ਚੰਡੀਗੜ੍ਹ: ਬਿਤੇ ਲੰਮੇ ਸਮੇਂ ਤੋਂ ਪੰਥਕ ਅਹੁਦੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈਕੇ ਚੱਲ ਰਹੇ ਵਿਵਾਦ ਅਤੇ ਐੱਸਜੀਪੀਸੀ ਮੈਂਬਰਾਂ ਦੀ ਭਰਤੀ ਨੂੰ ਲੈਕੇ ਚੱਲ ਰਹੀਆਂ ਚਰਚਾਵਾਂ ਵਿਚਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਲਗਾਤਾਰ ਚੌਥੀ ਵਾਰ ਇਹ ਅਹੁਦੇ ਉੱਤੇ ਸੇਵਾ ਕਰ ਰਹੇ ਸਨ। ਪ੍ਰਧਾਨ ਧਾਮੀ ਨੇ ਦੱਸਿਆ ਕਿ "ਅੱਜ ਉਨ੍ਹਾਂ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਨੂੰ ਅਪੀਲ ਕੀਤੀ ਹੈ ਕਿ ਅਕਾਲੀ ਦਲ ਦੀ ਭਰਤੀ ਕਰਵਾਉਣ ਲਈ ਬਣਾਈ ਗਈ 7 ਮੈਂਬਰੀ ਕਮੇਟੀ ਦੇ ਮੁਖੀ ਦੇ ਅਹੁਦੇ ਤੋਂ ਉਨ੍ਹਾਂ ਨੂੰ ਫਾਰਗ ਕੀਤਾ ਜਾਵੇ। ਉਨ੍ਹਾਂ ਨੇ ਅਸਤੀਫੇ ਪਿਛੇ ਤਰਕ ਦਿੰਦੇ ਹੋਏ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਲਾਂਭੇ ਕਰਨ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਨੇ ਜੋ ਟਿੱਪਣੀ ਕੀਤੀ ਹੈ ਇਸ ਕਾਰਨ ਮੈਂ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਇਹ ਫੈਸਲਾ ਲਿਆ ਹੈ।"
''ਅਕਾਲੀ ਦਲ ਨੇ ਮੈਨੂੰ ਬਹੁਤ ਵੱਡਾ ਸਨਮਾਨ ਦਿੱਤਾ ਹੈ, ਮੈਨੂੰ ਟੌਹੜਾ ਜੀ ਨਾਲ ਕੰਮ ਕਰਨ ਦਾ ਮੌਕਾ ਦਿੱਤਾ ਹੈ। ਮੈਨੂੰ ਲਗਾਤਾਰ ਚਾਰ ਸਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਨਾਲ ਨਿਵਾਜਿਆ ਗਿਆ। ਮੈਂ ਅਕਾਲੀ ਦਲ ਦੇ ਆਗੂਆਂ ਅਤੇ ਅਧਿਕਾਰੀਆਂ ਦਾ ਧੰਨਵਾਦ ਕਰਦਾ ਹਾਂ। ਜੇ ਮੇਰੇ ਤੋਂ ਕੋਈ ਗਲਤੀ ਹੋਈ ਹੈ ਤਾਂ ਮੈਂ ਸਾਰਿਆਂ ਤੋਂ ਮੁਆਫੀ ਮੰਗਦਾ ਹਾਂ।'' - ਹਰਜਿੰਦਰ ਸਿੰਘ ਧਾਮੀ
ਹਾਲ ਹੀ 'ਚ ਬਣੇ ਸਨ ਚੌਥੀ ਵਾਰ ਪ੍ਰਧਾਨ
ਹਰਜਿੰਦਰ ਸਿੰਘ ਧਾਮੀ ਸਾਲ 2024 ਦੇ ਅਕਤੂਬਰ ਮਹੀਨੇ 'ਚ ਚੌਥੀ ਵਾਰ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਪ੍ਰਧਾਨ ਚੁਣੇ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਐੱਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ 107 ਵੋਟਾਂ ਤੋਂ ਮਾਤ ਦਿੱਤੀ ਸੀ।
