ਮਾਨ ਨੇ ਦੱਸਿਆ ਧੀ ਦੇ ਨਾਮ ਦਾ ਮਤਲਬ ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੀਜੀ ਵਾਰ ਪਿਤਾ ਬਣੇ ਹਨ। ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਧੀ ਨੂੰ ਜਨਮ ਦਿੱਤਾ ਹੈ। ਭਗਵੰਤ ਮਾਨ ਨੇ ਆਪਣੀ ਬੇਟੀ ਦਾ ਨਾਂ ਨਿਆਮਤ ਰੱਖਿਆ ਹੈ। ਉਹ ਆਪਣੀ ਬੱਚੀ ਨੂੰ ਲੈ ਕੇ ਹਸਪਤਾਲ ਤੋਂ ਰਿਹਾਇਸ਼ ਪੁੱਜ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਮੌਜੂਦ ਸਨ। ਪਿਤਾ ਬਣਨ ਦੀ ਖੁਸ਼ਖਬਰੀ ਸੀਐਮ ਮਾਨ ਨੇ ਆਪਣੇ ਅਧਿਕਾਰਿਤ ਟਵਿਟਰ ਅਕਾਉਂਟ ਉੱਤੇ ਦਿੱਤੀ ਸੀ ਅਤੇ ਬੱਚੀ ਦੀ ਫੋਟੋ ਵੀ ਸ਼ੇਅਰ ਕੀਤੀ।
ਇੰਨਾ ਹੀ ਨਹੀਂ, ਬੱਚੀ ਦੇ ਜਨਮ ਤੋਂ ਬਾਅਦ ਆਪ ਵਿੱਚ ਖੁਸ਼ੀ ਦੀ ਲਹਿਰ ਹੈ। ਸਾਰੇ ਆਪ ਆਗੂਆਂ ਨੇ ਸੀਐਮ ਮਾਨ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ, ਬੀਤੇ ਦਿਨ ਅਰਵਿੰਦ ਕੇਜਰੀਵਾਲ ਨੇ ਵੀ ਪੇਸ਼ੀ ਤੋਂ ਬਾਅਦ ਸੀਐਮ ਮਾਨ ਨੂੰ ਪਿਤਾ ਬਣਨ ਉੱਤੇ ਮੁਬਾਰਕਬਾਦ ਦਿੱਤੀ।
ਰਾਤ ਨੂੰ ਦੇਖਿਆ ਧੀ ਦਾ ਚਿਹਰਾ: ਭਗਵੰਤ ਮਾਨ ਨੇ ਕਿਹਾ ਕਿ ਪੁੱਤਰ ਤੇ ਧੀ ਬਰਾਬਰ ਹਨ। ਸਾਨੂੰ ਤੰਦਰੁਸਤ ਬੱਚੇ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ, ਪੁੱਤਰ ਹੋਵੇ ਜਾਂ ਧੀ, ਦੋਵਾਂ ਦਾ ਪਾਲਣ ਪੋਸ਼ਣ ਬਰਾਬਰ ਹੋਣਾ ਚਾਹੀਦਾ ਹੈ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਮੈਂ ਕਾਫੀ ਸਮੇਂ ਬਾਅਦ ਆਪਣੀ ਧੀ ਨੂੰ ਮਿਲਣ ਗਿਆ ਸੀ, ਕਿਉਂਕਿ ਮੇਰੇ ਜਾਣ ਨਾਲ ਸੁਰੱਖਿਆ ਪ੍ਰੋਟੋਕੋਲ ਕਾਰਨ ਹਸਪਤਾਲ ਵਿੱਚ ਮਰੀਜ਼ਾਂ ਨੂੰ ਪ੍ਰੇਸ਼ਾਨੀ ਹੋ ਸਕਦੀ ਸੀ, ਇਸ ਲਈ ਮੈਂ ਰਾਤ ਨੂੰ ਹਸਪਤਾਲ ਗਿਆ ਸੀ।
ਦੱਸ ਦਈਏ ਕਿ ਭਗਵੰਤ ਮਾਨ ਨੇ ਜੁਲਾਈ 2022 ਵਿੱਚ ਹਰਿਆਣਾ ਦੀ ਡਾਕਟਰ ਗੁਰਪ੍ਰੀਤ ਕੌਰ ਨਾਲ ਦੂਜਾ ਵਿਆਹ ਕੀਤਾ ਸੀ। ਗੁਰਪ੍ਰੀਤ ਕੌਰ ਕੁਰੂਕਸ਼ੇਤਰ ਦੇ ਪਿਹੋਵਾ ਦੇ ਪਿੰਡ ਗੁਮਥਲਾ ਗਡੂ ਦੀ ਰਹਿਣ ਵਾਲੀ ਹੈ। ਡਾ: ਗੁਰਪ੍ਰੀਤ ਕੌਰ ਦੇ ਪਰਿਵਾਰ ਦਾ ਵੀ ਸਿਆਸੀ ਪ੍ਰਭਾਵ ਹੈ।
ਭਗਵੰਤ ਮਾਨ ਦਾ ਪਹਿਲਾ ਵਿਆਹ ਇੰਦਰਪ੍ਰੀਤ ਕੌਰ ਨਾਲ ਹੋਇਆ ਸੀ। ਮਾਨ ਦਾ ਬੇਟਾ ਦਿਲਸ਼ਾਨ ਮਾਨ ਅਤੇ ਬੇਟੀ ਸੀਰਤ ਕੌਰ ਮਾਨ ਆਪਣੀ ਮਾਂ ਇੰਦਰਪ੍ਰੀਤ ਕੌਰ ਨਾਲ ਅਮਰੀਕਾ ਵਿੱਚ ਰਹਿੰਦੇ ਹਨ। ਦੋਵੇਂ ਬੱਚੇ ਆਪਣੇ ਪਿਤਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਵਿੱਚ ਵੀ ਪੁੱਜੇ ਸਨ। 20 ਮਾਰਚ 2015 ਨੂੰ ਭਗਵੰਤ ਮਾਨ ਅਤੇ ਇੰਦਰਪ੍ਰੀਤ ਕੌਰ ਨੇ ਅਦਾਲਤ ਵਿੱਚ ਆਪਸੀ ਸਹਿਮਤੀ ਨਾਲ ਤਲਾਕ ਲਈ ਅਰਜ਼ੀ ਦਾਇਰ ਕੀਤੀ ਸੀ। ਇਸ ਪਟੀਸ਼ਨ ਵਿੱਚ ਮਾਨ ਦੀ ਦਲੀਲ ਸੀ ਕਿ ਉਹ ਸਿਆਸਤ ਕਾਰਨ ਆਪਣੀ ਪਤਨੀ ਨੂੰ ਤਲਾਕ ਦੇ ਰਿਹਾ ਹੈ।