ਚੰਡੀਗੜ੍ਹ:ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਸਾਰੇ ਜ਼ਿਲ੍ਹਿਆਂ ਦੇ ਐੱਸਐੱਸਪੀਜ਼ ਨਾਲ ਮੀਟਿੰਗ ਕਰਕੇ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਬਾਰੇ ਜਾਇਜ਼ਾ ਲਿਆ ਅਤੇ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਰਣਨੀਤੀ ਘੜੀ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪ੍ਰੈੱਸ ਕਾਨਫਰੰਸ ਕਰਕੇ ਮੀਟਿੰਗ ਸਬੰਧੀ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ। ਡੀਜੀਪੀ ਨੇ ਕਿਹਾ ਕਿ ਪੰਜਾਬ ਮੁੱਖ ਮੰਤਰੀ ਮਾਨ ਨੇ ਐੱਸਐੱਸਪੀ ਨੂੰ ਵੱਧ ਤੋਂ ਵੱਧ ਖੇਤਰਾਂ ਵਿੱਚ ਜਾਣ ਲਈ ਸਪੱਸ਼ਟ ਨਿਰਦੇਸ਼ ਦਿੱਤੇ ਹਨ ਅਤੇ ਕਿਹਾ ਕਿ ਸਾਰੇ ਥਾਣਿਆਂ ਦੀ ਚੈਕਿੰਗ ਕਰੋ। ਸੀਐੱਮ ਮਾਨ ਨੇ ਲੋਕਾਂ ਨਾਲ ਸੰਪਰਕ ਵਧਾਉਣ ਲਈ ਵੀ ਪੁਲਿਸ ਮੁਲਾਜ਼ਮਾਂ ਨੂੰ ਨਿਰਦੇਸ਼ ਦਿੱਤੇ ਹਨ।
ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼
ਪੰਜਾਬ ਵਿੱਚ ਪੁਲਿਸ ਥਾਣਿਆਂ 'ਤੇ ਹਮਲਿਆਂ ਬਾਰੇ ਪੁੱਛੇ ਜਾਣ 'ਤੇ ਡੀਜੀਪੀ ਨੇ ਕਿਹਾ ਕਿ ਰਾਤ ਦੇ ਹਨੇਰੇ ਵਿੱਚ ਕੁਝ ਸੁੱਟਣਾ ਕਾਇਰਤਾ ਵਾਲਾ ਕੰਮ ਹੈ, ਜੇਕਰ ਕਿਸੇ ਵਿੱਚ ਹਿੰਮਤ ਹੈ ਤਾਂ ਉਹ ਦਿਨੇ ਅੱਗੇ ਆ ਕੇ ਅਜਿਹਾ ਕਰੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
FIR ਤੋਂ ਪਹਿਲਾਂ ਕਰੋ ਪੜਤਾਲ
ਡੀਜੀਪੀ ਨੇ ਕਿਹਾ ਕਿ ਕਈ ਥਾਵਾਂ 'ਤੇ ਇਹ ਵੀ ਸਾਹਮਣੇ ਆਇਆ ਹੈ ਕਿ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਅਜਿਹੇ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਜਾਂਚ ਤੋਂ ਬਾਅਦ ਹੀ ਮਾਮਲਾ ਦਰਜ ਹੋਣਾ ਚਾਹੀਦਾ ਹੈ ਅਤੇ ਪੁਲਿਸ ਨੂੰ ਪੇਸ਼ੇਵਰ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ। ਡੀਜੀਪੀ ਨੇ ਕਿਹਾ ਕਿ ਮੀਟਿੰਗ ਵਿੱਚ ਮੁੱਖ ਤੌਰ 'ਤੇ ਤਿੰਨ ਨੁਕਤਿਆਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਛੋਟੇ ਅਪਰਾਧਾਂ ਨਾਲ ਨਜਿੱਠਣ ਲਈ ਰਣਨੀਤੀ ਬਣਾਈ ਹੈ।
ਪੰਜਾਬ ਪੁਲਿਸ ਵਿੱਚ 10 ਹਜ਼ਾਰ ਪੋਸਟਾਂ ਉੱਤੇ ਭਰਤੀ
ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਵਿੱਚ 10 ਹਜ਼ਾਰ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਜਲਦੀ ਸ਼ੁਰੂ ਹੋ ਜਾਵੇਗੀ। ਭਰਤੀ ਲਈ ਪ੍ਰਵਾਨਗੀ ਮਿਲ ਗਈ ਹੈ। ਪੁਲਿਸ ਬੇੜੇ ਨੂੰ 30-35 ਸਾਲਾਂ ਬਾਅਦ ਪਹਿਲੀ ਵਾਰ ਅਪਗ੍ਰੇਡ ਕੀਤਾ ਗਿਆ ਹੈ। ਸਾਰੇ ਐਸਐਚਓਜ਼ ਨੂੰ ਨਵੀਆਂ ਗੱਡੀਆਂ ਦਿੱਤੀਆਂ ਗਈਆਂ ਹਨ। ਦੂਜੇ ਪੜਾਅ ਤਹਿਤ ਫਰਵਰੀ ਮਹੀਨੇ ਵਿੱਚ 140 ਐਸਐਚਓਜ਼ ਨੂੰ ਵਾਹਨ ਦਿੱਤੇ ਜਾਣਗੇ। ਇਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।
704 ਪੁਆਇੰਟਾਂ 'ਤੇ ਲਗਾਏ ਜਾਣਗੇ 2300 ਕੈਮਰੇ
ਪੰਜਾਬ ਵਿੱਚ ਵੀ ਸੀਸੀਟੀਵੀ ਕੈਮਰੇ ਲਾਉਣ ਦੇ ਪ੍ਰਾਜੈਕਟ ’ਤੇ ਕੰਮ ਸ਼ੁਰੂ ਹੋ ਗਿਆ ਹੈ। 704 ਪੁਆਇੰਟਾਂ 'ਤੇ 2300 ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ। ਬੀਐੱਸਐੱਨਐੱਲ ਤੋਂ ਫਾਈਬਰ ਕੁਨੈਕਸ਼ਨ ਲਈ ਜਾ ਰਿਹਾ ਹੈ। ਮੁਹਾਲੀ ਵਿੱਚ 18 ਕਰੋੜ ਰੁਪਏ ਦੀ ਲਾਗਤ ਨਾਲ ਕੈਮਰੇ ਲਾਉਣ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਸਮਾਰਟ ਸਿਟੀ ਜਲੰਧਰ, ਲੁਧਿਆਣਾ ਵਿੱਚ ਵੀ ਕੈਮਰੇ ਲਗਾਏ ਜਾ ਰਹੇ ਹਨ। 50 ਕਰੋੜ ਰੁਪਏ ਨਾਲ ਸਾਰੇ ਥਾਣਿਆਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। 25 ਕਰੋੜ ਸੈਕਸ਼ਨ ਕੀਤੇ ਜਾ ਚੁੱਕੇ ਹਨ, ਜਦਕਿ 25 ਕਰੋੜ ਸੈਕਸ਼ਨ ਅਗਲੇ ਸੈਸ਼ਨ ਵਿੱਚ ਜਾਰੀ ਕੀਤੇ ਜਾਣਗੇ। ਇਸ ਦੇ ਨਾਲ ਹੀ 112 ਹੈਲਪਲਾਈਨ ਨੰਬਰ ਦੇ ਰਿਸਪਾਂਸ ਟਾਈਮ ਨੂੰ ਬਿਹਤਰ ਬਣਾਉਣ ਲਈ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।
ਪੰਜਾਬ ਦੀਆਂ ਜੇਲ੍ਹਾਂ ਦੇ ਸੁਧਾਰ ਲਈ 500 ਕਰੋੜ ਰੁਪਏ ਖਰਚ ਕੀਤੇ ਜਾਣਗੇ। ਲੁਧਿਆਣਾ ਵਿੱਚ 100 ਕਰੋੜ ਰੁਪਏ ਨਾਲ ਨਵੀਂ ਜੇਲ੍ਹ ਬਣਾਈ ਜਾਵੇਗੀ। ਇਸ ਦੇ ਲਈ ਜਗ੍ਹਾ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਇਸ ਵਿੱਚ ਹਾਰਡ ਕੋਰ ਅਪਰਾਧੀਆਂ ਨੂੰ ਰੱਖਿਆ ਜਾਵੇਗਾ। ਇਸ 'ਤੇ 100 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਅਪਰਾਧੀ ਹੋਰ ਜੇਲ੍ਹਾਂ ਵਿੱਚ ਹਨ ਅਤੇ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇਗਾ। - ਗੌਰਵ ਯਾਦਵ, ਡੀਜੀਪੀ ਪੰਜਾਬ