ਸੀਐਮ ਮਾਨ ਆਪਣੀ ਧੀ ਨਿਆਮਤ ਤੇ ਪਰਿਵਾਰ ਸਣੇ ਪਹੁੰਚੇ ਗੁਰੂ ਨਗਰੀ ਅੰਮ੍ਰਿਤਸਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ ਦੋ ਦਿਨਾਂ ਤੋਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਲਈ ਮਾਝੇ ਵਿੱਚ ਪਹੁੰਚੇ ਹੋਏ ਹਨ ਤੇ ਕੱਲ੍ਹ ਉਨ੍ਹਾਂ ਵੱਲੋਂ ਅੰਮ੍ਰਿਤਸਰ ਵਿੱਚ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਵਿੱਚ ਵੀ ਚੋਣ ਪ੍ਰਚਾਰ ਕੀਤਾ ਗਿਆ। ਇਸ ਤੋਂ ਬਾਅਦ ਅੱਜ ਸਵੇਰੇ ਭਗਵੰਤ ਸਿੰਘ ਮਾਨ ਆਪਣੀ ਧਰਮ ਪਤਨੀ, ਭੈਣ ਤੇ ਆਪਣੀ ਧੀ ਨਿਆਮਤ ਕੌਰ ਨਾਲ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ।
ਨਿਆਮਤ ਨੂੰ ਲੈ ਕੇ ਪਹਿਲੀ ਵਾਰ ਨਿਕਲੇ ਬਾਹਰ: ਦੱਸ ਦਈਏ ਕਿ ਨਿਆਮਤ ਕੌਰ ਦੇ ਜਨਮ ਤੋਂ ਬਾਅਦ ਭਗਵੰਤ ਸਿੰਘ ਮਾਨ ਪਹਿਲੀ ਵਾਰੀ ਪਰਿਵਾਰ ਸਮੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਹਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਅੰਮ੍ਰਿਤਸਰ ਦੇ ਪਵਿੱਤਰ ਨਗਰੀ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਪੁੱਜੇ ਹਾਂ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਸਾਨੂੰ ਪ੍ਰਮਾਤਮਾ ਨੇ ਨਿਆਮਤ ਬਖਸ਼ੀ ਹੈ।
ਸੀਐਮ ਮਾਨ ਦੇ ਘਰ ਇੱਕ ਧੀ ਨੇ ਜਨਮ ਲਿਆ ਉਸ ਦਾ ਨਾਂ ਨਿਆਮਤ ਰੱਖਿਆ ਹੈ। ਉਸ ਬੱਚੀ ਦੀ ਤੰਦਰੁਸਤੀ ਤੇ ਪਰਿਵਾਰ ਅਤੇ ਪੂਰੇ ਪੰਜਾਬ ਦੀ ਤੰਦਰੁਸਤੀ ਲਈ ਅਸ਼ੀਰਵਾਦ ਲੈਣ ਲਈ ਪਹੁੰਚੇ ਹਾਂ। ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਹੈ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਘਰਾਂ ਵਿੱਚ ਸੁਖ ਸ਼ਾਂਤੀ ਬਣੀ ਰਹੇ, ਤੰਦਰੁਸਤੀ ਬਣੀ ਰਹੇ ਤੇ ਤਰੱਕੀਆਂ ਹੋਣ।
