ਮੋਗਾ:ਲੋਕ ਸਭਾ ਚੋਣਾਂ 2024 ਦਾ ਤਿਉਹਾਰ ਦੇਸ਼ ਭਰ ਵਿੱਚ ਚੱਲ ਰਿਹਾ ਹੈ। ਇਸ ਦੇ ਨਾਲ ਹੀ, ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉੱਤੇ ਵੀ ਚੋਣਾਂ ਲਈ ਵੋਟਿੰਗ ਹੋਣੀ ਹੈ। ਪੰਜਾਬ ਵਿੱਚ ਵੋਟਿੰਗ ਡੇਅ 1 ਜੂਨ ਅਤੇ ਨਤੀਜੇ 4 ਜੂਨ ਨੂੰ ਆਉਣਗੇ। ਇਸ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਚੈਂਪੀਅਨ ਐਕਟਿਵ ਹਨ। ਲਗਾਤਾਰ ਸਿਆਸੀ ਪਾਰਟੀਆਂ ਵਲੋਂ ਆਪਣੇ ਚੈਂਪੀਅਨ ਚੋਣ ਮੈਦਾਨ ਵਿੱਚ ਉਤਾਰੇ ਜਾ ਰਹੇ ਹਨ। ਉੱਥੇ ਹੀ, ਕਾਂਗਰਸ ਨੇ ਵੀ ਇਕ ਮਹਿਲਾ ਉਮੀਦਵਾਰ ਨੂੰ ਲੋਕ ਸਭਾ ਚੋਣਾਂ ਵਿੱਚ ਹਿੱਸਾ ਲੈਣ ਦਾ ਮੌਕਾ ਦਿੱਤਾ ਹੈ।
ਕਾਂਗਰਸ ਨੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਬੀਬੀ ਅਮਰਜੀਤ ਕੌਰ ਸਾਹੋਕੇ ਨੂੰ ਉਨ੍ਹਾਂ ਦੇ ਜਨਮਦਿਨ ਵਾਲੇ ਦਿਨ ਟਿਕਟ ਦੇ ਕੇ ਨਿਵਾਜਿਆ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਲੋਕ ਸਭਾ ਚੋਣ ਜਿੱਤ ਕੇ ਕਾਂਗਰਸ ਨੂੰ ਰਿਟਰਨ ਗਿਫਟ ਦੇਣਗੇ। ਟਿਕਟ ਮਿਲਣ ਤੋਂ ਬਾਅਦ ਅਮਰਜੀਤ ਕੌਰ ਸਾਹੋਕੇ ਨੇ ਈਟੀਵੀ ਭਾਰਤ ਦੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਆਓ ਕਾਂਗਰਸ ਦੇ ਇਸ ਉਮੀਦਵਾਰ ਨੂੰ ਜਾਣੀਏ।
ਜਨਮਦਿਨ ਵਾਲੇ ਦਿਨ ਮਿਲੀ ਟਿਕਟ:ਅਮਰਜੀਤ ਕੌਰ ਸਾਹੋਕੇ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਦੱਸਿਆ ਕਿ, ਉਹ ਫ਼ਰੀਦਕੋਟ ਦੀ ਧੀ ਅਤੇ ਮੋਗਾ ਦੀ ਨੂੰਹ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਲੋਕ ਬਹੁਤ ਪਿਆਰ ਦੇਣਗੇ ਅਤੇ ਫ਼ਰੀਦਕੋਟ ਤੋਂ ਉਨ੍ਹਾਂ ਨੂੰ ਜਿਤਾਉਣਗੇ। ਅਮਰਜੀਤ ਕੌਰ ਸਾਹੋਕੇ ਨੇ ਕਿਹਾ ਕਿ ਅੱਜ ਮੇਰੇ ਜਨਮ ਦਿਨ 'ਤੇ ਕਾਂਗਰਸ ਹਾਈਕਮਾਂਡ ਨੇ ਵੱਡਾ ਤੋਹਫਾ ਦਿੱਤਾ ਹੈ। ਇਸੇ ਤਰ੍ਹਾਂ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਜਿੱਤ ਕੇ ਕਾਂਗਰਸ ਨੂੰ ਰਿਟਰਨ ਗਿਫਟ ਦੇਵਾਂਗੀ।
ਕੀ ਮੁੱਦੇ ਰਹਿਣਗੇ:ਅਮਰਜੀਤ ਕੌਰ ਸਾਹੋਕੇ ਨੇ ਕਿਹਾ ਕਿ ਉਨ੍ਹਾਂ ਚੋਣਾਂ ਦੌਰਾਨ ਤੇ ਜਿੱਤ ਤੋਂ ਬਾਅਦ ਵੱਧ ਫੋਕਸ ਸਿੱਖਿਆ, ਸਿਹਤ ਤੇ ਰੁਜ਼ਗਾਰ ਸੈਕਟਰ ਵਿੱਚ ਰਹੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਾਅਦੇ ਝੂਠੇ ਨਿਕਲੇ ਹਨ। ਹੁਣ ਮਹਿਲਾਵਾਂ ਵੀ ਮੇਰਾ ਸਾਥ ਦੇਣ, ਤਾਂ ਜੋ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ। ਅਮਰਜੀਤ ਕੌਰ ਸਾਹੋਕੇ ਨੇ ਕਿਹਾ ਕਿ ਉਹ ਆਮ ਲੋਕਾਂ ਦੇ ਸੁੱਖ-ਦੁਖ ਵਿੱਚ ਹਮੇਸ਼ਾ ਖੜੀ ਰਹੀ ਹੈ ਅਤੇ ਉਨ੍ਹਾਂ ਨੂੰ ਵੀ ਲੋਕਾਂ ਦਾ ਪੂਰਾ ਸਾਥ ਹੈ। ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਲੋਕ ਅੱਗੇ ਵੀ ਮੇਰਾ ਪੂਰਾ ਸਾਥ ਦੇਣਗੇ।
ਸਿਆਸੀ ਕਰੀਅਰ:ਬੀਬੀ ਅਮਰਜੀਤ ਕੌਰ ਸਾਹੋਕੇ ਦਾ ਰਾਜਨੀਤਿਕ ਪਿਛੋਕੜ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ। ਅਮਰਜੀਤ ਕੌਰ ਸਾਹੋਕੇ 2001 ਤੋਂ 2013 ਤੱਕ ਸਰਕਾਰੀ ਅਧਿਆਪਕ ਰਹਿ ਚੁੱਕੇ ਹਨ। ਸਾਲ 2013 ਵਿੱਚ ਉਨ੍ਹਾਂ ਅਧਿਆਪਕਾ ਵਜੋਂ ਅਸਤੀਫ਼ਾ ਦਿੱਤਾ ਅਤੇ ਪੇਂਡੂ ਚੋਣਾਂ ਵਿੱਚ ਅਕਾਲੀ ਦਲ ਦੀ ਟਿਕਟ ’ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣੇ ਅਤੇ ਉਹ ਇੱਥੇ ਸਾਲ 2013 ਤੋਂ 2018 ਤਕ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਵੀ ਰਹੇ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਨੇ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਉਮੀਦਵਾਰ ਬਣਾਇਆ, ਪਰ ਚੋਣ ਹਾਰਨ ਮਗਰੋਂ ਅਮਰਜੀਤ ਅਤੇ ਪੰਜਾਬ ਪੁਲਿਸ ਚੋਂ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਕੇ ਸਿਆਸਤ ’ਚ ਆਏ ਪਤੀ ਭੂਪਿੰਦਰ ਸਿੰਘ ਸਾਹੋਕੇ ਨੇ ਵਿਧਾਨ ਸਭਾ ਹਲਕਾ ’ਚ ਸਿਆਸੀ ਸਰਗਰਮਰੀਆਂ ਜਾਰੀ ਰੱਖੀਆਂ।
ਅਕਾਲੀ ਦਲ ਛੱਡ ਕਾਂਗਰਸ ਜੁਆਇਨ ਕੀਤੀ:ਸ਼੍ਰੋਮਣੀ ਅਕਾਲੀ ਦਲ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਮਰਜੀਤ ਕੌਰ ਸਾਹੋਕੇ ਨੂੰ ਟਿਕਟ ਤੋਂ ਨਾਂਹ ਕਰ ਦਿੱਤੀ ਜਿਸ ਤੋਂ ਬਾਅਦ ਉਹ ਕਾਂਗਰਸ ਵਿੱਚ ਚਲੇ ਗਏ।
'ਹੌਟ ਸੀਟ' ਬਣ ਚੁੱਕੀ ਫ਼ਰੀਦਕੋਟ ਸੀਟ:ਜ਼ਿਕਰਯੋਗ ਹੈ ਕਿ ਇਹ ਲੋਕ ਸਭਾ ਸੀਟ ਸੂਬੇ ਦੀਆਂ ਚਾਰੇ ਸਿਆਸੀ ਪਾਰਟੀਆਂ ਅਕਾਲੀ, ਭਾਜਪਾ, ‘ਆਪ’ ਤੇ ਕਾਂਗਰਸ ਲਈ ਸਭ ਤੋਂ ਵੱਡੀ ‘ਹੌਟ’ ਸੀਟ ਬਣੀ ਹੋਈ ਹੈ। ਇਸ ਹਲਕੇ ਤੋਂ ‘ਆਪ’ ਵੱਲੋਂ ਅਦਾਕਾਰ ਕਰਮਜੀਤ ਅਨਮੋਲ, ਭਾਜਪਾ ਵੱਲੋਂ ਅਦਾਕਾਰ ਹੰਸ ਰਾਜ ਹੰਸ, ਅਕਾਲੀ ਦਲ ਵੱਲੋਂ ਰਾਜਵਿੰਦਰ ਸਿੰਘ ਧਰਮਕੋਟ ਤੇ ਬਸਪਾ ਵੱਲੋਂ ਐਡਵੋਕੇਟ ਗੁਰਬਖ਼ਸ ਸਿੰਘ ਚੌਹਾਨ ਚੋਣ ਮੈਦਾਨ ਵਿੱਚ ਹਨ।