ਫ਼ਗਵਾੜਾ/ਜਲੰਧਰ:ਫ਼ਗਵਾੜਾ ਰੇਲਵੇ ਸਟੇਸ਼ਨ ਨੇੜੇ ਯਾਰਡ ਤੋਂ ਮੇਨ ਲਾਈਨ ਯਾਨੀ ਅੰਮ੍ਰਿਤਸਰ ਨਵੀਂ ਦਿੱਲੀ ਰੇਲਵੇ ਟਰੈਕ 'ਤੇ ਆਉਂਦੇ ਸਮੇਂ ਬ੍ਰੇਕ ਫੇਲ ਹੋਣ ਕਾਰਨ ਮਾਲ ਗੱਡੀ ਪਟੜੀ ਤੋਂ ਉਤਰ ਗਈ। ਇਸ ਦੌਰਾਨ ਵੱਡਾ ਹਾਦਸਾ ਹੋਣੋਂ ਟਲ ਗਿਆ। ਖੁਸ਼ਕਿਸਮਤੀ ਹੈ ਕਿ ਇਸ ਦੌਰਾਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਮਾਲ ਗੱਡੀ ਨੂੰ ਯਾਰਡ ਤੋਂ ਬਾਹਰ ਕੱਢ ਕੇ ਮੇਨ ਲਾਈਨ 'ਤੇ ਲਿਆਂਦਾ ਜਾ ਰਿਹਾ ਸੀ। ਇਸ ਦੌਰਾਨ ਉੱਤਰ ਵੱਲ ਜਾ ਰਹੀ ਗੱਡੀ ਦੀਆਂ ਬ੍ਰੇਕਾਂ ਫੇਲ੍ਹ ਹੋਣ ਕਾਰਨ ਡੱਬੇ ਪਟੜੀ ਤੋਂ ਉਤਰ ਗਏ। ਇਹ ਮਾਲ ਗੱਡੀ ਫਿਲੌਰ ਤੋਂ ਜਲੰਧਰ ਵੱਲ ਆ ਰਹੀ ਸੀ।
ਮੌਕੇ ਉੱਤੇ ਪਹੁੰਚੇ ਅਧਿਕਾਰੀ, ਟ੍ਰੈਕ ਕਲੀਅਰ ਕਰਵਾਇਆ
ਇਸ ਘਟਨਾ ਕਾਰਨ ਹੋਰ ਰੇਲ ਗੱਡੀਆਂ ਵੀ ਪ੍ਰਭਾਵਿਤ ਹੋਈਆਂ। ਘਟਨਾ ਤੋਂ ਤੁਰੰਤ ਬਾਅਦ ਕੰਟਰੋਲ ਰੂਮ 'ਤੇ ਸੁਨੇਹਾ ਦਿੱਤਾ ਗਿਆ ਅਤੇ ਜਲੰਧਰ ਤੋਂ 'ਰੇਲ ਬਚਾਓ ਮੋਬਾਈਲ ਵੈਨ' ਨੂੰ ਰਵਾਨਾ ਕੀਤਾ ਗਿਆ। ਇਸ ਦੇ ਨਾਲ ਹੀ ਕਈ ਅਧਿਕਾਰੀਆਂ ਦੇ ਨਾਲ ਟੀਮ ਵੀ ਮੌਕੇ 'ਤੇ ਪਹੁੰਚ ਗਈ। ਮਾਲ ਗੱਡੀ ਨੂੰ ਵਾਪਸ ਪਟੜੀ 'ਤੇ ਲਿਆਂਦਾ ਗਿਆ ਅਤੇ ਟ੍ਰੈਕ ਨੂੰ ਸਾਫ਼ ਕਰ ਦਿੱਤਾ ਗਿਆ।