ਖਨੌਰੀ ਬਾਰਡਰ (ਸੰਗਰੂਰ): ਖਨੌਰੀ ਬਾਰਡਰ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਭੁੱਖ ਹੜਤਾਲ ਤੋਂ ਪਹਿਲਾਂ ਪੁਲਿਸ ਨੇ ਚੁੱਕ ਕੇ ਹਿਰਾਸਤ ਵਿੱਚ ਲਿਆ ਹੈ। ਇਸ ਦਾਅਵਾ ਕਿਸਾਨਾਂ ਵੱਲੋਂ ਖਨੌਰੀ ਬਾਰਡਰ ਉੱਤੇ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਕਿਸਾਨਾਂ ਦੀਆਂ ਮੰਗਾਂ ਨੂੰ ਲੈਕੇ ਮਰਨ ਵਰਤ ਸ਼ੁਰੂ ਕਰਨ ਜਾ ਰਹੇ ਸਨ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਚੋਰਾਂ ਦੀ ਤਰ੍ਹਾਂ ਰਾਤ ਦੇ ਹਨੇਰੇ ਵਿੱਚ ਉਨ੍ਹਾਂ ਨੂੰ ਜ਼ਬਰਦਸਤੀ ਗ੍ਰਿਫ਼ਤਾਰ ਕਰ ਲਿਆ।
ਰਾਤ ਵੇਲੇ ਪੁਲਿਸ ਦੀ ਕਾਰਵਾਈ
ਕਿਸਾਨਾਂ ਦਾ ਕਹਿਣਾ ਖਨੌਰੀ ਬਾਰਡਰ ਤੋਂ ਸਵੇਰੇ ਕਰੀਬ ਪੌਣੇ ਤਿੰਨ ਵਜੇ ਜਗਜੀਤ ਸਿੰਘ ਡੱਲੇਵਾਲ ਨੂੰ ਪੰਜਾਬ ਪੁਲਿਸ ਵੱਲੋਂ ਚੁੱਕ ਕੇ ਅਣਪਛਾਤੀ ਥਾਂ ਉੱਤੇ ਲੈ ਕੇ ਲਿਜਾਇਆ ਗਿਆ ਹੈ। ਜ਼ਿਲ੍ਹਾ ਬਠਿੰਡਾ ਦੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਦੱਸਿਆ ਕਿ ਰਾਤ ਨੂੰ ਉਹ 12 ਵਜੇ ਮੀਟਿੰਗ ਕਰਕੇ ਸੁੱਤੇ ਸਨ ਕਿਉਂਕਿ ਡੱਲੇਵਾਲ ਵੱਲੋਂ ਮਰਨ ਵਰਤ ਸ਼ੁਰੂ ਕੀਤਾ ਜਾਣਾ ਸੀ ਅਤੇ ਸਵੇਰੇ ਕਰੀਬ ਪੌਣੇ ਤਿੰਨ ਵਜੇ ਵੱਡੀ ਗਿਣਤੀ ਵਿੱਚ ਆਈ ਪੁਲਿਸ ਵੱਲੋਂ ਟਰਾਲੀਆਂ ਵਿੱਚ ਸੁੱਤੇ ਪਏ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਬਾਹਰੋਂ ਕੁੰਡੇ ਲਗਾ ਦਿੱਤੇ ਗਏ ਅਤੇ ਜਗਜੀਤ ਸਿੰਘ ਡੱਲੇਵਾਲ ਨੂੰ ਅਣਪਛਾਤੀ ਥਾਂ ਉੱਤੇ ਲੈ ਕੇ ਚਲੇ ਗਏ ਹਨ।
ਸਰਦਾਰ ਜਗਜੀਤ ਸਿੰਘ ਡਲੇਵਾਲ ਨੂੰ ਖਨੋਰੀ ਬਾਰਡਰ ਤੋਂ ਰਾਤ ਫੋਰਸਾਂ ਚੁੱਕ ਕੇ ਲੈ ਗਈਆਂ| ਤੁਰੰਤ ਪੰਜਾਬੀਓ ਬਾਡਰਾਂ ਤੇ ਪਹੁੰਚੋ ਖਾਸ ਕਰਕੇ ਖਨੌਰੀ| pic.twitter.com/26xjHckq2k
— Sarvan singh pandher (@PandherSarvan) November 26, 2024
ਕਿਸਾਨਾਂ ਦਾ ਵੱਡਾ ਐਲਾਨ
ਪੁਲਿਸ ਦੀ ਕਾਰਵਾਈ ਮਗਰੋਂ ਗੁੱਸੇ ਵਿੱਚ ਆਏ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਹੁਣ ਉਹ ਖਨੌਰੀ ਬਾਰਡਰ ਉੱਤੇ ਕੋਈ ਢਿੱਲ ਨਹੀਂ ਵਰਤਣਗੇ ਅਤੇ ਪੁਲਿਸ ਦੀ ਹਰ ਚਾਲ ਦਾ ਮੂੰਹ ਤੋੜ ਜਵਾਬ ਦੇਣਗੇ। ਦੇਸ਼ ਭਰ ਦੇ ਕਿਸਾਨਾਂ ਨੂੰ ਖਨੌਰੀ ਬਾਰਡਰ ਉੱਤੇ ਟਰਾਲੀਆਂ ਲੈਕੇ ਪਹੁੰਚਣ ਲਈ ਸੱਦਾ ਵੀ ਦੇ ਦਿੱਤਾ ਗਿਆ ਹੈ। ਕਿਸਾਨਾਂ ਮੁਤਾਬਿਕ ਹੁਣ ਇਹ ਲੜਾਈ ਆਰ-ਪਾਰ ਦੀ ਹੋ ਗਈ ਹੈ ਅਤੇ ਉਹ ਆਪਣੀਆਂ ਮੰਗਾਂ ਮਨਵਾਉਣ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ। ਕਿਸਾਨਾਂ ਨੇ ਕਿਹਾ ਕਿ ਖਨੌਰੀ ਬਾਰਡਰ ਤੋਂ ਲੰਘਣ ਲਈ ਲੋਕਾਂ ਨੂੰ ਜੋ ਰਾਹ ਦਿੱਤਾ ਗਿਆ ਸੀ ਹੁਣ ਪੁਲਿਸ ਦੀ ਇਸ ਹਰਕਤ ਤੋਂ ਬਾਅਦ ਉਸ ਨੂੰ ਵੀ ਮੁਕੰਮਲ ਤੌਰ ਉੱਤੇ ਬੰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ।
ਲੁਧਿਆਣਾ ਡੀਐੱਮਸੀ 'ਚ ਦਾਖਿਲ ਡੱਲੇਵਾਲ
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਰਾਤ ਜਗਜੀਤ ਡੱਲੇਵਾਲ ਨੂੰ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਹੈ। ਉਹਨਾਂ ਨੂੰ ਐਮਰਜੈਂਸੀ ਵਾਰਡ ਚ ਰੱਖਿਆ ਗਿਆ ਹੈ। ਜਿਸ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਸੀਨੀਅਰ ਪੁਲਿਸ ਅਫਸਰ ਵੀ ਮੌਕੇ ਉੱਤੇ ਮੌਜੂਦ ਹਨ ਅਤੇ ਮੋਹਾਲੀ ਤੋਂ ਵੀ ਪੁਲਿਸ ਦੇ ਕੁਝ ਸੀਨੀਅਰ ਅਧਿਕਾਰੀ ਡੀਐੱਮਸੀ ਹਸਪਤਾਲ ਪਹੁੰਚੇ ਹੋਏ ਹਨ। ਕਿਸੇ ਵੀ ਮੀਡੀਆ ਨੂੰ ਡੀਐਮਸੀ ਹਸਪਤਾਲ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਰਾਤ ਲਗਭਗ ਤਿੰਨ ਵਜੇ ਦੇ ਕਰੀਬ ਜਗਜੀਤ ਡਲੇਵਾਲ ਨੂੰ ਡੀਐਮਸੀ ਹਸਪਤਾਲ ਲਿਆਂਦਾ ਗਿਆ ਸੀ। ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਵੀ ਡੀਐਮਸੀ ਪਹੁੰਚਣ ਦੀ ਗੱਲ ਕਹੀ ਜਾ ਰਹੀ ਹੈ।
Detention of Farmer Leader dallewal ji is orchestrated by the Bhagwant Mann government. No central agency is involved in his arrest. It is purely the work of the state police, aimed at shifting the blame onto central agencies to divert attention from the real issue. The central…
— Ravneet Singh Bittu (@RavneetBittu) November 26, 2024
ਦੂਜੇ ਪਾਸੇ ਮਾਮਲੇ ਉੱਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਟਿੱਪਣੀ ਕਰਦਿਆਂ ਕਿਹਾ ਕਿ,'ਕਿਸਾਨ ਆਗੂ ਡੱਲੇਵਾਲ ਜੀ ਦੀ ਨਜ਼ਰਬੰਦੀ ਭਗਵੰਤ ਮਾਨ ਸਰਕਾਰ ਵੱਲੋਂ ਰਚੀ ਗਈ ਹੈ। ਉਸ ਦੀ ਗ੍ਰਿਫ਼ਤਾਰੀ ਵਿੱਚ ਕੋਈ ਕੇਂਦਰੀ ਏਜੰਸੀ ਸ਼ਾਮਲ ਨਹੀਂ ਹੈ। ਇਹ ਸਿਰਫ਼ ਸੂਬਾ ਪੁਲਿਸ ਦਾ ਕੰਮ ਹੈ, ਜਿਸ ਦਾ ਉਦੇਸ਼ ਅਸਲ ਮੁੱਦੇ ਤੋਂ ਧਿਆਨ ਹਟਾਉਣ ਲਈ ਕੇਂਦਰੀ ਏਜੰਸੀਆਂ 'ਤੇ ਇਲ ਜ਼ਾਮ ਮੜ੍ਹਨਾ ਹੈ। ਕੇਂਦਰ ਸਰਕਾਰ ਹਮੇਸ਼ਾ ਕਿਸਾਨਾਂ ਦੀ ਭਲਾਈ ਲਈ ਕੰਮ ਕਰਦੀ ਹੈ ਅਤੇ ਅਜਿਹੀਆਂ ਕੋਝੀਆਂ ਚਾਲਾਂ ਵਿੱਚ ਨਹੀਂ ਆਉਂਦੀ,'।