ਬਰਨਾਲਾ :ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪਾਰਲੀਮੈਂਟ ਵਿੱਚ ਮਾਲਵੇ ਖਿੱਤੇ ਨੂੰ ਰੇਲ ਲਿੰਕ ਰਾਹੀਂ ਚੰਡੀਗੜ੍ਹ ਨਾਲ ਜੋੜਨ ਦਾ ਮੁੱਦਾ ਜ਼ੋਰ ਸ਼ੋਰ ਨਾਲ ਉਠਾਇਆ ਜਾਵੇਗਾ ਅਤੇ ਨਵੀਂ ਬਣਨ ਜਾ ਰਹੀ ਕੇਂਦਰ ਸਰਕਾਰ ਤੋਂ ਇਹ ਮੁੱਦਾ ਸਭ ਤੋਂ ਪਹਿਲਾਂ ਹੱਲ ਕਰਵਾਇਆ ਜਾਵੇਗਾ। ਮੀਤ ਹੇਅਰ ਬੀਤੀ ਸ਼ਾਮ ਬਰਨਾਲਾ ਹਲਕੇ ਦੇ ਪਿੰਡਾਂ ਦੇ ਦੌਰਿਆਂ ਤੋਂ ਬਾਅਦ ਬਰਨਾਲਾ ਸ਼ਹਿਰ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ।
ਮੀਤ ਹੇਅਰ ਨੇ ਕਿਹਾ ਕਿ ਸੂਬੇ ਵਿੱਚ ਰਾਜ ਕਰਨ ਵਾਲੀਆਂ ਪਿਛਲੀਆਂ ਪਾਰਟੀਆਂ ਨੇ ਟਰਾਂਸਪੋਰਟ ਮਾਫੀਏ ਨੂੰ ਲਾਹਾ ਦੇਣ ਲਈ ਪੂਰੇ ਮਾਲਵੇ ਖਿੱਤੇ ਨੂੰ ਸਭ ਤੋਂ ਸਸਤੇ ਆਵਾਜਾਈ ਸਾਧਨ ਰੇਲ ਰਾਹੀਂ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨਾਲੋੰ ਤੋੜਿਆ ਰੱਖਿਆ। ਅਬੋਹਰ, ਬਠਿੰਡਾ ਤੋਂ ਤਪਾ, ਬਰਨਾਲਾ, ਧੂਰੀ ਹੁੰਦੀ ਹੋਈ ਰੇਲ ਲਾਈਨ ਰਾਜਪੁਰਾ ਤੋਂ ਅੰਬਾਲਾ ਤੱਕ ਜਾਂਦੀ ਹੈ ਪਰ ਸਿਰਫ ਰਾਜਪੁਰਾ ਤੋਂ 40 ਕਿਲੋਮੀਟਰ ਦੀ ਦੂਰੀ ਉਤੇ ਸਥਿਤ ਚੰਡੀਗੜ੍ਹ ਨੂੰ ਕੋਈ ਸਿੱਧੀ ਰੇਲ ਲਾਈਨ ਨਹੀਂ ਜਾਂਦੀ। ਮਾਲਵੇ ਦੇ ਲੋਕ ਬੱਸਾਂ ਉੱਪਰ ਮਹਿੰਗਾ ਸਫ਼ਰ ਕਰਨ ਲਈ ਮਜਬੂਰ ਹਨ। ਹੁਣ ਵੇਲਾ ਆ ਗਿਆ ਹੈ ਕਿ ਪਾਰਲੀਮੈਂਟ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਭੇਜਿਆ ਜਾਵੇ ਅਤੇ ਅਗਲੀ ਬਣਨ ਵਾਲੀ ਸਰਕਾਰ ਵਿੱਚ ਅਹਿਮ ਰੋਲ ਨਿਭਾ ਕੇ ਪੰਜਾਬ ਦੇ ਮੁੱਦੇ ਸੁਲਝਾਏ ਜਾਣ।