ਅੰਮ੍ਰਿਤਸਰ: ਪੰਜਾਬ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣ ਸਿਆਸਤਦਾਨਾਂ ਵੱਲੋਂ ਇੱਕ ਦੂਜੇ ਉੱਤੇ ਦੂਸ਼ਣਬਾਜੀ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਜਿਸ ਦੇ ਤਹਿਤ ਅੱਜ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਅਨਿਲ ਜੋਸ਼ੀ ਵੱਲੋਂ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਉੱਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਗਏ।
ਯੂਰਪ ਦੀ ਤਰਜ਼ 'ਤੇ ਵਿਕਾਸ: ਉਹਨਾਂ ਨੇ ਕਿਹਾ ਕਿ ਗੁਰਜੀਤ ਸਿੰਘ ਔਜਲਾ ਅਤੇ ਮੇਰੇ ਕੰਮਾਂ ਦੇ ਵਿੱਚ ਜੇਕਰ ਕਿਸੇ ਵਿਅਕਤੀ ਨੂੰ ਕਿੰਤੂ ਪ੍ਰੰਤੂ ਹੈ ਤਾਂ ਉਹ ਜਾਂਚ ਕਰਵਾ ਸਕਦਾ ਹੈ ਅਤੇ ਮੇਰੇ ਕੰਮਾਂ ਦੇ ਵਿੱਚ ਲੋਕ ਟੋਹਰ ਨਾਲ ਮੋਹਰ ਲਗਾਉਂਦੇ ਹੋਏ ਨਜ਼ਰ ਆਉਣਗੇ। ਇਸ ਦੇ ਨਾਲ ਹੀ ਅੱਗੇ ਬੋਲਦੇ ਹੋਏ ਅਨਿਲ ਜੋਸ਼ੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੇਕਰ ਉਹਨਾਂ ਨੇ ਟਾਈਲਾਂ ਲਗਵਾਈਆਂ ਹਨ ਤਾਂ ਉਹ ਯੂਰਪ ਦੇ ਤਰਜ 'ਤੇ ਲਗਾਈਆਂ ਗਈਆਂ ਹਨ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਯੂਰਪ ਦੇ ਵਿੱਚ ਪੂਰੀ ਸਫਾਈ ਹੁੰਦੀ ਹੈ, ਉਸੇ ਤਰ੍ਹਾਂ ਹੀ ਅੰਮ੍ਰਿਤਸਰ ਦੇ ਵਿੱਚ ਵੀ ਅਸੀਂ ਪੂਰੀ ਤਰ੍ਹਾਂ ਨਾਲ ਸਫਾਈ ਰੱਖੀ ਸੀ ਅਤੇ ਕਿਸੇ ਵੀ ਤਰ੍ਹਾਂ ਦੀ ਗੰਦਗੀ ਉਥੇ ਵੇਖਣ ਨੂੰ ਨਹੀਂ ਮਿਲਦੀ ਸੀ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜੋ ਲੋਕ ਸਿਰਫ ਅਤੇ ਸਿਰਫ ਇਲਜ਼ਾਮਾਂ ਦੀ ਰਾਜਨੀਤੀ ਕਰਦੇ ਹਨ, ਉਹ ਅਨਿਲ ਜੋਸ਼ੀ ਦੇ ਗਰਾਊਂਡ ਲੈਵਲ 'ਤੇ ਜਾ ਕੇ ਆਪਣਾ ਭੁਲੇਖਾ ਕੱਢ ਸਕਦੇ ਹਨ।
