ਮੇਲੇ 'ਚੋਂ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਕਾਰਨ ਹੋਇਆ ਵਿਵਾਦ ਤਰਨ ਤਾਰਨ :ਬੀਤੇ ਦਿਨੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਦੌਰਾਨ ਪਿੰਡ ਪਹੂਵਿੰਡ ਸਾਹਿਬ ਵਿਖੇ ਵੱਡਾ ਵਿਵਾਦ ਖੜ੍ਹਾ ਹੋ ਗਿਆ। ਇਸ ਵਿਵਾਦ ਦੌਰਾਨ ਸ਼ਰੇਆਮ ਨਿਹੰਗ ਸਿੰਘਾਂ ਵੱਲੋਂ ਤਲਵਾਰਾਂ ਲਹਿਰਾਈਆਂ ਗਈਆਂ ਅਤੇ ਇਸ ਦੌਰਾਨ ਕਈ ਲੋਕ ਜ਼ਖਮੀ ਵੀ ਹੋ ਗਏ, ਜਿੰਨਾ ਵਿੱਚ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਹਨ। ਦਰਅਸਲ ਚੱਲ ਰਹੇ ਜੋੜ ਮੇਲੇ 'ਚੋਂ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਉਤਾਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਵਿਵਾਦ ਛਿੜ ਗਿਆ ਹੈ। ਕਥਿਤ ਤੌਰ 'ਤੇ ਵਾਇਰਲ ਵੀਡੀਓ ਵਿੱਚ ਕੁਝ ਕੁ ਨੌਜਵਾਨ ਪੰਡਾਲ ਵਿੱਚ ਸੰਗਤ ਦੀਆਂ ਜੁੱਤੀਆਂ ਗੰਢਣ ਦੀ ਸੇਵਾ ਕਰਨ ਆਏ ਸਨ, ਉਹਨਾਂ ਨੇ ਪੰਡਾਲ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫ਼ੋਟੋ ਲਗਾਈ ਹੋਈ ਸੀ ਤੇ ਫੋਟੋ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਇੱਕ ਮੈਂਬਰ ਨੇ ਜ਼ਬਰਦਸਤੀ ਉਤਰਵਾ ਦਿੱਤਾ। ਇਸ ਘਟਨਾ ਦੀ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਜਾ ਰਹੀ ਹੈ।
ਅਕਾਲੀ ਦਲ ਅੰਮ੍ਰਿਤਸਰ ਨੇ ਕੀਤੀ ਨਿੰਦਾ :ਇਸ ਘਟਨਾ ਸੰਬੰਧੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਤਰਨਤਾਰਨ ਤੋਂ ਪ੍ਰਧਾਨ ਹਰਪਾਲ ਸਿੰਘ ਬਲੇਰ ਤੇ ਸਤਿਕਾਰ ਕਮੇਟੀ ਦੇ ਆਗੂ ਭਾਈ ਰਣਜੀਤ ਸਿੰਘ ਉਦੋਕੇ ਨੇ ਪਹੂਵਿੰਡ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਮੇਲੇ 'ਚੋਂ ਫ਼ੋਟੋ ਨੂੰ ਜਬਰਨ ਉਤਰਵਾਉਣ ਨੂੰ ਨਿੰਦਣਯੋਗ ਕਰਾਰ ਦਿੱਤਾ ਹੈ। ਉਪਰੋਕਤ ਆਗੂਆਂ ਨੇ ਕਿਹਾ ਕਿ ਵੀਡੀਓ 'ਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਨੂੰ ਆਪਣੀ ਨਿੱਜੀ ਜਾਇਦਾਦ ਦੱਸਣਾ ਵੀ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਦੱਸਿਆ ਕਿ ਉਕਤ ਪ੍ਰਬੰਧਕ ਕਮੇਟੀ ਦੇ ਮਾੜੇ ਵਤੀਰੇ ਸੰਬੰਧੀ ਪ੍ਰਸ਼ਾਸਨ ਨੂੰ ਦਰਖ਼ਾਸਤ ਦੇ ਕੇ ਕਾਰਵਾਈ ਕਰਵਾਈ ਜਾਵੇਗੀ ਤੇ ਜੇਕਰ ਪ੍ਰਸ਼ਾਸਨ ਨੇ ਕੱਲ੍ਹ ਤਕ ਕੋਈ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਤਾਂ ਉਹ ਸਮੂਹ ਸਿੱਖ ਜਥੇਬੰਦੀਆਂ ਨਾਲ ਵਿਚਾਰ-ਵਟਾਂਦਰਾ ਕਰਨ ਮਗਰੋਂ ਅਗਲਾ ਕਦਮ ਚੁੱਕਣਗੇ।
