ਰੂਪਨਗਰ: ਰੂਪਨਗਰ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਵਿੱਚ ਅੱਜ ਸ਼ਹੀਦੀ ਜੋੜ ਮੇਲ ਦੇ ਦੂਸਰੇ ਦਿਨ ਵੱਡੀ ਤਾਦਾਦ ਵਿੱਚ ਸੰਗਤ ਨਤਮਸਤਕ ਹੋਣ ਦੇ ਲਈ ਪਹੁੰਚੀ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾਕਟਰ ਦਲਜੀਤ ਚੀਮਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਗੁਰਦੁਆਰਾ ਸ੍ਰੀ ਭੱਟਾ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ ਹਨ।
ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋਏ SGPC ਆਗੂ (ETV Bharat (ਰੂਪਨਗਰ, ਪੱਤਰਕਾਰ))
ਵੈਰਾਗਮਈ ਦਿਨ
ਐਸਜੀਪੀਸੀ ਦੇ ਪ੍ਰਧਾਨ ਧਾਮੀ ਨੇ ਕਿਹਾ ਕਿ ਸ਼ਹੀਦੀ ਜੋੜ ਮੇਲ ਸਿੱਖ ਇਤਿਹਾਸ ਵਿੱਚ ਹੋਈਆਂ ਉਨ੍ਹਾਂ ਸ਼ਹਾਦਤਾਂ ਨੂੰ ਆਉਣ ਵਾਲੀਆਂ ਪੀੜੀਆਂ ਨੂੰ ਯਾਦ ਕਰਵਾਉਂਦਾ ਹੈ। ਸਿੱਖ ਇਤਿਹਾਸ ਵਿੱਚ ਕਿੰਨੀਆਂ ਲਾਸਾਨੀ ਸ਼ਹਾਦਤਾਂ ਦੇ ਨਾਲ ਕੁਰਬਾਨੀਆਂ ਸਿੱਖੀ ਦੇ ਲਈ ਦਿੱਤੀਆਂ ਗਈਆਂ ਹਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦਿਨਾਂ ਨੂੰ ਵੈਰਾਗਮਈ ਦਿਨ ਮੰਨਿਆ ਜਾਂਦਾ ਹੈ ਅਤੇ ਸੰਗਤ ਵੱਲੋਂ ਇਨ੍ਹਾਂ ਦਿਨਾਂ ਦੇ ਵਿੱਚ ਗੁਰੂ ਘਰ ਵਿੱਚ ਨਤਮਸਤਕ ਹੋ ਕੇ ਲਾਸਾਨੀ ਸ਼ਹਾਦਤਾਂ ਨੂੰ ਨਮਨ ਕੀਤਾ ਜਾਂਦਾ ਹੈ।
ਲਾਸਾਨੀ ਜੰਗ ਅਤੇ ਲਾਸਾਨੀ ਸ਼ਹਾਦਤਾਂ
ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਸੀਨੀਅਰ ਲੀਡਰ ਡਾਕਟਰ ਦਲਜੀਤ ਚੀਮਾ ਅੱਜ ਸ਼ਹੀਦੀ ਪੰਦਰਵਾੜੇ ਤਹਿਤ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਨਤਮਸਤਕ ਹੋਏ। ਉਨ੍ਹਾਂ ਨੇ ਕਿਹਾ ਕਿ ਸਿੱਖ ਇਤਿਹਾਸ ਲਾਸਾਨੀ ਸ਼ਹਾਦਤਾਂ ਦੇ ਨਾਲ ਭਰਿਆ ਹੋਇਆ ਇਤਿਹਾਸ ਹੈ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਪੰਦਰਵਾੜੇ ਦੌਰਾਨ ਸਿੱਖ ਇਤਿਹਾਸ ਦੇ ਵਿੱਚ ਲਾਸਾਨੀ ਜੰਗ ਅਤੇ ਲਾਸਾਨੀ ਸ਼ਹਾਦਤਾਂ ਹੋਈਆਂ ਸਨ ਜਿਨਾਂ ਨੂੰ ਯਾਦ ਕਰਦੇ ਹੋਏ ਸ਼ਹੀਦੀ ਜੋੜ ਮੇਲੇ ਤੇ ਸੰਗਤ ਵੱਡੇ ਪੱਧਰ ਉੱਤੇ ਗੁਰੂ ਘਰ ਵਿੱਚ ਨਤਮਸਤਕ ਹੁੰਦੀ ਹੈ।
ਸਰਕਾਰ ਨੂੰ ਅਪੀਲ