ਅਨਿਲ ਜੋਸ਼ੀ ਦੇ ਕੰਮਾਂ ਬਾਰੇ ਲੋਕ ਬੋਲਦੇ: ਇਸ ਦੌਰਾਨ ਪੱਤਰਕਾਰਾਂ ਵੱਲੋਂ ਟਾਇਲ ਮੰਤਰੀ ਦਾ ਸਵਾਲ ਪੁੱਛਿਆ ਜਾਣ 'ਤੇ ਅਨਿਲ ਜੋਸ਼ੀ ਵੀ ਭੜਕ ਗਏ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਦੀ ਸਰਕਾਰ ਵੇਲੇ ਖੁਦ ਉਹ ਮੰਤਰੀ ਰਹੇ ਹਨ ਤੇ ਉਹਨਾਂ ਵੱਲੋਂ ਆਪਣੇ ਹਲਕੇ ਦੇ ਵਿੱਚ ਕਾਫੀ ਸਾਰਾ ਵਿਕਾਸ ਵੀ ਕਰਵਾਇਆ ਗਿਆ ਤੇ ਆਪਣੇ ਹਲਕੇ ਦੇ ਵਿੱਚ ਕਾਫੀ ਟਾਈਲਾਂ ਲਗਵਾਈਆਂ ਗਈਆਂ ਸੀ। ਉਨ੍ਹਾਂ ਕਿਹਾ ਕਿ ਸੜਕਾਂ ਦੇ ਉੱਪਰੋਂ ਕੂੜਾ ਕਰਕਟ ਵੀ ਖਤਮ ਕਰਵਾਇਆ ਗਿਆ ਸੀ ਅਤੇ ਇਸ ਵਿਕਾਸ ਤੋਂ ਜੇਕਰ ਕੋਈ ਸੜ ਕੇ ਮੈਨੂੰ ਟਾਇਲ ਮੰਤਰੀ ਕਹਿੰਦਾ ਹੈ ਤਾਂ ਮੈਨੂੰ ਇਸ ਦੇ ਨਾਲ ਕੋਈ ਵੀ ਫਰਕ ਨਹੀਂ ਪਵੇਗਾ। ਇਸ ਦੇ ਨਾਲ ਹੀ ਅੱਗੇ ਬੋਲਦੇ ਹੋਏ ਅਨਿਲ ਜੋਸ਼ੀ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਦੋ ਵਾਰ ਸੰਸਦ ਰਹੇ ਗੁਰਜੀਤ ਸਿੰਘ ਔਜਲਾ ਫੇਸਬੁਕਾਂ ਦੇ ਰਾਹੀ ਆਪਣਾ ਕੰਮ ਲੋਕਾਂ ਨੂੰ ਦਿਖਾ ਰਹੇ ਹਨ, ਜੇਕਰ ਉਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਲੋਕ ਖੁਦ ਉਹਨਾਂ ਦੇ ਕੰਮਾਂ ਤੋਂ ਜਾਣੂ ਹੋਣੇ ਸੀ। ਉਹਨਾਂ ਕਿਹਾ ਕਿ ਗੁਰਜੀਤ ਸਿੰਘ ਔਜਲਾ ਕੰਮਾਂ ਦੇ ਬਾਰੇ ਰਾਜਨੀਤੀ ਕਰ ਰਹੇ ਹਨ ਤੇ ਫਾਲਤੂ ਬਿਆਨਬਾਜ਼ੀ ਕਰਕੇ ਸਮਾਂ ਨਾ ਖਰਾਬ ਕਰਨ।
ਔਜਲਾ ਸੋਸ਼ਲ ਮੀਡੀਆ ਰਾਹੀ ਦੱਸ ਰਹੇ ਕੰਮ: ਕਾਬਿਲੇਗੌਰ ਹੈ ਕਿ ਅਨਿਲ ਜੋਸ਼ੀ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਦੇ ਕੰਮਾਂ ਨੂੰ ਲੈਕੇ ਸਵਾਲ ਖੜੇ ਕੀਤੇ ਸੀ ਤੇ ਕਿਹਾ ਸੀ ਕਿ ਆਪਣੇ ਘਰ ਦੇ ਸਾਹਮਣੇ ਬਣੇ ਗੰਦੇ ਨਾਲੇ ਨੂੰ ਖਤਮ ਕਰਨ, ਜਿਸ 'ਤੇ ਗੁਰਜੀਤ ਔਜਲਾ ਨੇ ਜਵਾਬ ਦਿੰਦਿਆਂ ਆਪਣੇ ਦਿਲ 'ਚੋਂ ਗੰਦਾ ਨਾਲਾ ਖਤਮ ਕਰਨ ਦੀ ਗੱਲ ਕਹੀ ਗਈ ਸੀ। ਜਿਸ 'ਤੇ ਹੁਣ ਇੱਕ ਵਾਰ ਫਿਰ ਤੋਂ ਅਨਿਲ ਜੋਸ਼ੀ ਵੱਲੋਂ ਗੁਰਜੀਤ ਸਿੰਘ ਔਜਲਾ ਨੂੰ ਸਿਰਫ ਆਪਣੇ ਕੰਮ ਗਣਾਉਣ ਵਾਸਤੇ ਕਿਹਾ ਗਿਆ ਹੈ। ਉਨ੍ਹਾਂ ਦਾ ਕਹਿਣਾ ਕਿ ਔਜਲਾ ਆਪਣਾ ਕੰਮ ਸੋਸ਼ਲ ਮੀਡੀਆ ਰਾਹੀ ਗਿਣਾ ਰਹੇ ਹਨ, ਜਦਕਿ ਉਨ੍ਹਾਂ ਦੇ ਕੰਮਾਂ ਬਾਰੇ ਲੋਕ ਬੋਲ ਰਹੇ ਹਨ।