ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 26 ਜਨਵਰੀ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਮੈਦਾਨ ਵਿੱਚ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਤਿਰੰਗਾ ਲਹਿਰਾਇਆ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਪਰੇਡ ਤੋਂ ਸਲਾਮੀ ਲਈ। ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਗਣਤੰਤਰ ਦਿਵਸ ਪੰਜਾਬ ਕਰਕੇ ਤੇ ਪੰਜਾਬੀਆਂ ਕਰਕੇ ਹੀ ਆਇਆ ਹੈ ਕਿਉਂਕਿ ਪੰਜਾਬੀਆਂ ਨੇ ਲੜਾਈਆਂ ਲੜੀਆਂ ਤੇ ਸ਼ਹਾਦਤਾਂ ਦਿੱਤੀਆਂ, ਫਿਰ ਜਾ ਕੇ ਗਣਤੰਤਰ ਦਿਵਸ ਆਇਆ। ਇਸ ਲਈ ਅਸੀਂ ਗਣਤੰਤਰ ਦਿਵਸ ਵਿਸ਼ੇਸ਼ ਤੌਰ 'ਤੇ ਮਨਾਉਂਦੇ ਹਾਂ।
ਪੰਜਾਬ ਕਾਰਨ ਹੀ ਆਇਆ ਰਿਪਬਲਿਕ ਡੇ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੂਕਾ ਲਹਿਰ ਹੋਵੇ, ਅਕਾਲੀ ਲਹਿਰ ਹੋਵੇ, ਪਗੜੀ ਸੰਭਾਲ ਜੱਟਾ ਹੋਵੇ ਜਾਂ ਕਾਮਾਗਾਟਾ ਮਾਰੂ ਹੋਵੇ, ਇਹ ਸਾਰੀਆਂ ਲਹਿਰਾਂ ਪੰਜਾਬ ਵਿੱਚੋਂ ਚੱਲੀਆਂ ਹਨ। ਇਸੇ ਲਈ ਇਹ ਪੰਜਾਬ ਲਈ ਖਾਸ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ 26 ਜਨਵਰੀ ਅਤੇ 15 ਅਗਸਤ ਨੂੰ ਪੰਜਾਬ ਦੀਆਂ ਝਾਂਕੀਆਂ ਹਟਾ ਦਿੱਤੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਕੇਂਦਰ ਵਲੋਂ ਰੱਦ ਕੀਤੀਆਂ ਝਾਕੀਆਂ ਦਿਖਾਉਂਦਿਆਂ ਕਿਹਾ ਕਿ ਇਹ ਝਾਕੀਆਂ ਹਨ ਜੋ ਭੇਜੀਆਂ ਗਈਆਂ ਸਨ, ਦੱਸੋ ਇਸ 'ਚ ਕੀ ਗਲਤ ਲਿਖਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕੱਢ ਕੇ ਆਜ਼ਾਦੀ ਦਿਵਸ ਕਿਵੇਂ ਮਨਾ ਲਓਗੇ। ਸਾਡੇ ਸ਼ਹੀਦਾਂ ਦੀ ਸ਼ਹਾਦਤ ਘੱਟ ਨਹੀਂ ਹੋਣੀ। ਜੇ ਅਸੀਂ ਇਹ ਝਾਂਕੀਆਂ ਲਗਾਉਂਦੇ ਤਾਂ ਸਾਡੀ ਇੱਜ਼ਤ ਘੱਟ ਨਹੀਂ ਹੋਣੀ ਸੀ, ਸਗੋਂ ਤੁਹਾਡੀ ਇੱਜ਼ਤ ਵੱਧ ਜਾਣੀ ਸੀ।