ਹਰਜਿੰਦਰ ਸਿੰਘ ਧਾਮੀ ਦਾ ਨਿੱਜੀ ਜੀਵਨ
ਹਰਜਿੰਦਰ ਸਿੰਘ ਧਾਮੀ ਬੇਹੱਦ ਸਾਦਾ ਜੀਵਨ ਜਿਉਣ ਵਾਲੀ ਸ਼ਖ਼ਸੀਅਤ ਵੱਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦਾ ਜਨਮ 28 ਅਗਸਤ 1956 'ਚ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪਿੱਪਲਾਂ ਵਾਲਾ, ਦੋਆਬਾ ਖੇਤਰ 'ਚ ਹੋਇਆ। ਉਹ ਬੀਏ, ਐੱਲਐੱਲਬੀ ਪਾਸ ਕਰਨ ਤੋਂ ਬਾਅਦ ਚਾਰ ਦਹਾਕਿਆਂ ਤੋਂ ਵਕਾਲਤ ਦੇ ਪੇਸ਼ੇ ਨਾਲ ਜੁੜੇ ਹੋਏ ਹਨ ਅਤੇ ਨਾਲ ਹੀ ਲੰਮੇ ਅਰਸੇ ਤੋਂ ਸਿੱਖ ਸੰਸਥਾ ਨਾਲ ਜੁੜੇ ਹੋਏ ਹਨ। ਉਹ 1996 ਵਿੱਚ ਸ਼ਾਮਚੁਰਾਸੀ ਹਲਕੇ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਬਣੇ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਮੈਂਬਰ ਬਣਦੇ ਆ ਰਹੇ ਹਨ।
ਇਸ ਦੇ ਨਾਲ ਹੀ ਧਾਮੀ ਧਰਮ ਪ੍ਰਚਾਰ ਦੇ ਮੈਂਬਰ ਵੀ ਰਹੇ ਅਤੇ ਅੰਤ੍ਰਿੰਗ ਕਮੇਟੀ ਦੇ ਮੈਂਬਰ ਵੀ ਬਣੇ। ਐਡਵੋਕੇਟ ਧਾਮੀ 2019 ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਚੁਣੇ ਗਏ, ਉਨ੍ਹਾਂ ਨੇ ਬੀਬੀ ਜਗੀਰ ਕੌਰ (ਉਸ ਸਮੇਂ ਅਕਾਲੀ ਉਮੀਦਵਾਰ) ਦੀ ਥਾਂ ਲਈ ਅਤੇ ਸਿੱਖ ਸੰਸਥਾ ਦੇ 44ਵੇਂ ਪ੍ਰਧਾਨ ਵਜੋਂ ਕਾਰਜਕਾਲ ਗੈਰ-ਵਿਵਾਦ ਰਹਿਤ ਰਿਹਾ। ਜਿਸ ਮਗਰੋਂ 2020 ਵਿੱਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੇ ਪ੍ਰਬੰਧਕੀ ਅਹੁਦੇ ’ਤੇ ਸੇਵਾ ਨਿਭਾਈ। ਉਸ ਮਗਰੋਂ ਨਵੰਬਰ 2021 ਵਿੱਚ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਅਤੇ ਹੁਣ ਇਸ ਅਹੁਦੇ ਉੱਤੇ ਲਗਾਤਾਰ ਚੌਥੀ ਵਾਰ ਚੁਣੇ ਗਏ ਸਨ। ਧਾਮੀ ਸਿੱਖ ਸਰੋਕਾਰਾਂ ਦੀ ਡੂੰਘੀ ਪਕੜ ਰੱਖਦੇ ਹਨ। ਉਨ੍ਹਾਂ ਨੂੰ ਅਕਸਰ ਹੀ ਸਿੱਖ ਸੰਘਰਸ਼ ਦੇ ਯੋਧਿਆਂ ਦੇ ਮਾਮਲਿਆਂ ਦੀ ਪੈਰਵੀ ਵੀ ਕਰਦੇ ਦੇਖਿਆ ਗਿਆ ਹੈ।
ਪੰਜਾਬ ਅਤੇ ਪੰਜਾਬੀਅਤ ਲਈ ਕੀਤੀ ਅਵਾਜ਼ ਬੁਲੰਦ
ਹਰਜਿੰਦਰ ਸਿੰਘ ਧਾਮੀ ਅਕਸਰ ਹੀ ਸਿੱਖ ਪੰਥ ਨਾਲ ਜੁੜੇ ਮਸਲਿਆਂ ਨੂੰ ਪਹਿਲ ਦੇ ਅਧਾਰ 'ਤੇ ਚੁੱਕਦੇ ਆਏ ਹਨ। ਉਨ੍ਹ ਵੱਲੋਂ ਵਿਦੇਸ਼ਾਂ ਵਿੱਚ ਸਿੱਖ ਭਾਈਚਾਰੇ ਨੂੰ ਪੇਸ਼ ਆਉਂਦੀਆਂ ਦਿੱਕਤਾਂ ਤੋਂ ਲੈ ਕੇ, ਹਰ ਉਸ ਮਸਲੇ ਨੂੰ ਪਹਿਲ ਦੇ ਅਧਾਰ 'ਤੇ ਮੁੱਖ ਰੱਖ ਕੇ ਬੋਲਿਆ ਜਾਂਦਾ ਹੈ ਜੋ ਸਿੱਖ ਕੌਮ ਦੇ ਅਧੀਨ ਹੋਣ। ਇਸ ਦੇ ਨਾਲ ਹੀ ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਨਾਲ ਜੁੜਿਆ ਕੋਈ ਵੀ ਮਸਲਾ ਹੋਵੇ ਉਹ ਗੱਲ ਜ਼ਰੂਰ ਕਰਦੇ ਰਹੇ ਹਨ।ਹਾਲ ਹੀ 'ਚ ਅਮਰੀਕਾ ਵੱਲੋਂ ਡਿਪੋਰਟ ਕੀਤੇ ਪੰਜਾਬੀਆਂ ਦੇ ਮਸਲੇ ਉੱਤੇ ਵੀ ਧਾਮੀ ਖੁੱਲ੍ਹਕੇ ਆਪਣੇ ਵਿਚਾਰ ਰੱਖਦੇ ਨਜ਼ਰ ਆਏ ਅਤੇ ਡਿਪੋਰਟ ਕੀਤੇ ਨੌਜਵਾਨਾਂ 'ਚ ਸ਼ਾਮਿਲ ਦਸਤਾਰਧਾਰੀ ਸਿੱਖਾਂ ਦੀਆਂ ਪੱਗਾਂ ਉਤਰਵਾਏ ਜਾਣ 'ਤੇ ਵੀ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਟਰੰਪ ਸਰਕਾਰ ਵੱਲੋਂ ਸਿੱਖ ਨੌਜਵਾਨਾਂ ਦੀਆਂ ਪੱਗਾਂ ਅਤੇ ਕੱਕਾਰ ਲਹਾਉਣਾ ਸਿੱਖ ਭਾਵਨਾਵਾਂ ਨੂੰ ਆਹਤ ਕਰਨਾ ਹੈ। ਇਸ ਸਬੰਧੀ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਕਿ ਇਸ ਮੁੱਦੇ ਨੂੰ ਚੁੱਕਿਆ ਜਾਵੇ।।
ਇਹ ਨੇ ਪ੍ਰਾਪਤੀਆਂ
- -ਗੁਰਦੁਆਰਾ ਪ੍ਰਬੰਧ: ਇਤਿਹਾਸਕ ਗੁਰਦੁਆਰਿਆਂ ਦੇ ਨਵੀਨੀਕਰਨ, ਰੱਖ-ਰਖਾਅ ਅਤੇ ਵਿਸਥਾਰ ਦੀ ਨਿਗਰਾਨੀ ਕਰਨਾ।
- - ਸਿੱਖ ਸਿੱਖਿਆ: ਸਿੱਖ ਵਿਦਿਅਕ ਸੰਸਥਾਵਾਂ ਅਤੇ ਵਜ਼ੀਫ਼ਿਆਂ ਨੂੰ ਉਤਸ਼ਾਹਿਤ ਕੀਤਾ।
- - ਭਾਈਚਾਰਕ ਸੇਵਾ: ਸਹਿਯੋਗੀ ਲੰਗਰ (ਕਮਿਊਨਿਟੀ ਰਸੋਈ) ਸੇਵਾਵਾਂ ਅਤੇ ਆਫ਼ਤ ਰਾਹਤ ਯਤਨ।
- - ਅੰਤਰ-ਧਰਮ ਸੰਵਾਦ: ਅੰਤਰ-ਧਰਮ ਵਿਚਾਰ-ਵਟਾਂਦਰੇ ਦੁਆਰਾ ਸਦਭਾਵਨਾ ਨੂੰ ਉਤਸ਼ਾਹਿਤ ਕੀਤਾ ਗਿਆ।
ਵਿਵਾਦਾਂ ਨਾਲ ਹੋਇਆ ਕਈ ਵਾਰ ਸਾਹਮਣਾ
ਅਕਾਲੀਆਂ ਦੀ ਬੋਲੀ ਬੋਲਣ ਦਾ ਵਿਵਾਦ: ਪੰਜਾਬ ਅਤੇ ਸਿੱਖੀ ਨਾਲ ਜੁੜੇ ਮਸਲਿਆਂ 'ਤੇ ਬੋਲਣ ਵਾਲੇ ਐਡਵੋਕੇਟ ਧਾਮੀ ਕਈ ਵਾਰ ਵਿਵਾਦਾਂ ਦਾ ਵੀ ਸਾਹਮਣਾ ਕਰ ਚੁੱਕੇ ਹਨ। ਇਹਨਾਂ ਵਿੱਚ ਅਕਸਰ ਹੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਸਬੰਧਾਂ ਲਈ ਆਲੋਚਨਾ ਸਹਿਣੀ ਪਈ ਹੈ। ਅਕਸਰ ਹੀ ਕਿਹਾ ਗਿਆ ਹੈ ਕਿ ਧਾਮੀ ਅਕਾਲੀਆਂ ਦੀ ਬੋਲੀ ਬੋਲਦੇ ਹਨ।