ਵੀਡੀਓ ਨਾਲ ਕੀਤੀ ਗਈ ਛੇੜਛਾੜ :ਉੱਧਰ ਇਸ ਮਾਮਲੇ ਸੰਬੰਧੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਮੈਨੇਜਰ ਪ੍ਰਭਜੋਤ ਸਿੰਘ ਤੇ ਕਰਨਲ ਹਰੀਸਿਮਰਨ ਸਿੰਘ ਨੇ ਪੱਤਰਕਾਰਾਂ ਰਾਹੀਂ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਨੇ ਸੇਵਾ ਕਰ ਰਹੇ ਸਿੰਘਾਂ ਨੂੰ ਕੋਈ ਵੀ ਅਪਸ਼ਬਦ ਨਹੀਂ ਬੋਲਿਆ ਹੈ। ਮੈਨੇਜਰ ਪ੍ਰਭਜੋਤ ਸਿੰਘ ਤੇ ਕਰਨਲ ਹਰੀਸਿਮਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਜੁੱਤੀਆਂ ਗੰਢਣ ਵਾਲੀ ਥਾਂ 'ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫ਼ੋਟੋ ਨਾ ਲਗਾਉਣ ਅਤੇ ਪ੍ਰਬੰਧਕ ਕਮੇਟੀ ਦੀ ਆਗਿਆ ਤੋਂ ਬਿਨਾਂ ਰਸਤੇ ਵਿੱਚ ਤੰਬੂ ਲਗਾਉਣ ਬਾਰੇ ਕਿਹਾ ਸੀ,ਪ੍ਰੰਤੂ ਉਪਰੋਕਤ ਨੌਜਵਾਨਾਂ ਨੇ ਵੀਡੀਓ ਨੂੰ ਤੋੜ-ਮਰੋੜ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ, ਜਿਸ ਕਾਰਨ ਸਿੱਖ ਸੰਗਤ ਦੇ ਮਨਾਂ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ ਵੀਡੀਓ ਵਿੱਚ ਤੱਥਾਂ ਨਾਲ ਛੇੜ ਛਾੜ ਕੀਤੀ ਗਈ ਹੈ।
ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਗੀ ਮਾਫ਼ੀ:ਕਰਨਲ ਹਰੀਸਿਮਰਨ ਸਿੰਘ ਅਤੇ ਮੈਨੇਜਰ ਪ੍ਰਭਜੋਤ ਸਿੰਘ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਦੇਸ-ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਜੇਕਰ ਸੰਗਤਾਂ ਨੂੰ ਇਸ ਤੋੜ-ਮਰੋੜ ਕੇ ਪਾਈ ਗਈ ਵੀਡੀਓ ਨਾਲ ਠੇਸ ਪਹੁੰਚੀ ਹੈ ਤਾਂ ਉਹ ਸਮੂਹ ਸਿੱਖ ਸੰਗਤਾਂ ਤੋਂ ਮੁਆਫ਼ੀ ਮੰਗਦੇ ਹਨ। ਦੱਸਣਯੋਗ ਹੈ ਕਿ ਜਦੋਂ ਉਪਰੋਕਤ ਮਾਮਲੇ ਸੰਬੰਧੀ ਸਿੱਖ ਜਥੇਬੰਦੀਆਂ ਦੇ ਆਗੂ ਮੇਲੇ ਦੇ ਚੱਲਦਿਆਂ ਗੁਰਦੁਆਰਾ ਸਾਹਿਬ ਅੰਦਰ ਡਿਊਟੀ 'ਤੇ ਤਾਇਨਾਤ ਥਾਣਾ ਮੁਖੀ ਪਰਵਿੰਦਰ ਸਿੰਘ ਨੂੰ ਮੈਮੋਰੈਂਡਮ ਸੌਂਪ ਕੇ ਬਾਹਰ ਆਏ ਤਾਂ ਗੁੱਸੇ ਵਿੱਚ ਭੀੜ ਨੇ ਪੁਲਿਸ ਮੁਲਾਜ਼ਮ ਦੀ ਗੱਡੀ ਜਿਸ ਵਿੱਚ ਕਰਨਲ ਹਰੀਸਿਮਰਨ ਸਿੰਘ ਸਵਾਰ ਸਨ,'ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਭੀੜ ਨੇ ਕਰਨਲ ਹਰੀਸਿਮਰਨ ਸਿੰਘ ਤੇ ਥਾਣਾ ਮੁਖੀ ਕੱਚਾ ਪੱਕਾ ਪਰਵਿੰਦਰ ਸਿੰਘ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਗੱਡੀ ਦੀ ਬੁਰੀ ਤਰ੍ਹਾਂ ਭੰਨ-ਤੋੜ ਕਰ ਦਿੱਤੀ।
ਸਮੂਹ ਸਿੱਖ ਸੰਗਤਾਂ ਨੂੰ ਸ਼ਾਂਤ ਰਹਿਣ ਦੀ ਅਪੀਲ :ਉੱਧਰ ਇਸ ਮਾਮਲੇ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਵੱਲੋਂ ਕੱਲ੍ਹ ਦੋਵਾਂ ਧਿਰਾਂ ਨੂੰ ਬੁਲਾ ਕੇ ਸਾਰੇ ਮਨ ਮੁਟਾਅ ਦੂਰ ਕਰਵਾਏ ਜਾਣਗੇ। ਇਸ ਮੌਕੇ ਉਨ੍ਹਾਂ ਸਮੂਹ ਸਿੱਖ ਸੰਗਤਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