ਸੰਸਦ 'ਚ ਮੁੱਦਾ ਚੁੱਕਣ ਨਾਲ ਸ਼ਹੀਦ ਨੂੰ ਮਿਲਿਆ ਸਨਮਾਨ:ਮੈਂ ਕੱਲ੍ਹ ਖੰਨਾ ਸ਼ਹੀਦ ਦੇ ਘਰ 1 ਕਰੋੜ ਰੁਪਏ ਦਾ ਚੈੱਕ ਲੈ ਕੇ ਗਿਆ ਸੀ। ਇਸ ਤੋਂ ਪਹਿਲਾਂ ਉਹ ਮੌੜ ਮੰਡੀ ਗਏ ਅਤੇ ਉੱਥੇ ਕੋਈ ਸਲਾਮੀ ਨਹੀਂ ਦਿੱਤੀ। ਉਹ ਕਹਿ ਰਹੇ ਸਨ ਕਿ ਫੌਜ ਦੇ ਜਵਾਨ ਅਗਨੀਵੀਰ ਨੂੰ ਸਲਾਮੀ ਨਹੀਂ ਦਿੰਦੇ। ਜਿਸ ਲਈ ਉਨ੍ਹਾਂ ਕੇਂਦਰ ਨੂੰ ਪੱਤਰ ਲਿਖਿਆ ਤੇ ਸੰਸਦ 'ਚ ਮੁੱਦਾ ਉਠਾਇਆ। ਇਸ ਉਪਰੰਤ ਖੰਨਾ ਦੇ ਸ਼ਹੀਦ ਨੂੰ ਸਨਮਾਨ ਦਿੱਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਛਾਤੀ 'ਤੇ ਗੋਲੀ ਖਾਣ ਵਾਲੇ ਨੂੰ ਉਹ 11 ਗੋਲੀਆਂ ਦੀ ਸਲਾਮੀ ਨਹੀਂ ਦੇ ਸਕਦੇ।
ਲੱਖਾਂ ਲੋਕਾਂ ਨੇ ਮੁਹੱਲਾ ਕਲੀਨਿਕ ਤੋਂ ਲਈ ਦਵਾਈ: ਪੰਜਾਬ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਗਏ। 97 ਲੱਖ ਲੋਕ ਮੁਹੱਲਾ ਕਲੀਨਿਕ ਤੋਂ ਦਵਾਈਆਂ ਲੈ ਕੇ ਘਰ ਚਲੇ ਗਏ ਹਨ। ਸਕੂਲ ਬਣ ਰਹੇ ਹਨ, ਸਕੂਲ ਆਫ ਐਮੀਨੈਂਸ ਖੋਲ੍ਹੇ ਜਾ ਰਹੇ ਹਨ। ਅਰਵਿੰਦ ਕੇਜਰੀਵਾਲ ਨੇ ਕੰਮ ਦੀ ਰਾਜਨੀਤੀ ਸ਼ੁਰੂ ਕੀਤੀ। ਸਫਲਤਾ ਮਿਲ ਰਹੀ ਹੈ। ਅਸੀਂ ਇਸਨੂੰ ਪੰਜਾਬ ਵਿੱਚ ਲਾਗੂ ਕੀਤਾ ਹੈ। ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਫੋਨ ਨੰਬਰ ਜਾਰੀ ਕੀਤੇ। ਮੈਂ ਇਹ ਨਹੀਂ ਕਹਿੰਦਾ ਕਿ ਇਹ ਖਤਮ ਹੋ ਗਿਆ ਹੈ, ਪਰ ਇਹ ਘੱਟ ਗਿਆ ਹੈ। ਲੁਧਿਆਣਾ ਉਦਯੋਗ ਦਾ ਧੁਰਾ ਹੈ।
ਕਰੋੜਾਂ ਦਾ ਸੂਬੇ 'ਚ ਹੋਇਆ ਨਿਵੇਸ਼:ਪੰਜਾਬ ਵਿੱਚ ਨੀਤੀਆਂ ਆਸਾਨ ਬਣਾਈਆਂ। ਪੰਜਾਬ ਵਿੱਚ 65 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ। ਇਸ ਨਾਲ 2.98 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਰੋਡ ਸੇਫਟੀ ਫੋਰਸ ਕੱਲ੍ਹ ਤੋਂ ਸ਼ੁਰੂ ਹੋ ਰਹੀ ਹੈ। ਸੜਕ ਹਾਦਸਿਆਂ ਵਿੱਚ ਪਰਿਵਾਰ ਆਪਣੀ ਜਾਨ ਗੁਆ ਬੈਠਦੇ ਹਨ। ਕਾਰ ਖੜ੍ਹੇ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਮੌਤ ਹੋ ਗਈ। ਜੇਕਰ ਅਸੀਂ ਅੱਧੇ ਵੀ ਕਾਮਯਾਬ ਹੋ ਗਏ ਤਾਂ 3000 ਪੰਜਾਬੀਆਂ ਦੀ ਜਾਨ ਬਚਾ ਲਵਾਂਗੇ।