ਅੰਮ੍ਰਿਤਸਰ:ਭਾਰਤ ਸਰਕਾਰ ਨੇ ਇੱਕ ਵਾਰ ਫਿਰ ਦਰਿਆ ਦਿਲੀ ਵਿਖਾਉਂਦਿਆਂ 14 ਪਾਕਿਸਤਾਨੀ ਕੈਦੀ ਰਿਹਾਅ ਕੀਤੇ ਹਨ। ਇਹਨਾਂ ਦੇ ਵਿੱਚੋਂ ਗੁਜਰਾਤ ਦੀ ਪੁਲਿਸ ਅੱਠ ਕੈਦੀਆਂ ਨੂੰ ਲੈ ਕੇ ਅਟਾਰੀ ਵਾਘਾ ਸਰਹੱਦ ਉੱਤੇ ਪੁੱਜੀ ਸੀ। ਗੁਜਰਾਤ ਪੁਲਿਸ ਵੱਲੋਂ ਪਾਕਿਸਤਾਨੀ ਕੈਦੀ ਅਟਾਰੀ ਵਾਹਘਾ ਬਾਰਡਰ ਉੱਤੇ ਲਿਆਂਦੇ ਗਏ ਜਿਨ੍ਹਾਂ ਦੇ ਵਿੱਚੋਂ ਦੋ ਨਬਾਲਿਗ ਹਨ। ਇਸ ਮੌਕੇ ਰਿਹਾਅ ਹੋਏ ਪਾਕਿਸਤਾਨੀ ਕੈਦੀ ਗੁਲਾਮ ਮੁਸਤਫ਼ਾ ਨੇ ਦੱਸਿਆ ਕਿ ਮੱਛੀ ਫੜਨ ਲਈ ਉਹ ਭਾਰਤ ਵਾਲੇ ਪਾਸੇ ਗਲਤੀ ਨਾਲ ਆਏ ਸਨ ਅਤੇ ਉਹ ਕੁੱਲ੍ਹ 10 ਮਛਵਾਰੇ ਸਨ ਅਤੇ ਜਿਨ੍ਹਾਂ ਵਿੱਚੋਂ ਇਕੱਲਾ ਉਹੀ ਰਿਹਾਅ ਹੋਇਆ ਹੈ ਕਿਉਂਕਿ ਉਸ ਦੀ ਉਮਰ ਘੱਟ ਸੀ।
ਕੈਦੀਆਂ ਨੇ ਦੱਸੀ ਕਹਾਣੀ: ਇਸ ਮੌਕੇ ਇੱਕ ਹੋਰ ਪਾਕਿਸਤਾਨੀ ਕੈਦੀ ਅਬਦੁਲਾ ਸ਼ਰਮਿਲੀ ਨੇ ਦੱਸਿਆ ਕਿ ਉਹ 2018 ਵਿੱਚ ਗੁਜਰਾਤ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਸੀ। ਅਬਦੁਲ ਸ਼ਰਮੀਲੀ ਨੇ ਕਿਹਾ ਕਿ ਉਹ 9 ਦੇ ਕਰੀਬ ਲੋਕ ਸਨ ਪਰ ਹੁਣ ਉਹ ਇਕੱਲਾ ਹੀ ਜਾ ਰਿਹਾ ਹੈ। ਉਸ ਨੂੰ ਤਿੰਨ ਸਾਲ ਦੀ ਸਜਾ ਹੋਈ ਪਰ ਸਾਢੇ ਛੇ ਸਾਲ ਬਾਅਦ ਹੁਣ ਉਹ ਪਾਕਿਸਤਾਨ ਵਾਪਿਸ ਜਾ ਰਿਹਾ ਹੈ। ਉਸ ਨੇ ਕਿਹਾ ਕਿ ਅਸੀਂ ਦੋਵਾਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਮਸ਼ਵਾਰੇ ਭਾਰਤ ਜਾਂ ਪਾਕਿਸਤਾਨਾਂ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਹਨ ਉਹਨਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਫਿਰ ਵੀ ਉਹ ਜੇਲ੍ਹਾਂ ਦੇ ਵਿੱਚ ਬੰਦ ਹਨ।