੱਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨੂੰ ਦੋ ਪਹੀਆ ਵਾਹਨ ਉੱਤੇ ਆਏ ਹਮਲਾਵਰਾਂ ਵੱਲੋਂ ਅੰਜਾਮ ਦਿੱਤਾ ਗਿਆ। ਸ਼ਰੇਆਮ ਵਾਪਰੀ ਇਸ ਘਟਨਾ ਤੋਂ ਬਾਅਦ ਭੀੜ ਵਾਲੇ ਇਲਾਕੇ ਵਿੱਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ।
ਹਮਲਾਵਰ ਹੋਏ ਫਰਾਰ,ਪੁਲਿਸ ਕਰ ਰਹੀ ਭਾਲ (ETV BHARAT PUNJAB (ਪੱਤਰਕਾਰ,ਬਠਿੰਡਾ)) ਬਿਜਲੀ ਮਕੈਨਿਕ ਵਜੋਂ ਕੰਮ ਕਰਦਾ ਸੀ ਮ੍ਰਿਤਕ
ਘਟਨਾ ਦਾ ਪਤਾ ਚੱਲਦੇ ਹੀ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚੇ ਜਿਨ੍ਹਾਂ ਵੱਲੋਂ ਘਟਨਾ ਦੇ ਨੇੜਲੇ ਇਲਾਕੇ ਵਿੱਚ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਉੱਧਰ ਦੂਸਰੇ ਪਾਸੇ ਗੋਲੀ ਦਾ ਸ਼ਿਕਾਰ ਹੋਏ ਨੌਜਵਾਨ ਦੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ਜਿਸ ਦੀ ਪਹਿਚਾਣ ਨਿਰਮਲ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ ਜੋ ਬਠਿੰਡਾ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਅਤੇ ਉਹ ਬਿਜਲੀ ਮਕੈਨਿਕ ਵਜੋਂ ਕੰਮ ਕਰ ਰਿਹਾ ਸੀ। ਅੱਜ ਵੀ ਮ੍ਰਿਤਕ ਨੌਜਵਾਨ ਆਪਣੇ ਸਾਥੀ ਨਾਲ ਸਕੂਟਰ ਉੱਤੇ ਸਵਾਰ ਹੋ ਕੇ ਕਿਸੇ ਦੇ ਘਰ ਗੀਜ਼ਰ ਲਾਉਣ ਜਾ ਰਿਹਾ ਸੀ ਕਿ ਰਾਸਤੇ ਵਿੱਚ ਦੋਪਹੀਆ ਵਾਹਾਨ ਉੱਤੇ ਸਵਾਰ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ।
ਪੁਲਿਸ ਕਰ ਰਹੀ ਮੁਲਜ਼ਮਾਂ ਦੀ ਭਾਲ
ਇਸ ਘਟਨਾ ਸਬੰਧੀ ਬੋਲਦਿਆਂ ਐੱਸਪੀ ਸਿਟੀ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਪਾਰਟੀ ਮੌਕੇ ਉੱਤੇ ਪਹੁੰਚੀ ਹੈ ਅਤੇ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਫਿਲਹਾਲ ਮੌਕੇ ਉੱਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਤਿੰਨ ਤੋਂ ਚਾਰ ਰਾਊਂਡ ਗੋਲੀਆਂ ਚੱਲਣ ਦੀ ਗੱਲ ਸਾਹਮਣੇ ਆਈ ਹੈ। ਜਿਨਾਂ ਵਿੱਚੋਂ ਇੱਕ ਗੋਲੀ ਘਰ ਦੇ ਬਾਹਰ ਖੜੀ ਕਾਰ ਵਿੱਚ ਵੀ ਲੱਗੀ ਹੈ, ਜਿਸ ਦਾ ਸ਼ੀਸ਼ਾ ਟੁੱਟ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਇਸ ਘਟਨਾ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਤਾਇਨਾਤ ਡਾਕਟਰਾਂ ਦਾ ਕਹਿਣਾ ਹੈ ਕਿ ਨੌਜਵਾਨ ਦੇ ਮੂੰਹ ਵਿੱਚੋਂ ਖੂਨ ਆਇਆ ਹੈ ਅਤੇ ਉਸਦੀ ਮੌਤ ਹੋ ਚੁੱਕੀ ਹੈ, ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ।