ਚੰਡੀਗੜ੍ਹ:ਪੂਰੇ ਦੇਸ਼ ਸਮੇਤ ਪੰਜਾਬ ਵਿੱਚ ਭਲਕੇ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਹੋਵੇਗੀ। ਇਸ ਸਬੰਧੀ ਕੀਤੇ ਗਏ ਪ੍ਰਬੰਧਾਂ ਉਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਚਾਨਣਾ ਪਾਇਆ। ਉਨ੍ਹਾਂ ਨੇ ਦੱਸਿਆ ਕਿ ਕੁੱਲ 64 ਕਾਊਂਟਿੰਗ ਆਬਜ਼ਰਵਰ, ਆਲ ਇੰਡੀਆ ਸਰਵਿਸਿਜ਼ ਤੋਂ ਲਏ ਗਏ ਹਨ ਅਤੇ ਵੱਖ-ਵੱਖ ਰਾਜਾਂ ਦੇ ਸਿਵਲ ਸਰਵਿਸਿਜ਼ ਕਾਡਰ, ਗਿਣਤੀ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ। ਇਨ੍ਹਾਂ ਤਜਰਬੇਕਾਰ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ ਕਿ ਵੋਟਾਂ ਦੀ ਗਿਣਤੀ ਪਾਰਦਰਸ਼ੀ, ਕੁਸ਼ਲਤਾ ਨਾਲ ਅਤੇ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।
ਵੋਟਾਂ ਦੀ ਗਿਣਤੀ ਦੀ ਨਿਗਰਾਨੀ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 4 ਜੂਨ, 2024 ਨੂੰ ਸਵੇਰੇ 8:00 ਵਜੇ ਸ਼ੁਰੂ ਹੋਵੇਗੀ ਅਤੇ ਵੱਖ-ਵੱਖ ਰਾਜਾਂ ਦੇ ਆਲ ਇੰਡੀਆ ਸਰਵਿਸਿਜ਼ ਤੇ ਸਿਵਲ ਸਰਵਿਸਿਜ਼ ਕਾਡਰ ਦੇ ਕੁੱਲ 64 ਕਾਊਂਟਿੰਗ ਅਬਜ਼ਰਵਰਾਂ ਵੱਲੋਂ ਵੋਟਾਂ ਦੀ ਗਿਣਤੀ ਦੀ ਨਿਗਰਾਨੀ ਕੀਤੀ ਜਾਵੇਗੀ। ਇਨ੍ਹਾਂ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਨਿਰਪੱਖ,ਕੁਸ਼ਲ ਅਤੇ ਪਾਰਦਰਸ਼ੀ ਢੰਗ ਨਾਲ ਵੋਟਾਂ ਦੀ ਗਿਣਤੀ ਨੂੰ ਯਕੀਨੀ ਬਣਾਇਆ ਜਾਵੇ।
ਗਿਣਤੀ ਕੇਂਦਰਾਂ ਬਾਰੇ ਜਾਣਕਾਰੀ ਦਿੰਦਿਆਂ ਸਿਬਿਨ ਸੀ ਨੇ ਦੱਸਿਆ ਕਿ ਸੂਬੇ ਵਿੱਚ 27 ਵੱਖ-ਵੱਖ ਥਾਵਾਂ 'ਤੇ 48 ਇਮਾਰਤਾਂ ਵਿੱਚ ਕੁੱਲ 117 ਗਿਣਤੀ ਕੇਂਦਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਥਾਵਾਂ ਜ਼ਿਲ੍ਹਾ ਹੈੱਡਕੁਆਰਟਰ ਉੱਤੇ ਸਥਿਤ ਹਨ, ਜਦਕਿ 7 ਥਾਵਾਂ ਜ਼ਿਲ੍ਹਾ ਹੈੱਡਕੁਆਰਟਰ ਤੋਂ ਬਾਹਰ ਅਰਥਾਤ ਅਜਨਾਲਾ, ਬਾਬਾ ਬਕਾਲਾ, ਅਬੋਹਰ, ਮਲੋਟ, ਧੂਰੀ, ਛੋਕਰਾ ਰਾਹੋਂ-ਨਵਾਂ ਸ਼ਹਿਰ ਅਤੇ ਖੂਨੀ ਮਾਜਰਾ (ਖਰੜ) ਵਿੱਚ ਸਥਿਤ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਸੰਗਰੂਰ ਅਤੇ ਨਵਾਂ ਸ਼ਹਿਰ ਵਿਖੇ ਗਿਣਤੀ ਨਹੀਂ ਕਰਵਾਈ ਜਾਵੇਗੀ।