ਰਵਨੀਤ ਬਿੱਟੂ ਦਾ ਕਿਸਾਨਾਂ ਵਲੋਂ ਵਿਰੋਧ (ETV BHARAT) ਲੁਧਿਆਣਾ:ਅੱਜ ਪੰਜਾਬ ਭਰ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸੰਕੇਤਿਕ ਤੌਰ 'ਤੇ ਭਾਜਪਾ ਦੇ ਜਿੰਨੇ ਵੀ ਉਮੀਦਵਾਰ ਹਨ, ਉਹਨਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਦੇ ਤਹਿਤ ਅੱਜ ਲੁਧਿਆਣਾ ਦੇ ਵਿੱਚ ਵੀ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਦੀ ਰਿਹਾਇਸ਼ ਦੇ ਬਾਹਰ ਕਿਸਾਨ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਆਪਣੇ ਹੱਕਾਂ ਦੇ ਲਈ ਰੋਸ ਮੁਜ਼ਾਰੇ ਕੀਤੇ ਗਏ। ਸ਼ਾਂਤਮਈ ਢੰਗ ਦੇ ਨਾਲ ਕਿਸਾਨਾਂ ਵੱਲੋਂ ਬੈਠ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਮੌਕੇ 'ਤੇ ਤੈਨਾਤ ਰਹੀ, ਜਿਨਾਂ ਵੱਲੋਂ ਬੈਰੀਕੇਟਿੰਗ ਕਰ ਦਿੱਤੀ ਗਈ।
ਰਵਨੀਤ ਬਿੱਟੂ ਦੇ ਘਰ ਬਾਹਰ ਧਰਨਾ: ਇਸ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਪ੍ਰਦਰਸ਼ਨ ਦੇ ਕਾਰਨਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਭਰ ਦੇ ਵਿੱਚ 16 ਥਾਵਾਂ 'ਤੇ ਭਾਜਪਾ ਦੇ ਲੀਡਰਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਖਾਸ ਕਰਕੇ ਜਿਹੜੇ ਭਾਜਪਾ ਦੇ ਉਮੀਦਵਾਰ ਹਨ ਉਹਨਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਪੁੱਛਿਆ ਜਾ ਰਿਹਾ ਹੈ ਕਿ ਆਖਿਰਕਾਰ ਉਹਨਾਂ ਨੇ ਕਿਸਾਨਾਂ ਦੇ ਮਸਲੇ ਹੱਲ ਕਿਉਂ ਨਹੀਂ ਕੀਤੇ।
ਭਾਜਪਾ ਨੇ ਹੱਲ ਨਹੀਂ ਕੀਤੇ ਕਿਸਾਨਾਂ ਦੇ ਮਸਲੇ: ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਾਡੇ ਮਸਲੇ ਚੱਲੇ ਆ ਰਹੇ ਹਨ, ਜਿਨਾਂ ਵੱਲ ਸਰਕਾਰਾਂ ਨੇ ਗੌਰ ਨਹੀਂ ਕਰ ਰਹੀ। ਉਹਨਾਂ ਨੇ ਕਿਹਾ ਕਿ ਸਾਡਾ ਭਾਵੇਂ ਐਮਐਸਪੀ ਦਾ ਮੁੱਦਾ ਹੋਵੇ, ਭਾਵੇਂ ਸਵਾਮੀਨਾਥਨ ਸਿਫਾਰਸ਼ਾਂ ਲਾਗੂ ਕਰਨ ਦਾ ਮੁੱਦਾ ਹੋਵੇ, ਇਹਨਾਂ ਸਾਰਿਆਂ ਮੁੱਦਿਆਂ ਤੋਂ ਸਰਕਾਰ ਭੱਜ ਗਈ ਅਤੇ ਉਹਨਾਂ ਨੇ ਸਾਡੇ ਮਸਲੇ ਹੱਲ ਨਹੀਂ ਕੀਤੇ। ਉਹਨਾਂ ਕਿਹਾ ਕਿ ਅੱਜ ਅਸੀਂ ਰਵਨੀਤ ਬਿੱਟੂ ਦੇ ਘਰ ਦੇ ਬਾਹਰ ਪਹੁੰਚੇ ਹਾਂ ਅਤੇ ਉਹਨਾਂ ਨੂੰ ਪੁੱਛਿਆ ਜਾ ਰਿਹਾ ਹੈ ਕਿ ਉਹ 10 ਸਾਲ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਹੇ ਅਤੇ ਹੁਣ ਭਾਜਪਾ ਦੇ ਵਿੱਚ ਜਾ ਕੇ ਉਹ ਕਿਸ ਤਰ੍ਹਾਂ ਸਾਡੇ ਮਸਲੇ ਹੱਲ ਕਰ ਸਕਦੇ ਹਨ। ਕਿਸਾਨਾਂ ਨੇ ਕਿਹਾ ਕਿ ਅਸੀਂ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਹੈ ਜਿਸ ਦੇ ਵਿੱਚ ਸਥਾਨਕ ਲੋਕਾਂ ਨੇ ਵੀ ਉਹਨਾਂ ਦਾ ਸਾਥ ਦਿੱਤਾ ਹੈ ਉਹਨਾਂ ਨੂੰ ਪਾਣੀ ਦਿੱਤਾ ਹੈ।
ਸੁਰੱਖਿਆ ਦੇ ਚੱਲਦੇ ਪੁਲਿਸ ਤੈਨਾਤ: ਦੂਜੇ ਪਾਸੇ ਲੁਧਿਆਣਾ ਦੇ ਪੁਲਿਸ ਸਟੇਸ਼ਨ ਸਰਾਭਾ ਨਗਰ ਤੋਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੀ ਮੌਕੇ 'ਤੇ ਮੌਜੂਦ ਰਹੀ। ਇਸ ਮੌਕੇ ਐਸਐਚਓ ਅੰਮ੍ਰਿਤ ਸਿੰਘ ਨੇ ਕਿਹਾ ਕਿ ਸਾਡੇ ਵਲੋਂ ਸੁਰੱਖਿਆ ਦੇ ਲਿਹਾਜ਼ ਨਾਲ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ ਬੈਰੀਕੇਟਿੰਗ ਕੀਤੀ ਗਈ ਹੈ। ਕਿਉਂਕਿ ਚੋਣਾਂ ਦਾ ਸਮਾਂ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰਿਆ ਇਸ ਕਰਕੇ ਅਸੀਂ ਪੁਲਿਸ ਫੋਰਸ ਤੈਨਾਤ ਕੀਤੀ ਹੈ।