ਕਪੂਰਥਲਾ:ਸੀਰੀਆ ਵਰਗੇ ਮੁਲਕ ਵਿੱਚੋਂ ਮੌਤ ਦੇ ਮੂੰਹੋਂ ਨਿਕਲ ਕਿ ਵਾਪਿਸ ਆਈ। ਲੜਕੀ ਨੇ ਆਪਣੀ ਹੱਡਬੀਤੀ ਸੁਣਾਉਂਦਿਆ ਦੱਸਿਆ ਕਿ ਕਿਵੇਂ ਏਜੰਟਾਂ ਨੇ ਧੋਖੇ ਨਾਲ ਕੁੱਝ ਪੈਸਿਆਂ ਦੇ ਲਾਲਚ ਵਿੱਚ ਉਸਨੂੰ ਸੀਰੀਆ ਵਰਗੇ ਮੁਲਕ ਵਿੱਚ ਫਸਾ ਦਿੱਤਾ ਸੀ। ਪਿਛਲੇ ਢਾਈ ਮਹੀਨਿਆਂ ਤੋਂ ਉੱਥੇ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਤੋਂ ਬਾਅਦ ਪਰਿਵਾਰ ਸਮੇਤ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਪਹੁੰਚੀ। ਇਸ ਲੜਕੀ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਜੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਇਆ ਦੱਸਿਆ ਕਿ ਸੀਰੀਆ ਵਿੱਚ ਇੱਕ ਤਰ੍ਹਾਂ ਨਾਲ ਉਸਨੂੰ ਬੰਦੀ ਬਣਾ ਕਿ ਰੱਖਿਆ ਗਿਆ ਸੀ। ਜਿੱਥੇ ਉਸਦਾ ਲਗਾਤਾਰ ਸ਼ੋਸ਼ਣ ਹੋ ਰਿਹਾ ਸੀ ਤੇ ਹੱਦ ਤੋਂ ਵੱਧ ਕੰਮ ਕਰਵਾਇਆ ਜਾ ਰਿਹਾ ਸੀ। ਉਸਨੇ ਦੱਸਿਆ ਕਿ ਉੱਥੇ ਪਹੁੰਚਦਿਆ ਹੀ ਉਸ ਦਾ ਏਜੰਟਾਂ ਵੱਲੋਂ ਪਾਸਪੋਰਟ ਅਤੇ ਫੋਨ ਖੋਹ ਲਿਆ ਗਿਆ ਸੀ ਤੇ ਉਸਦੀ ਪਰਿਵਾਰ ਨਾਲ ਗੱਲ ਤੱਕ ਵੀ ਨਹੀ ਸੀ ਕਰਵਾਈ ਜਾ ਰਹੀ। ਉਸਨੇ ਦੱਸਿਆ ਏਜੰਟ ਵੱਲੋਂ ਉਸਨੂੰ ਦੁਬਈ ਵਿੱਚ ਕੰਮ ਕਰਨ ਦਾ ਕਹਿ ਕਿ ਬੁਲਾਇਆ ਗਿਆ ਸੀ, ਪਰ ਉਸਨੂੰ ਧੋਖੇ ਨਾਲ ਅੱਗੇ ਸੀਰੀਆ ਵਰਗੇ ਮੁਲਕ ਵਿੱਚ ਭੇਜ ਦਿੱਤਾ ਸੀ। ਜਿਹੜਾ ਕਿ ਇੱਕ ਤਰ੍ਹਾਂ ਨਾਲ ਮੌਤ ਦੇ ਮੂੰਹ ਵਿੱਚ ਜਾਣ ਵਾਂਗ ਸੀ।
ਗੁਲਾਮ ਬਣਾ ਕਿ ਰੱਖਿਆ ਹੋਇਆ ਸੀ:ਉਨ੍ਹਾਂ ਨੇ ਦੱਸਿਆ ਕਿ ਉਸਨੂੰ ਉੱਥੇ ਇੱਕ ਬੇਸਮੈਂਟ ਵਿੱਚ ਰੱਖਿਆ ਜਾਂਦਾ ਸੀ, ਜਿੱਥੇ ਚਾਰੇ ਪਾਸੇ ਹਥਿਆਰ ਹੁੰਦੇ ਸੀ ਤੇ ਰਾਤ ਨੂੰ ਇੱਕ ਟਾਇਮ ‘ਤੇ ਹੀ ਖਾਣਾ ਦਿੱਤਾ ਜਾਂਦਾ ਸੀ। ਉਨ੍ਹਾਂ ਨੇ ਦੱਸਿਆ ਕਿ ਉੱਥੇ ਉਸ ਨਾਲ 10 ਦੇ ਕਰੀਬ ਹੋਰ ਵੀ ਲੜਕੀਆਂ ਹਨ। ਜਿਨ੍ਹਾਂ ਨੂੰ ਉੱਥੇ ਗੁਲਾਮ ਬਣਾ ਕਿ ਰੱਖਿਆ ਹੋਇਆ ਹੈ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉੱਥੇ ਕੰਮ ਤੋਂ ਮਨ੍ਹਾ ਕਰਨ ‘ਤੇ ਵਾਲਾਂ ਤੋਂ ਫੜਕੇ ਔਰਤਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਮਾਰਿਆ ਜਾਂਦਾ ਸੀ। ਉਸਨੇ ਦੱਸਿਆ ਕਿ ਉੱਥੇ ਉਸਦੇ ਹਲਾਤ ਬਹੁਤ ਹੀ ਤਰਸਯੋਗ ਬਣੇ ਹੋਏ ਸੀ ਤੇ ਉੱਥੇ ਉਸਦਾ ਦੁੱਖ ਸੁਣਨ ਵਾਲਾ ਕੋਈ ਵੀ ਨਹੀ ਸੀ। ਉਸਨੇ ਦੱਸਿਆ ਕਿ ਉੱਥੇ ਜਿਸ ਤਰੀਕੇ ਨਾਲ ਉਸਤੇ ਤਸ਼ਦੱਦ ਹੋ ਰਿਹਾ ਸੀ। ਉਨ੍ਹਾਂ ਹਲਾਤਾਂ ਵਿੱਚੋਂ ਨਿਕਲਣ ਦੀ ਸੋਚ ਵੀ ਉਸ ਅੰਦਰੋਂ ਦਿਨੋ-ਦਿਨੀ ਘੱਟਦੀ ਜਾ ਰਹੀ ਸੀ। ਪਰ, ਉਨ੍ਹਾਂ ਨੇ ਦੱਸਿਆ ਕਿ ਸੰਤ ਸੀਚੇਵਾਲ ਵੱਲੋਂ ਕੀਤੀ ਸਹਾਇਤਾ ਸਦਕਾ ਹੀ ਉੱਥੇ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਵਾਪਿਸ ਆਪਣੇ ਪਰਿਵਾਰ ਤੇ ਬੱਚਿਆਂ ਵਿੱਚ ਪਹੁੰਚ ਸਕੀ ਹੈ।
ਪਤਨੀ ਦੀ ਵਾਪਸੀ ਲਈ ਏਜੰਟ ਨੇ 4 ਲੱਖ ਰੁਪਏ ਮੰਗੇ:ਉਸਦੇ ਨਾਲ ਆਏ ਉਸ ਦੇ ਪਤੀ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਸਨੇ ਟ੍ਰੈਵਲ ਏਜੰਟ ਨੂੰ 70,000 ਦੇ ਕਰੀਬ ਪੈਸੇ ਦੇ ਕੇ ਦੁਬਈ ਭੇਜਿਆ ਸੀ। ਪਰ ਉਸਨੂੰ ਨਹੀ ਸੀ ਕਿ ਪਤਾ ਕੁੱਝ ਪੈਸਿਆਂ ਦੇ ਲਾਲਚ ਵਿੱਚ ਉਹ ਏਜੰਟ ਇਸ ਹੱਦ ਤੱਕ ਵੀ ਜਾ ਸਕਦੇ ਹਨ ਕਿ ਆਪਣੇ ਫਾਇਦੇ ਲਈ ਕਿਸੇ ਦੀ ਵੀ ਜ਼ਿੰਦਗੀ ਨੂੰ ਇਸ ਤਰ੍ਹਾਂ ਨਾਲ ਜ਼ੋਖਮ ਵਿੱਚ ਪਾ ਸਕਦੇ ਹਨ। ਉਸਨੇ ਦੱਸਿਆ ਕਿ ਉਸਦੀ ਪਤਨੀ ਦੀ ਵਾਪਸੀ ਲਈ ਏਜੰਟ ਉਸ ਕੋਲੋਂ ਕਰੀਬ 4 ਲੱਖ ਰੁਪਏ ਮੰਗ ਰਹੇ ਸੀ। ਜਿਸਨੂੰ ਦੇਣ ਤੋਂ ਉਹ ਪੂਰੀ ਤਰ੍ਹਾਂ ਨਾਲ ਅਸਮਰੱਥ ਸੀ। ਉਸਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਮਿਤੀ 25 ਅਪ੍ਰੈਲ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਕੋਲ ਪਹੁੰਚਿਆ ਸੀ। ਉੇਸਨੇ ਦੱਸਿਆ ਕਿ ਜਦੋਂ ਉਸ ਵੱਲੋਂ ਸੰਤ ਸੀਚੇਵਾਲ ਜੀ ਨੂੰ ਆਪਣਾ ਦੁੱਖੜਾ ਦੱਸਿਆ ਤਾਂ ਉਨ੍ਹਾਂ ਤੁਰੰਤ ਇਸਨੂੰ ਗੰਭੀਰਤਾ ਨਾਲ ਲੈਂਦਿਆ ਹੋਇਆ ਇਸ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਜਿਸ ਸਦਕਾ ਉਸਦੀ ਪਤਨੀ 25 ਦਿਨਾਂ ਬਾਅਦ ਵਾਪਿਸ ਪਹੁੰਚ ਸਕੀ। ਉਸਨੇ ਦੱਸਿਆ ਕਿ ਏਜੰਟਾਂ ਵੱਲੋਂ ਉਨ੍ਹਾਂ ਦੇ ਹਲਾਤ ਇਸ ਕਦਰ ਕਰ ਦਿੱਤੇ ਸੀ ਕਿ ਉਸਦੇ ਛੋਟੇ-ਛੋਟੇ ਬੱਚੇ ਵੀ ਆਪਣੀ ਮਾਂ ਨਾਲ ਗੱਲ ਕਰਨ ਲਈ ਬਿਲਕ ਰਹੇ ਸੀ।
ਅਣਮਨੁੱਖੀ ਵਿਹਾਰ:ਇਸ ਮੌਕੇ ਪੱਤਰਕਾਰਨਾਂ ਨੂੰ ਸੰਬੋਧਨ ਹੁੰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਏਜੰਟਾਂ ਵੱਲੋਂ ਲਗਾਤਾਰ ਗਰੀਬ ਵਰਗ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਏਜੰਟਾਂ ਵੱਲੋਂ ਇਨ੍ਹਾਂ ਦੀ ਅਨਪੜ੍ਹਤਾ ਤੇ ਗਰੀਬੀ ਦਾ ਫਾਇਦਾ ਚੁੱਕ ਕਿ ਲਗਾਤਾਰ ਉਨ੍ਹਾਂ ਨਾਲ ਅਣਮਨੁੱਖੀ ਵਿਹਾਰ ਕੀਤਾ ਜਾ ਰਿਹਾ ਹੈ ਤੇ ਅੱਗੇ ਪਰਿਵਾਰਾਂ ਦੇ ਬੱਚਿਆਂ ਤੇ ਖਾਸ ਕਰ ਧੀਆਂ ਨੂੰ ਅਰਬ ਦੇਸ਼ਾਂ ਵਿੱਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਤਹਿ ਦਿਲੋਂ ਧੰਨਵਾਦ ਕੀਤਾ। ਜਿਨ੍ਹਾਂ ਵੱਲੋਂ ਨਾ ਕੇਵਲ ਇਸ ਮਾਮਲੇ ਨੂੰ ਸੁਣਿਆ ਗਿਆ ਬਲਕਿ ਇਸਨੂੰ ਤਰਜੀਹ ਦਿੰਦੇ ਹੋਇਆ 25 ਦਿਨਾਂ ਵਿੱਚ ਲੜਕੀ ਨੂੰ ਸਹੀ ਸਲਾਮਤ ਉਸਦੇ ਪਰਿਵਾਰ ਅਤੇ ਬੱਚੇ ਤੱਕ ਪਹੁੰਚਾਇਆ।
ਟੂੰਬਾਂ ਗਹਿਣੇ ਧਰ ਕੇ ਭੇਜਿਆ ਸੀ ਵਿਦੇਸ਼:ਜਾਣਕਾਰੀ ਦਿੰਦਿਆ ਹੋਇਆ ਪੀੜਤ ਲੜਕੀ ਨੇ ਦੱਸਿਆ ਕਿ ਉਸਦੇ ਪਤੀ ਨੇ ਟੂੰਬਾਂ ਗਹਿਣੇ ਧਰ ਕੇ ਬੱਚਿਆਂ ਦੇ ਭਵਿੱਖ ਨੂੰ ਬੇਹਤਰ ਬਣਾਉਣ ਲਈ ਟ੍ਰੈਵਲ ਏਜੰਟ ਨੂੰ 70 ਹਜ਼ਾਰ ਰੁਪਏ ਦੇ ਕੇ ਦੁਬਈ ਭੇਜਿਆ ਸੀ। ਪਰ ਉਸਨੂੰ ਨਹੀ ਸੀ ਪਤਾ ਕਿ ਉਸਦਾ ਇਹੀ ਫੈਸਲਾ ਉਸਦੇ ਜੀਵਨ ਲਈ ਇੱਕ ਕਾਲ ਬਣ ਗਿਆ ਸੀ। ਉਸਨੇ ਦੱਸਿਆ ਕਿ ਤੜਕੇ 5 ਵਜੇ ਤੋਂ ਲੈਕੇ ਰਾਤ ਦੇ ਇੱਕ ਦੋ ਵਜੇ ਤੱਕ ਕੰਮ ਕਰਵਾਇਆ ਜਾਂਦਾ ਸੀ ਤੇ ਰਾਤ ਨੂੰ ਬੇਸਮੈਂਟ ਵਿੱਚ ਇੱਕ ਕਮਰੇ ਵਿੱਚ ਬੰਦ ਕਰਕੇ ਕਮਰੇ ਨੂੰ ਜਿੰਦਰਾ ਮਾਰ ਦਿੱਤਾ ਜਾਂਦਾ ਸੀ। ਉਸਨੇ ਅਪੀਲ ਕੀਤੀ ਕਿ ਲੜਕੀਆਂ ਅਰਬ ਮੁਲਕਾਂ ਨੂੰ ਨਾ ਜਾਣ।