ਰੂਪਨਗਰ:ਮੋਰਿੰਡਾ ਦੇ ਵਾਰਡ ਨੰਬਰ 15 ਦੇ ਇੱਕ ਘਰ ਵਿੱਚ ਧਮਾਕਾ ਹੋਣ ਕਾਰਨ ਵੱਡਾ ਨੁਕਸਾਨ ਹੋ ਗਿਆ ਤੇ ਪਲਾਂ ਵਿੱਚ ਹੀ ਪੂਰਾ ਘਰ ਢਹਿ-ਢੇਰੀ ਹੋ ਗਿਆ। ਇਹ ਧਮਾਕਾ ਇਨਾਂ ਜ਼ਬਰਦਸਤ ਸੀ ਕਿ ਢਹਿ-ਢੇਰੀ ਹੋਏ ਮਕਾਨ ਦਾ ਮਲਬਾ ਦੂਰ ਤੱਕ ਫੈਲ ਗਿਆ। ਇਸ ਧਮਾਕੇ ਕਾਰਨ ਸਥਾਨਕ ਲੋਕ ਵੀ ਸਹਿਮ ਗਏ। ਮੌਕੇ 'ਤੇ ਹੀ ਸਥਾਨਕ ਲੋਕਾਂ ਨੇ ਘਰ ਅੰਦਰੋਂ ਪਰਿਵਾਰ ਦੇ ਮੈਬਰਾਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ।
ਜ਼ਬਰਦਸਤ ਧਮਾਕੇ ਦੇ ਨਾਲ ਪਲਾਂ 'ਚ ਢਹਿ ਗਿਆ ਘਰ (Etv Bharat) ਧਮਾਕੇ ਦੇ ਕਾਰਨਾਂ ਦਾ ਨਹੀਂ ਹੋਇਆ ਖ਼ੁਲਾਸਾ
ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਮੋਰਿੰਡਾ ਦੇ ਕਰਮਚਾਰੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਫਾਇਰ ਜੀਪ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਅੱਗ 'ਤੇ ਕਾਬੂ ਪਾਇਆ। ਹਾਲਾਂਕਿ ਪਰਿਵਾਰਿਕ ਮੈਂਬਰਾਂ ਅਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਧਮਾਕਾ ਸਿਲੰਡਰ ਫਟਣ ਨਾਲ ਹੋਇਆ ਹੈ ਜਦਕਿ ਫਾਇਰ ਬ੍ਰਿਗੇਡ ਕਰਮੀਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਕੁਝ ਵੀ ਸਪਸ਼ਟ ਰੂਪ ਵਿੱਚ ਨਹੀਂ ਕਿਹਾ ਜਾ ਸਕਦਾ, ਕਿਉਂਕਿ ਸਿਲੰਡਰ ਸਹੀ ਢੰਗ ਨਾਲ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਨਾਲ ਸਿਲੰਡਰ ਦੀ ਪਾਈਪ ਸੜੀ ਹੋਈ ਮਿਲੀ ਹੈ।
ਉਧਰ ਗੁਆਂਂਢੀਆਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਦੀਆਂ ਕੰਧਾਂ ਢਹਿ ਢੇਰੀ ਹੋ ਗਈਆਂ। ਉੱਥੇ ਹੀ ਇੱਕ ਭਾਰੀ ਲੋਹੇ ਦਾ ਦਰਵਾਜ਼ਾ ਵੀ ਲਗਭਗ 10 ਫੁੱਟ ਦੀ ਦੂਰੀ ਉੱਤੇ ਜਾ ਡਿੱਗਿਆ। ਧਮਾਕੇ ਨਾਲ ਮਲਬੇ ਦੇ ਟੁਕੜੇ ਵੀ ਦੂਰ-ਦੂਰ ਤੱਕ ਖਿਲਰ ਗਏ। ਮਲਬੇ ਦੀ ਲਪੇਟ ਵਿੱਚ ਆਇਆ ਇੱਕ ਮੋਟਰਸਾਈਕਲ ਵੀ ਨੁਕਸਾਨਿਆ ਗਿਆ ਹੈ।