ਬਠਿੰਡਾ:ਰੌਸ਼ਨੀਆਂ ਦੇ ਤਿਉਹਾਰ ਦਿਵਾਲੀ ਉੱਤੇ ਇਸ ਵਾਰ ਮੰਦੀ ਦੀ ਮਾਰ ਵੇਖਣ ਨੂੰ ਮਿਲ ਰਹੀ ਹੈ। ਦਿਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਵਪਾਰੀਆਂ ਵੱਲੋਂ ਲੱਖਾਂ ਕਰੋੜਾਂ ਰੁਪਏ ਦੀ ਇਨਵੈਸਟਮੈਂਟ ਕੀਤੇ ਜਾਣ ਦੇ ਬਾਵਜੂਦ ਬਾਜ਼ਾਰ ਵਿੱਚ ਗਾਹਕ ਵੇਖਣ ਨੂੰ ਨਹੀਂ ਮਿਲ ਰਿਹਾ। ਜਿਸ ਕਾਰਨ ਵਪਾਰੀ ਵਰਗ ਚਿੰਤਾ ਵਿੱਚ ਨਜ਼ਰ ਆ ਰਿਹਾ ਹੈ। ਦਿਵਾਲੀ ਦੇ ਤਿਉਹਾਰ ਅਤੇ ਮੰਦੀ ਦੀ ਮਾਰ ਪਿੱਛੇ ਵੱਡਾ ਕਾਰਨ ਮੌਸਮ ਵਿੱਚ ਆਈ ਤਬਦੀਲੀ ਅਤੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਾ ਹੋਣ ਨੂੰ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਪੰਜਾਬ ਦੇ ਨੌਜਵਾਨਾਂ ਵੱਲੋਂ ਵਿਦੇਸ਼ ਦਾ ਰੁੱਖ ਕੀਤੇ ਜਾਣ ਕਾਰਨ ਬਾਜ਼ਾਰ ਸੁੰਨੇ ਨਜ਼ਰ ਆ ਰਹੇ ਹਨ।
ਵਪਾਰੀਆਂ ਨੂੰ ਸਤਾਉਣ ਲੱਗੀ ਚਿੰਤਾ
ਬਠਿੰਡਾ ਦੇ ਮੁੱਖ ਧੋਬੀ ਬਾਜ਼ਾਰ ਵਿਖੇ ਡਰਾਈ ਫਰੂਟ ਦਾ ਗੁਜਰਾਤ ਤੋਂ ਆ ਕੇ ਕਾਰੋਬਾਰ ਕਰਨ ਵਾਲੇ ਦਲੀਪ ਕੁਮਾਰ ਦਾ ਕਹਿਣਾ ਹੈ ਕਿ ਇਸ ਵਾਰ ਦਿਵਾਲੀ ਬਹੁਤ ਜਿਆਦਾ ਮੰਦੀ ਹੈ ਅੱਗੇ ਉਹ ਇਨ੍ਹਾਂ ਦਿਨਾਂ ਵਿੱਚ ਲੱਖਾਂ ਦਾ ਕਾਰੋਬਾਰ ਕਰਦੇ ਸਨ ਪਰ ਇਸ ਵਾਰ ਡਰਾਈ ਫਰੂਟ ਦੀ ਸੇਲ ਬਹੁਤ ਘੱਟ ਗਈ ਹੈ ਅਤੇ ਸੇਲ ਹਜ਼ਾਰਾਂ ਵਿੱਚ ਹੀ ਰਹਿ ਗਈ ਹੈ। ਜਿਸ ਪਿੱਛੇ ਵੱਡਾ ਕਾਰਨ ਮਾਰਕੀਟ ਵਿੱਚ ਪੈਸਾ ਨਾ ਆਉਣਾ ਹੈ ਅਤੇ ਮੰਡੀਆਂ ਵਿੱਚ ਫਸਲਾਂ ਦੀ ਖਰੀਦ ਸ਼ੁਰੂ ਨਾ ਹੋਣ ਕਰਕੇ ਗਾਹਕ ਬਜ਼ਾਰਾਂ ਵਿੱਚ ਖਰੀਦਦਾਰੀ ਲਈ ਨਹੀਂ ਆ ਰਹੇ। ਜਿਸ ਕਾਰਨ ਪੈਸੇ ਦਾ ਸਰਕਲ ਰੁਕ ਗਿਆ ਹੈ ਅਤੇ ਵਪਾਰੀਆਂ ਨੂੰ ਚਿੰਤਾ ਸਤਾਉਣ ਲੱਗੀ ਹੈ ਕਿ ਉਨਾਂ ਵੱਲੋਂ ਖਰੀਦਿਆ ਗਿਆ ਮਾਲ ਜੇਕਰ ਬਜ਼ਾਰ ਵਿੱਚ ਨਾ ਵਿਕਿਆ ਤਾਂ ਇਸ ਕਾਰਨ ਵੱਡਾ ਵਿੱਤੀ ਨੁਕਸਾਨ ਝੱਲਣਾ ਪਵੇਗਾ।