ਪੁਲਿਸ ਨੇ ਸਿੱਖ ਆਗੂਆਂ ਦੇ ਸ਼ਿਕਾਇਤ ਮਗਰੋਂ ਵਿੱਢੀ ਕਾਰਵਾਈ (ETV BHARAT PUNJAB (ਰਿਪੋਟਰ,ਫਰੀਦਕੋਟ)) ਫਰੀਦਕੋਟ: ਕੋਟਕਪੂਰਾ ਦੇ ਇੱਕ ਘਰ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ। ਇਸ ਘਰ ਦੀ ਮਾਲਕਨ ਨੇ ਗੁਟਕਾ ਸਾਹਿਬ ਨੂੰ ਘਰ ਦੇ ਚੁੱਲ੍ਹੇ ਵਿੱਚ ਹੀ ਅਗਨ ਭੇਂਟ ਕਰ ਦਿੱਤਾ। ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਹਰਕਤ ਵਿੱਚ ਆਈ ਪੁਲਿਸ ਨੇ ਕਾਰਵਾਈ ਕਰਦੇ ਹੋਏ ਅਮਨਦੀਪ ਕੌਰ ਨਾਮ ਦੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਗੁਟਕਾ ਸਾਹਿਬ ਦੀ ਬੇਅਦਬੀ: ਅਗਨ ਭੇਂਟ ਕੀਤੇ ਗਏ ਗੁਟਕਾ ਸਾਹਿਬ ਨੂੰ ਪੁਲਿਸ ਨੇ ਧਾਰਮਿਕ ਆਗੂਆਂ ਦੀ ਹਾਜ਼ਰੀ ਦੇ ਵਿੱਚ ਆਦਰ ਸਤਿਕਾਰ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਰਖਵਾਇਆ। ਜਿਸ ਤੋਂ ਬਾਅਦ ਇਸ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਾਸਤੇ ਰਵਾਨਾ ਕੀਤਾ ਜਾਵੇਗਾ। ਜਾਣਕਾਰੀ ਦੇ ਮੁਤਾਬਿਕ ਕੋਟਕਪੁਰਾ ਦੇ ਸਰਕਾਰੀ ਗਰਲਜ਼ ਸਕੂਲ ਦੇ ਨੇੜੇ ਗਲੀ ਵਿੱਚ ਰਹਿਣ ਵਾਲੀ ਇੱਕ ਔਰਤ ਦੇ ਘਰ ਦੇ ਵਿੱਚ ਬਾਬਾ ਵਡਭਾਗ ਸਿੰਘ ਜੀ ਦਾ ਧਾਰਮਿਕ ਸਥਾਨ ਬਣਾਇਆ ਹੋਇਆ ਹੈ। ਜਿੱਥੇ ਕਿ ਨਿਸ਼ਾਨ ਸਾਹਿਬ ਵੀ ਲੱਗਿਆ ਹੋਇਆ ਹੈ। ਇਸ ਘਰ ਦੀ ਔਰਤ ਨੇ ਧਾਰਮਿਕ ਸਥਾਨ ਉੱਤੇ ਪਏ ਗੁਟਕਾ ਸਾਹਿਬ ਨੂੰ ਘਰ ਦੇ ਚੁੱਲੇ ਵਿੱਚ ਹੀ ਅਗਨ ਭੇਂਟ ਕਰ ਦਿੱਤਾ।
ਇਸ ਗੱਲ ਦੀ ਜਾਣਕਾਰੀ ਪੁਲਿਸ ਨੂੰ ਮਿਲੀ, ਤਾਂ ਪੁਲਿਸ ਨੇ ਤੁਰੰਤ ਮੌਕੇ ਉੱਤੇ ਪਹੁੰਚ ਕੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਦੀ ਹਾਜ਼ਰੀ ਦੇ ਵਿੱਚ ਅਗਨ ਭੇਂਟ ਕੀਤੇ ਗਏ ਗੁਟਕਾ ਸਾਹਿਬ ਨੂੰ ਆਦਰ ਸਤਿਕਾਰ ਦੇ ਨਾਲ ਉੱਥੋਂ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਇਆ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸਦੇ ਖਿਲਾਫ ਮੁਕਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਨੇ ਕੀਤੀ ਕਾਰਵਾਈ:ਇਸ ਪੂਰੇ ਮਾਮਲੇ ਦੇ ਵਿੱਚ ਮੌਕੇ ਉੱਤੇ ਆਏ ਬਹਿਬਲ ਇਨਸਾਫ ਮੋਰਚੇ ਦੇ ਆਗੂ ਸੁਖਰਾਜ ਸਿੰਘ ਨੇ ਪੁਲਿਸ ਦੀ ਕਾਰਵਾਈ ਉੱਤੇ ਸੰਤੁਸ਼ਟੀ ਜਤਾਈ ਅਤੇ ਕਿਹਾ ਕਿ ਨਾ ਸਮਝੀ ਦੇ ਕਾਰਨ ਲੋਕ ਇਹੋ ਜਿਹੀਆਂ ਘਿਨੋਨੀ ਕਾਰਵਾਈਆਂ ਕਰ ਰਹੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਨਹੀਂ ਕਰ ਸਕਦੇ ਤਾਂ ਉਹ ਧਾਰਮਿਕ ਗ੍ਰੰਥਾਂ ਨੂੰ ਘਰਾਂ ਵਿੱਚ ਸੁਸ਼ੋਭਿਤ ਨਾ ਕਰਨ। ਇਸ ਮਾਮਲੇ ਵਿੱਚ ਜਿਲ੍ਹੇ ਦੇ ਐਸਪੀ ਜਸਮੀਤ ਸਿੰਘ ਨੇ ਕਿਹਾ ਕਿ ਸੂਚਨਾ ਮਿਲਣਸਾਰ ਹੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਖਿਲਾਫ ਮੁਕੱਦਮਾ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ। ਪੜਤਾਲ ਦੇ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ਉੱਤੇ ਅਗਲੀ ਕਾਰਵਾਈ ਕੀਤੀ ਜਾਵੇਗੀ।