ਲੁਧਿਆਣਾ: ਉੱਤਰ ਭਾਰਤ ਦੇ ਵਿੱਚ ਸਰਦੀ ਦਾ ਕਹਿਰ ਜਾਰੀ ਹੈ ਅਤੇ ਲਗਾਤਾਰ ਠੰਡ ਪੈ ਰਹੀ ਹੈ। ਕਈ ਦਿਨਾਂ ਤੋਂ ਸੂਰਜ ਨਹੀਂ ਨਿਕਲ ਰਿਹਾ ਜਿਸ ਕਰਕੇ ਜਿੱਥੇ ਆਮ ਇਨਸਾਨਾਂ 'ਤੇ ਇਸ ਦਾ ਪ੍ਰਭਾਵ ਪੈ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸਬਜ਼ੀਆਂ 'ਤੇ ਵੀ ਠੰਡ ਦਾ ਕਹਿਰ ਪੈ ਰਿਹਾ ਹੈ। ਖਾਸ ਕਰਕੇ ਸੀਜਨਲ ਸਬਜ਼ੀਆਂ ਖਰਾਬ ਹੋ ਰਹੀਆਂ ਨੇ ਤੇ ਨਾਲ ਹੀ ਆਲੂ ਮਟਰ ਅਤੇ ਟਮਾਟਰ ਦੇ ਨਾਲ-ਨਾਲ ਲੱਸਣ 'ਤੇ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਇੱਕ ਪਾਸੇ ਜਿੱਥੇ ਸਬਜ਼ੀਆਂ ਖਰਾਬ ਹੋ ਰਹੀਆਂ ਨੇ ਤਾਂ ਉੱਥੇ ਹੀ ਮਾਰਕੀਟ ਦੇ ਵਿੱਚ ਸਬਜ਼ੀਆਂ ਦੀ ਕੀਮਤਾਂ ਦੇ ਵਿੱਚ ਵੀ ਲਗਾਤਾਰ ਇਜਾਫ਼ਾ ਹੋ ਰਿਹਾ ਹੈ। ਲੱਸਣ 350 ਰੁਪਏ ਤੋਂ ਲੈਕੇ 400 ਰੁਪਏ ਕਿਲੋ ਤੱਕ ਮਿਲ ਰਿਹਾ ਹੈ ਕਿਉਂਕਿ ਲੱਸਣ ਦੀਆਂ ਪੋਥੀਆਂ ਖਰਾਬ ਹੋ ਰਹੀਆਂ ਹਨ ਤੇ ਲੱਸਣ ਪੀਲਾ ਪੈ ਰਿਹਾ ਹੈ। ਇਸ ਤੋਂ ਇਲਾਵਾ ਜੋ ਨਵੇਂ ਬੂਟੇ ਹਨ ਉਹਨਾਂ ਦੀ ਵੀ ਗਰੋਥ ਰੁਕ ਗਈ ਹੈ। ਨਵੇਂ ਬੂਟੇ ਅੱਗੇ ਨਹੀਂ ਵਧ ਰਹੇ ਅਤੇ ਜੋ ਨਵੇਂ ਫਲ ਆ ਰਹੇ ਨੇ ਉਹ ਵੀ ਚੰਗੀ ਤਰ੍ਹਾਂ ਤਿਆਰ ਨਹੀਂ ਆ ਰਹੇ। ਇਸ ਦਾ ਕਾਫੀ ਖਾਮਿਆਜਾ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਭੁਗਤਨਾ ਪੈ ਰਿਹਾ ਹੈ। ਹਾਲਾਂਕਿ ਕਣਕ ਲਈ ਇਹ ਮੌਸਮ ਲਾਹੇਵੰਦ ਹੈ ਪਰ ਸਬਜ਼ੀਆਂ ਲਈ ਇਹ ਮੌਸਮ ਲੰਬਾ ਸਮਾਂ ਚੱਲਣ ਨਾਲ ਉਹਨਾਂ ਦਾ ਹੁਣ ਨੁਕਸਾਨ ਹੋਣਾ ਸ਼ੁਰੂ ਹੋ ਚੁੱਕਾ ਹੈ।
ਕਿਉਂ ਹੋਈਆਂ ਸਬਜ਼ੀਆਂ ਖਰਾਬ:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਬਜ਼ੀ ਵਿਗਿਆਨ ਦੇ ਮਾਹਿਰ ਡਾਕਟਰ ਕੁਲਬੀਰ ਸਿੰਘ ਨੇ ਦੱਸਿਆ ਹੈ ਕਿ ਸਰਦੀਆਂ ਦੇ ਵਿੱਚ ਧੁੱਪ ਨਾ ਨਿਕਲਣ ਕਰਕੇ ਸਬਜ਼ੀਆਂ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਉਹਨਾਂ ਕਿਹਾ ਕਿ ਹਾਲੇ ਜਿਆਦਾ ਅਸਰ ਨਹੀਂ ਹੋ ਰਿਹਾ ਹੈ ਪਰ ਆਉਂਦੇ ਦਿਨਾਂ 'ਚ ਜੇਕਰ ਸੂਰਜ ਨਾ ਨਿਕਲਿਆ ਤਾਂ ਨੁਕਸਾਨ ਵੱਧ ਸਕਦਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਬੂਟੇ ਨੂੰ ਗਰੋਥ ਲਈ ਅਤੇ ਸਬਜ਼ੀਆਂ ਨੂੰ ਸੂਰਜ ਦੀ ਤਪਿਸ਼ ਮਿਲਣੀ ਬੇਹਦ ਜਰੂਰੀ ਹੁੰਦੀ ਹੈ ਪਰ ਜਦੋਂ ਇਹਨਾਂ ਦਿਨਾਂ ਦੇ ਵਿੱਚ ਕਈ-ਕਈ ਦਿਨ ਤੱਕ ਸੂਰਜ ਨਹੀਂ ਨਿਕਲਦਾ ਤੇ ਧੁੱਪ ਨਹੀਂ ਆਉਂਦੀ ਅਤੇ ਬੂਟਿਆਂ ਨੂੰ ਲੁੜਦੀ ਤਪਿਸ਼ ਨਹੀਂ ਮਿਲਦੀ ਤਾਂ ਉਹ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ। ਡਾਕਟਰ ਕੁਲਬੀਰ ਸਿੰਘ ਨੇ ਕਿਹਾ ਕਿ ਸਬਜ਼ੀਆਂ ਦੇ ਪੌਦੇ ਜਿਆਦਾ ਖ਼ਰਾਬ ਹੋਣ ਦਾ ਕਾਰਨ ਦਿਨ ਦੇ ਵਿੱਚ ਵੀ ਤਾਪਮਾਨ ਦੇ ਵਿੱਚ ਬੇਹਦ ਗਿਰਾਵਟ ਹੋਣਾ ਹੈ। ਉਹਨਾਂ ਕਿਹਾ ਕਿ ਜਿਆਦਾਤਰ ਇਹਨਾਂ ਦਿਨਾਂ ਦੇ ਵਿੱਚ ਰਾਤ ਦਾ ਤਾਪਮਾਨ ਘੱਟ ਅਤੇ ਦਿਨ ਦੇ ਵਿੱਚ ਧੁੱਪ ਨਿਕਲਦੀ ਹੁੰਦੀ ਹੈ ਪਰ ਪਿਛਲੇ ਕੁਝ ਸਮਿਆਂ ਤੋਂ ਮੌਸਮ ਦੇ ਵਿੱਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਉਹਨਾਂ ਕਿਹਾ ਕਿ ਹੁਣ ਦਿਨ ਦੇ ਵਿੱਚ ਵੀ ਕੜਾਕੇ ਦੀ ਠੰਡ ਹੁੰਦੀ ਹੈ ਅਤੇ ਧੁੰਦ ਕਰਕੇ ਸੂਰਜ ਨਹੀਂ ਨਿਕਲਦਾ ਜਿਸ ਕਰਕੇ ਸਬਜ਼ੀਆਂ ਨੂੰ ਇਸ ਦਾ ਨੁਕਸਾਨ ਝੱਲਣਾ ਪੈਂਦਾ ਹੈ।