ਅੱਜ ਕਿੱਥੇ-ਕਿੱਥੇ ਹੋਵੇਗਾ ਰੋਡ ਸ਼ੋਅ: ਸੀਐਮ ਮਾਨ ਨੇ ਕਿਹਾ ਕਿ ਇਹ ਜਗ੍ਹਾ ਅਜਿਹੀ ਹੈ, ਜਿੱਥੇ ਆ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਗੁਰੂ ਘਰ ਵਿੱਚ ਕੀਰਤਨ ਸੁਣ ਕੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਉਹ ਮੀਡੀਆ ਦਾ ਧੰਨਵਾਦ ਵੀ ਕਰਦੇ ਹਨ ਕਿ ਅੱਜ ਬਹੁਤ ਸ਼ਾਂਤਮਈ ਤਰੀਕੇ ਨਾਲ ਉਨ੍ਹਾਂ ਨੇ ਸਾਰੀ ਕਵਰੇਜ ਕੀਤੀ। ਉਨ੍ਹਾਂ ਕਿਹਾ ਕਿ ਬੀਤੇ ਦਿਨ ਤੋਂ ਗੁਰਦਾਸਪੁਰ ਵਿੱਚ ਆਪਣੇ ਲੋਕ ਸਭਾ ਉਮੀਦਵਾਰ ਦਾ ਪ੍ਰਚਾਰ ਦੇ ਲਈ ਲੱਗਾ ਹੋਇਆ ਸੀ ਤੇ ਸ਼ਾਮ ਹਾਲ ਬਾਜ਼ਾਰ ਵਿੱਚ ਰੋਡ ਸ਼ੋਅ ਕੱਢਿਆ ਗਿਆ ਸੀ। ਅੱਜ ਮੈਂ ਪੱਟੀ ਉਸ ਤੋਂ ਬਾਅਦ ਜਲੰਧਰ ਤੇ ਉਸ ਤੋਂ ਬਾਅਦ ਮਾਲਵੇ ਹਲਕੇ ਵਿੱਚ ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਾਂਗਾ।
ਪੰਜਾਬ ਦੀ ਤਰੱਕੀ ਲਈ ਲੱਗੇ ਹੋਏ:ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪ੍ਰਮਾਤਮਾ ਸਭ ਨੂੰ ਮਿਹਰ ਬਖਸ਼ੇ, ਜੋ ਜਿੰਮੇਵਾਰੀ ਸਾਨੂੰ ਦਿੱਤੀ ਹੈ, ਉਸ ਨੂੰ ਨਿਭਾਉਣ ਦਾ ਬਲ ਬਖਸ਼ੇ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੀ ਤਰੱਕੀ ਲਈ ਲੱਗੇ ਹਾਂ, ਜੇਕਰ ਕੋਈ ਭੁੱਲ ਹੋ ਜਾਵੇ ਤਾਂ ਪ੍ਰਮਾਤਮਾ ਬਖ਼ਸ਼ੇ। ਜਲਦ ਹੀ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਜਿਸ ਲਈ ਸਾਨੂੰ ਲੋਕਾਂ ਦਾ ਸਾਥ ਮਿਲ ਰਿਹਾ ਹੈ। ਸੱਚੇ ਦਿਲੋਂ ਮਿਹਨਤ ਕਰ ਰਹੇ ਹਾਂ ਅਤੇ ਵੱਡੇ ਪੱਧਰ ਉੱਤੇ ਪੰਜਾਬ ਦਾ ਵਿਕਾਸ ਹੋ ਰਿਹਾ ਅਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਪੂਰਾ ਰੰਗਲਾ ਪੰਜਾਬ ਬਣ ਜਾਵੇਗਾ।
ਇਸ ਧਰਤੀ ਨੂੰ ਕਈ ਲੋਕ ਲੁੱਟਣ ਪੁੱਟਣ ਵੀ ਆਏ, ਪਰ ਉਹ ਆਪਣੇ ਮਨਸੂਬੇ ਵਿੱਚ ਕਾਮਯਾਬ ਨਹੀਂ ਹੋਏ। ਸੀਐਮ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਪੰਜਾਬ ਵਿੱਚ ਸੁੱਖ ਸ਼ਾਂਤੀ ਤੇ ਭਾਈਚਾਰਕ ਸਾਂਝ ਬਣੀ ਰਹੇ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਧੀ ਦੇਵੇ ਜਾਂ ਪੁੱਤਰ, ਪਰ ਤੰਦਰੁਸਤ ਹੋਵੇ।