ਗੁਰਦੁਆਰਾ ਰਾਜਨੀਤੀ: ਸ਼੍ਰੋਮਣੀ ਕਮੇਟੀ ਦੇ ਅੰਦਰ ਵਿਰੋਧੀ ਧੜਿਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਪ੍ਰਬੰਧਨ ਆਲੋਚਨਾਵਾਂ: ਧਾਮੀ ਉਤੇ ਕਈ ਵਾਰ ਵਿਰੋਧੀਆਂ ਵੱਲੋਂ ਗੁਰਦੁਆਰਾ ਪ੍ਰਬੰਧ ਦੀ ਪਾਰਦਰਸ਼ਤਾ ਬਾਰੇ ਸਵਾਲ ਵੀ ਸਵਾਲ ਕੀਤੇ ਗਏ ਹਨ ਅਤੇ ਕਿਹਾ ਗਿਆ ਹੈ ਕਿ ਧਾਮੀ ਆਪਣੇ ਅਹੁਦੇ ਨਾਲ ਇਨਸਾਫ ਨਹੀਂ ਕਰ ਸਕੇ।
ਮੁੱਖ ਮੰਤਰੀ ਮਾਨ ਨਾਲ ਰਿਹਾ ਵਿਵਾਦ: ਜ਼ਿਕਰਯੋਗ ਹੈ ਕਿ ਬੀਤੇ ਸਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖ ਗੁਰਦੁਆਰਾ ਐਕਟ ਵਿੱਚ ਇੱਕ ਧਾਰਾ ਜੋੜ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹੋਣ ਵਾਲਾ ਗੁਰਬਾਣੀ ਦਾ ਪ੍ਰਸਾਰਣ ਮੁਫ਼ਤ ਕਰਨ ਦੀ ਗੱਲ ਆਖੀ ਸੀ। ਜਿਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਵਿਰੋਧ ਕੀਤਾ ਹੈ ਅਤੇ ਹੁਣ ਮੁੱਖ ਮੰਤਰੀ ਭੰਗਵੰਤ ਮਾਨ ਨੇ ਉਨ੍ਹਾਂ ਦੀਆਂ ਗੱਲਾਂ ਦੇ ਜਵਾਬ ਦਿੱਤੇ। ਇਹ ਵਿਵਾਦ ਕਈ ਦਿਨ ਤੱਕ ਚਲਿਆ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਧਾਮੀ ਨੂੰ ਬਾਦਲਾਂ ਦਾ ਤੋਤਾ ਤੱਕ ਕਹਿ ਦਿੱਤਾ। ਜਿਸ ਨੂੰ ਲੈ ਕੇ ਸਖਤੀ ਨਾਲ ਧਾਮੀ ਨੇ ਕਿਹਾ ਕਿ ਸਰਕਾਰ ਨੂੰ ਧਾਰਮਿਕ ਮਾਮਲਿਆਂ ਨੂੰ ਸਿਆਸੀ ਰੂਪ ਨਹੀਂ ਦੇਣਾ ਚਾਹੀਦਾ ਅਤੇ ਮਰਿਆਦਾ ਵਿੱਚ ਰਹਿ ਕੇ ਹੀ ਬੋਲਿਆ ਜਾਵੇ।
ਸਿੱਖ ਗੁਰਦੁਆਰਾ ਐਕਟ, 1925 ਦੇ ਅਨੁਸਾਰ, ਸ਼੍ਰੋਮਣੀ ਕਮੇਟੀ ਦੀ ਸੰਸਥਾ ਨੂੰ ਹਰ ਸਾਲ ਇਸ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ 11 ਮੈਂਬਰੀ ਕਾਰਜਕਾਰਨੀ ਦੀ ਚੋਣ ਕਰਕੇ ਨਵਾਂ ਰੂਪ ਦਿੱਤਾ ਜਾਣਾ ਚਾਹੀਦਾ ਹੈ। ਸੰਸਥਾ ਦੀ ਚੋਣ ਜਨਰਲ ਹਾਊਸ ਦੌਰਾਨ ਜਾਂ ਜੇਕਰ ਲੋੜ ਹੋਵੇ ਤਾਂ ਵੋਟਿੰਗ ਰਾਹੀਂ ਕੀਤੀ ਜਾਂਦੀ ਹੈ।