ਅਟਾਰੀ/ਅੰਮ੍ਰਿਤਸਰ:ਅੱਜ ਪੂਰੇ ਪੰਜਾਬ ਦੇ ਵਿੱਚ ਜਿੱਥੇ ਪੰਚਾਇਤੀ ਚੋਣਾਂ ਹੋ ਰਹੀਆਂ ਹਨ ਅਤੇ ਅੱਜ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। ਜਿਸ ਕਰਕੇ ਲੋਕਾਂ ਦੇ ਵਿੱਚ ਇਸ ਵੋਟਾਂ ਨੂੰ ਲੈ ਕੇ ਕਾਫੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਲੋਕ ਘਰਾਂ ਚੋਂ ਨਿਕਲ ਕੇ ਵੱਡੀ ਗਿਣਤੀ ਵਿੱਚ ਵੋਟ ਦਾ ਇਸਤੇਮਾਲ ਕਰਨ ਪਹੁੰਚ ਰਹੇ ਹਨ। ਅੰਮ੍ਰਿਤਸਰ ਦੇ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਇਬਣ ਕਲਾਂ ਵਿਖੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਪਿੰਡ ਇਬਣ ਕਲਾਂ 'ਚ ਵੱਡੀ ਗਿਣਤੀ 'ਚ ਵੋਟ ਪਾਉਣ ਪਹੁੰਚੇ ਲੋਕ (ETV Bharat (ਪੱਤਰਕਾਰ , ਅੰਮ੍ਰਿਤਸਰ)) ਅੰਮ੍ਰਿਤਸਰ ਦੇ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਇਬਣ ਕਲਾਂ ਵਿੱਚ ਵੱਡੀ ਗਿਣਤੀ 'ਚ ਲੋਕ ਵੋਟ ਪਾਉਣ ਪਹੁੰਚ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਨਸ਼ੇ ਦਾ ਮੁੱਦਾ ਸਭ ਤੋਂ ਵੱਧ ਹੈ। ਪਿੰਡ ਦੇ ਲੋਕਾਂ ਨੂੰ ਆਸ ਹੈ ਕਿ ਕੋਈ ਨੌਜਵਾਨ ਸਰਪੰਚ ਖੜ੍ਹਾ ਹੋਵੇ, ਜੋ ਪਿੰਡ ਦੀ ਨੁਹਾਰ ਬਦਲ ਸਕੇ। ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲੀਆਂ ਪੰਚਾਇਤਾਂ ਨੇ ਤਾਂ ਪਿੰਡ ਦਾ ਕੁਝ ਨਹੀਂ ਕੀਤਾ, ਨਾ ਹੀ ਕੋਈ ਪਿੰਡ ਦੀ ਨੁਹਾਰ ਬਦਲੀ ਹੈ। ਉਨ੍ਹਾਂ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪਹਿਲੀ ਪੰਚਾਇਤ ਦੇ ਮੈਂਬਰ ਹੀ ਪਿੰਡ ਵਿੱਚ ਸ਼ਰੇਆਮ ਨਸ਼ਾ ਵੇਚਦੇ ਸਨ।
ਪਿੰਡ ਚੋਂ ਨਸ਼ਾ ਖ਼ਤਮ ਕਰਵਾਇਆ ਜਾਵੇ: ਪਿੰਡ ਵਾਸੀ
ਇਸ ਦੌਰਾਨ ਪਿੰਡ ਵਾਸੀਆਂ ਨੇ ਜਦੋਂ ਗੱਲਬਾਤ ਕੀਤੀ ਤਾਂ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਲੰਬੇ ਸਮੇਂ ਬਾਅਦ ਆਪਣੇ ਪਿੰਡ ਦੇ ਸਰਪੰਚ ਚੁਣਨ ਲਈ ਵੋਟ ਦਾ ਇਸਤੇਮਾਲ ਕਰਨ ਪਹੁੰਚੇ ਹਨ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਵੋਟਿੰਗ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਵਿੱਚ ਵੋਟ ਪਾਉਣ ਦਾ ਉਤਸ਼ਾਹ ਜਿਆਦਾ ਇਸ ਲਈ ਦੇਖਣ ਨੂੰ ਮਿਲ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਪਿੰਡ ਵਿੱਚ ਨਸ਼ੇ ਦਾ ਅਹਿਮ ਮੁੱਦਾ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਜੋ ਵੀ ਨਵਾਂ ਸਰਪੰਚ ਚੁਣਿਆ ਜਾਵੇ। ਉਹ ਪਿੰਡ ਦੇ ਵਿੱਚੋਂ ਨਸ਼ਾ ਖਤਮ ਕਰਵਾਇਆ ਜਾਵੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਪੱਕੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਅਸੀਂ ਉਸੇ ਹੀ ਉਮੀਦਵਾਰ ਨੂੰ ਵੋਟ ਕਰ ਰਹੇ ਹਾਂ ਜੋ ਕਿ ਪਿੰਡ ਦੇ ਵਿਕਾਸ ਦੇ ਕੰਮ ਵੱਧ ਚੜ ਕੇ ਕਰਵਾ ਸਕਦਾ ਹੈ।
ਪਿੰਡ 'ਤੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਇਲਜ਼ਾਮ
ਉੱਥੇ ਹੀ ਪਿੰਡ ਦੇ ਸਾਬਕਾ ਸਰਪੰਚ ਅਤੇ ਇਸ ਸਮੇਂ ਚੋਣ ਲੜ ਰਹੇ ਉਮੀਦਵਾਰ ਨਾਲ ਜਦੋਂ ਗੱਲਬਾਤ ਕੀਤੀ. ਤਾਂ ਉਨ੍ਹਾਂ ਨੇ ਕਿਹਾ ਕਿ ਜੋ ਪਿੰਡ ਵਾਸੀਆਂ ਵੱਲੋਂ ਨਸ਼ੇ ਦੇ ਮੁੱਦੇ ਉੱਤੇ ਪਿੰਡ ਉੱਤੇ ਇਲਜ਼ਾਮ ਲਗਾਏ ਜਾ ਰਹੇ ਹਨ, ਉਹ ਗਲਤ ਹਨ। ਪਿੰਡ ਵਿੱਚ ਨਸ਼ਾ ਤਾਂ ਹੈ, ਪਰ ਉਹ ਸਰਕਾਰ ਦੀ ਮਦਦ ਨਾਲ ਹੀ ਖਤਮ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਪਹਿਲਾਂ ਵੀ ਬਹੁਤ ਸਾਰੇ ਵਿਕਾਸ ਕਾਰਜ ਹੋਏ ਸੀ, ਜੇਕਰ ਹੁਣ ਦੁਬਾਰਾ ਤੋਂ ਅਗਰ ਪਿੰਡ ਵਾਸੀ ਉਹਨਾਂ ਨੂੰ ਮੌਕਾ ਦਿੰਦੇ ਹਨ, ਤਾਂ ਉਹ ਪਿੰਡ ਦੇ ਵਿਕਾਸ ਲਈ ਫਿਰ ਤੋਂ ਪੂਰਾ ਜ਼ੋਰ ਲਾਉਣਗੇ।