ਇਸ ਮੌਕੇ ਡਾਕਟਰ ਦਿਲਜੀਤ ਚੀਮਾ ਨੇ ਨਗਰ ਕੌਂਸਲ ਦੀਆਂ ਹੋਣ ਵਾਲੀਆਂ ਉਪ ਚੋਣਾਂ ਦੇ ਸਮੇਂ ਉੱਤੇ ਵੀ ਟਿੱਪਣੀ ਕੀਤੀ ਉਨ੍ਹਾਂ ਨੇ ਕਿਹਾ ਕਿ ਸ਼ਹੀਦੀ ਪੰਦਰਵਾੜੇ ਦੌਰਾਨ ਇਹ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ ਸਨ ਇਸ ਬਾਬਤ ਉਨ੍ਹਾਂ ਵੱਲੋਂ ਪਹਿਲਾਂ ਵੀ ਕਈ ਵਾਰ ਅਪੀਲ ਕੀਤੀ ਗਈ ਸੀ ਪਰ ਉਨ੍ਹਾਂ ਅਪੀਲਾਂ ਨੂੰ ਦਰਕਿਨਾਰ ਕੀਤਾ ਗਿਆ ਕਿਉਂਕਿ ਸਿੱਖ ਇਤਿਹਾਸ ਵਿੱਚ ਇਹ ਸ਼ਹੀਦੀ ਪੰਦਰਵਾੜੇ ਵਾਲੇ ਦਿਨ ਬੜੇ ਹੀ ਗਮ ਗਈ ਦਿਨ ਹੁੰਦੇ ਹਨ ਅਤੇ ਇਨ੍ਹਾਂ ਦਿਨਾਂ ਦੌਰਾਨ ਰਾਜਨੀਤੀ ਤੋਂ ਪਰਹੇਜ ਕੀਤਾ ਜਾਂਦਾ ਹੈ ਪਰ ਹੁਣ ਜੋ ਇਹ ਚੋਣਾਂ ਹੋ ਰਹੀਆਂ ਹਨ। ਇਸ ਬਾਬਤ ਵੀ ਉਨ੍ਹਾਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਇਸ ਵਕਤ ਨਾ ਕਰਵਾਈਆਂ ਜਾਣ ਪਰ ਸਰਕਾਰ ਵੱਲੋਂ ਇਸ ਗੱਲ ਉੱਤੇ ਕੋਈ ਗੌਰ ਤਲਬ ਨਹੀਂ ਕੀਤਾ ਗਿਆ।
ਸ਼ਹੀਦੀ ਜੋੜ ਮੇਲਾ
ਜ਼ਿਕਰ ਯੋਗ ਹੈ ਕਿ ਦੂਸਰੇ ਪੜਾ ਦੌਰਾਨ ਸ਼ਹੀਦੀ ਜੋੜ ਮੇਲ ਤਿੰਨ ਦਿਨ ਦੇ ਲਈ ਰੋਪੜ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਭੱਠਾ ਸਾਹਿਬ ਵਿਖੇ ਇਸ ਸਮੇਂ ਮੌਜੂਦ ਹੈ। ਜਿਸ ਤੋਂ ਬਾਅਦ ਅਗਲੇ ਪੜਾਅ ਦੇ ਲਈ ਇਸ ਜਗ੍ਹਾ ਤੋਂ ਦੋ ਵੱਖ-ਵੱਖ ਜਗ੍ਹਾ ਇਹ ਜੋੜ ਮੇਲ ਹੋਵੇਗਾ। ਜਿਸ ਵਿੱਚ ਇੱਕ ਜਗ੍ਹਾ ਮੁਰਿੰਡਾ ਅਤੇ ਦੂਸਰੀ ਜਗਹਾ ਸ੍ਰੀ ਚਮਕੌਰ ਸਾਹਿਬ ਹੋਵੇਗੀ। ਸ੍ਰੀ ਚਮਕੌਰ ਸਾਹਿਬ ਦੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਗੜੀ ਸਾਹਿਬ ਦੇ ਵਿੱਚ ਵੀ ਸੰਗਤ ਵੱਡੇ ਪੱਧਰ ਉੱਤੇ ਜਾ ਕੇ ਨਤਮਸਤਕ ਹੁੰਦੀ ਹੈ ਕਿਉਂਕਿ ਉਸ ਜਗ੍ਹਾ ਉੱਤੇ 40 ਸਿੰਘਾਂ ਨੇ 10 ਲੱਖ ਦੀ ਮੁਗਲ ਫੌਜ ਦੇ ਨਾਲ ਟਾਕਰਾ ਲਿਆ ਸੀ ਅਤੇ ਇਸੇ ਦੌਰਾਨ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ। ਜੇਕਰ ਦੂਜੇ ਪਾਸੇ ਮੁਰਿੰਡੇ ਦੀ ਗੱਲ ਕੀਤੀ ਜਾਵੇ ਤਾਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਨੂੰ ਪਿੰਡ ਸਰਾਲੀ ਦੇ ਨੇੜੇ ਗੰਗੂ ਬਾਹਮਣ ਦੇ ਘਰ ਦੇ ਵਿੱਚੋਂ ਮੁਗਲ ਫੌਜ ਫੜ ਕੇ ਲੈ ਗਈ ਸੀ ਅਤੇ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਦੇ ਵਿੱਚ ਜਾ ਕੇ ਕੈਦ ਕੀਤਾ ਗਿਆ ਸੀ।