ਮੋਗਾ:ਸਾਡੇ ਸਮਾਜ ਅੰਦਰ ਗਾਂਵਾਂ ਦੀ ਸਾਂਭ ਸੰਭਾਲ ਲਈ ਸਮਾਜ ਸੇਵੀਆਂ ਵੱਲੋਂ ਵੱਡੇ ਪੱਧਰ ਉੱਤੇ ਦਾਨ ਇਕੱਠਾ ਕੀਤਾ ਜਾਂਦਾ ਹੈ, ਪਰ ਇਹਨਾਂ ਗਾਂਵਾਂ ਦੀ ਕੀ ਦੂਰਦਸ਼ਾ ਹੈ, ਇਹ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ। ਮੋਗਾ ਜ਼ਿਲ੍ਹੇ ਦੇ ਰੌਲੀ ਤੋਂ ਕਪੂਰੇ ਰੋਡ ਉੱਤੇ ਬਣੀ ਗਊਸ਼ਾਲਾ ਨੂੰ ਪਿਛਲੇ ਲੰਬੇ ਸਮੇਂ ਤੋਂ ਸੰਤ ਜਰਨੈਲ ਦਾਸ ਗਊਸ਼ਾਲਾ ਕਪੂਰਿਆਂ ਵਾਲੇ ਚਲਾ ਰਹੇ ਸਨ, ਪਰ ਸੰਤ ਬਾਬਾ ਜਰਨੈਲ ਦਾਸ ਜੀ ਦੇ ਚੋਲਾ ਛੱਡਣ ਤੋਂ ਬਾਅਦ ਇਸ ਗਊਸ਼ਾਲਾ ਦੀ ਸੇਵਾ ਬਾਬਾ ਸੋਹਨ ਦਾਸ ਜੀ ਨੇ ਦਸਤਾਰ ਲੈਣ ਉਪਰੰਤ ਸੰਭਾਲੀ ਸੀ। ਦੱਸ ਦਈਏ ਕਿ ਇਸ ਗਊਸ਼ਾਲਾ ਦੇ ਕੋਲ 16 ਏਕੜ ਤੋਂ ਉੱਪਰ ਜ਼ਮੀਨ ਹੈ, ਪਰ ਇਸ ਗਊਸਾਲਾ ਵਿੱਚ ਗਊਆਂ ਦੀ ਜੋ ਦੂਰਦਸ਼ਾ ਹੋ ਰਹੀ ਹੈ, ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਵੇਗਾ। ਆਏ ਦਿਨ ਇਸ ਗਊਸ਼ਾਲਾ ਵਿੱਚ ਗਾਂਵਾਂ ਦੀ ਮੌਤ ਹੋ ਰਹੀ ਹੈ।
ਗਾਵਾਂ ਦੀ ਮੌਤ ਭੁੱਖ ਕਾਰਨ ਹੋ ਰਹੀ:ਇਸ ਮੌਕੇ ਸਰਪੰਚ ਜਗਰਾਜ ਸਿੰਘ ਰੌਲੀ ਤੇ ਸਰਪੰਚ ਇਕਬਾਲ ਸਿੰਘ ਕਪੂਰੇ ਨੇ ਦੱਸਿਆ ਕੇ ਪਿਛਲੇ 10 ਦਿਨਾਂ ਵਿੱਚ 20 ਤੋਂ ਉੱਪਰ ਗਾਂਵਾਂ ਦੀ ਮੌਤ ਹੋ ਗਈ ਹੈ। ਜਦੋਂ ਗਾਂਵਾਂ ਦੇ ਮਰਨ ਦੀ ਜਾਣਕਾਰੀ ਪਿੰਡ ਰੌਲੀ ਦੇ ਲੋਕਾਂ ਨੂੰ ਮਿਲੀ ਤਾਂ ਵੱਡੀ ਗਿਣਤੀ ਵਿੱਚ ਲੋਕ ਗਊਸ਼ਾਲਾ ਪਹੁੰਚੇ। ਉਸ ਮੌਕੇ ਉਨ੍ਹਾਂ ਨੇ ਮੀਡੀਆ ਨੂੰ ਬੁਲਾ ਕੇ ਇਸ ਗਊਸ਼ਾਲਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਲੋਕਾਂ ਨੇ ਦੱਸਿਆ ਕਿ ਇਸ ਗਊਸ਼ਾਲਾ ਵਿੱਚ ਗਾਂਵਾਂ ਦੀ ਮੌਤ ਭੁੱਖ ਕਾਰਨ ਹੋ ਰਹੀ ਹੈ, ਜਿਨ੍ਹਾਂ ਦੀ ਕੋਈ ਦੇਖਭਾਲ ਨਹੀਂ ਕਰ ਰਿਹਾ ਹੈ। ਉੱਥੇ ਹੀ, ਲੋਕਾਂ ਨੇ ਕਿਹਾ ਕਿ ਗਾਂਵਾਂ ਦੀਆਂ ਖੁਰਲੀਆਂ ਵਿੱਚ ਜੋ ਪਾਣੀ ਹੈ, ਉਹ ਗੰਦਾ ਹੈ, ਜਿਸ ਕਾਰਨ ਉਹ ਬਿਮਾਰ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗਊਸ਼ਾਲਾ ਦੀ ਇੰਨੀ ਜ਼ਮੀਨ ਹੋਣ ਦੇ ਬਾਵਜੂਦ ਵੀ ਗਾਂਵਾਂ ਭੁੱਖ ਨਾਲ ਮਰ ਰਹੀਆਂ ਹਨ, ਸੇਵਾਦਾਰ ਇਨ੍ਹਾਂ ਦੀ ਸੇਵਾ ਨਹੀਂ ਕਰ ਰਹੇ ਹਨ।