ਹੁਸ਼ਿਆਰਪੁਰ :ਬੀਤੇ ਦਿਨੀਂ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹਨਾਂ ਚੋਣਾਂ ਦੇ ਮੱਦੇਨਜ਼ਰ ਸਰਪੰਚੀ ਅਤੇ ਪੰਚਾਇਤ ਮੈਂਬਰਾਂ ਦੀ ਚੋਣ ਲੜਨ ਵਾਲੇ ਲੋਕਾਂ ਵੱਲੋਂ ਅਗਲੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਸਨ। ਉਥੇ ਹੀ ਚੋਣਾਂ ਦੇ ਐਲਾਨ ਤੋਂ ਬਾਅਦ ਕਈ ਪਿੰਡਾਂ ਵਿੱਚ ਹਲਚਲ ਵੇਖਣ ਨੂੰ ਮਿਲੀ, ਕਿਉਂਕਿ ਕਿਹੜੇ ਪਿੰਡ ਨੂੰ ਜਨਰਲ ਅਤੇ ਕਿਹੜੇ ਪਿੰਡ ਨੂੰ ਰਿਜ਼ਰਵ ਰੱਖਿਆ ਗਿਆ ਹੈ, ਇਸ ਦੀਆਂ ਲਿਸਟਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ।
ਉਥੇ ਹੀ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਵਿੱਚ ਰਾਖਵੇਂਕਰਨ ਦਾ ਐਲਾਨ ਤੋਂ ਬਾਅਦ ਗੜ੍ਹਸ਼ੰਕਰ ਦੇ ਪਿੰਡ ਦਦਿਆਲ ਦੀ ਵਿੱਚ ਸਰਪੰਚ ਦੇ ਉਮੀਦਵਾਰ ਦੇ ਲਈ ਪ੍ਰਸ਼ਾਸਨ ਵਲੋਂ ਕੀਤੇ ਰਾਖਵੇਂਕਰਨ ਨੂੰ ਲੈ ਕੇ ਪਿੰਡ ਵਾਸੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਜੋਰਾਵਰ ਸਿੰਘ,ਗੁਰਮਿੰਦਰ ਸਿੰਘ, ਸੁਰਿੰਦਰ ਪਾਲ,ਅਮਰੀਕ ਸਿੰਘ, ਧਿਆਨ ਸਿੰਘ ਅਤੇ ਹੋਰ ਪਿੰਡ ਵਾਸੀਆਂ ਵਲੋਂ ਕੀਤੇ ਇਕੱਠ ਵਿੱਚ ਦੱਸਿਆ ਕਿ ਪਿੰਡ ਦਦਿਆਲ ਵਿੱਚ 2 ਟਰਮਾ ਵਿੱਚ ਸਰਪੰਚ ਦੀ ਚੋਣ ਲਈ ਐਸ ਸੀ ਭਾਈਚਾਰੇ ਲਈ ਰਾਖਵਾਂਕਰਨ ਕੀਤਾ ਜਾ ਚੁੱਕਾ ਹੈ ਅਤੇ ਇਸ ਵਾਰ ਸਰਪੰਚ ਦੀ ਚੋਣ ਲਈ ਜਨਰਲ਼ ਵਰਗ ਦੇ ਲਈ ਰਾਖਵਾਂਕਰਨ ਕੀਤਾ ਜਾਣਾ ਚਾਹੀਦਾ ਸੀ।